ਲੰਡਨ : ਪੂਰਬੀ ਲੰਡਨ ਵਿਚ ਸਿੱਖ ਭਾਈਚਾਰੇ ਦੇ ਦੋ ਧੜਿਆਂ ਵਿਚ ਲੰਘੇ ਐਤਵਾਰ ਨੂੰ ਲੈਣ-ਦੇਣ ਨੂੰ ਲੈ ਕੇ ਲੜਾਈ ਹੋ ਗਈ। ਇਸ ਦੌਰਾਨ ਤਿੰਨ ਸਿੱਖ ਨੌਜਵਾਨਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਮਰਨ ਵਾਲਿਆਂ ਵਿਚ ਪੰਜਾਬ ਦੇ ਪਟਿਆਲਾ ਦਾ ਹਰਿੰਦਰ ਕੁਮਾਰ, ਸੁਲਤਾਨਪੁਰ ਲੋਧੀ ਦਾ ਬਲਜੀਤ ਸਿੰਘ ਅਤੇ ਹੁਸ਼ਿਆਰਪੁਰ ਦਾ ਨਰਿੰਦਰ ਸਿੰਘ ਸ਼ਾਮਲ ਹੈ। ਤਿੰਨੋਂ ਨੌਜਵਾਨ ਕੰਸਟਰੱਸ਼ਨ ਦਾ ਕੰਮ ਕਰਦੇ ਸਨ। ਸਕਾਟਲੈਂਡ ਪੁਲਿਸ ਨੇ ਦੱਸਿਆ ਕਿ ਖੂਨ ਨਾਲ ਲੱਥਪੱਥ ਨੌਜਵਾਨ ਸੇਵਨ ਕਿੰਗਜ ਏਰੀਆ ਦੇ ਰੈਡਫਰੋਡ ਵਿਚੋਂ ਮਿਲੇ ਸਨ। ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ ਦੋ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਚੀਫ ਸੁਪਰਡੈਂਟ ਸਟੀਫਨ ਨੇ ਦੱਸਿਆ ਕਿ ਨੌਜਵਾਨਾਂ ਨੇ ਕੰਸਟਰੱਸ਼ਨ ਦਾ ਕੰਮ ਕੀਤਾ ਸੀ। ਪੈਸੇ ਮੰਗਣ ‘ਤੇ ਦੂਜੇ ਧੜੇ ਨਾਲ ਵਿਵਾਦ ਹੋ ਗਿਆ, ਜੋ ਖੂਨੀ ਸੰਘਰਸ਼ ਵਿਚ ਬਦਲ ਗਿਆ। ਆਰੋਪੀਆਂ ਨੇ ਤਿੰਨਾਂ ਨੌਜਵਾਨਾਂ ‘ਤੇ ਚਾਕੂਆਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਹਰਿੰਦਰ ਨੂੰ ਘਰ ਵੇਚ ਕੇ ਭੇਜਿਆ ਸੀ ਲੰਡਨ : ਪਟਿਆਲਾ ਦੀ ਨਿਊ ਗਰੀਨ ਪਾਰਕ ਕਾਲੋਨੀ ਦੇ ਹਰਿੰਦਰ ਕੁਮਾਰ ਦੇ ਪਿਤਾ ਲਵਿੰਦਰ ਨੇ ਦੱਸਿਆ ਕਿ 2011 ਵਿਚ ਇਕਲੌਤੇ ਪੁੱਤਰ ਹਰਿੰਦਰ ਨੂੰ ਮਕਾਨ ਵੇਚ ਕੇ ਪੜ੍ਹਾਈ ਲਈ ਲੰਡਨ ਭੇਜਿਆ ਸੀ। ਉਸਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ। ਹਰਿੰਦਰ ਦੀ ਸ਼ਨਾਖਤ ਲਈ ਪਰਿਵਾਰ ਦਾ ਕੋਈ ਵੀ ਮੈਂਬਰ ਲੰਡਨ ਜਾਣਾ ਚਾਹੁੰਦਾ ਹੈ, ਪਰ ਪਰਿਵਾਰ ਏਨਾ ਖਰਚ ਕਰਨ ਤੋਂ ਅਸਮਰਥ ਹੈ।
ਉਥੇ, ਦੂਜੇ ਪਾਸੇ ਸੁਲਤਾਨਪੁਰ ਲੋਧੀ ਦੇ ਬਲਜੀਤ ਦੀ ਮਾਂ ਭਜਨ ਕੌਰ ਨੇ ਦੱਸਿਆ ਕਿ 16 ਸਾਲ ਪਹਿਲਾਂ ਲੰਡਨ ਗਿਆ ਬਲਜੀਤ, ਉਥੇ ਪੱਕਾ ਨਾ ਹੋਣ ਕਰਕੇ ਵਾਪਸ ਨਹੀਂ ਆ ਸਕਿਆ। ਉਹ ਹੁਣ ਵਾਪਸ ਪਰਤ ਕੇ ਘਰ ਬਣਾਉਣ ਦੀ ਗੱਲ ਕਰ ਰਿਹਾ ਸੀ।
ਨਰਿੰਦਰ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ : ਹੁਸ਼ਿਆਰਪੁਰ ਦੇ ਪਿੰਡ ਆਦਮਵਾਲ ਦਾ ਨਰਿੰਦਰ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ। ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ 2011 ਵਿਚ ਨਰਿੰਦਰ ਸਟੱਡੀ ਵੀਜ਼ਾ ‘ਤੇ ਗਿਆ ਸੀ ਅਤੇ ਇਸੇ ਸਾਲ 2020 ਵਿਚ ਵਾਪਸ ਪਰਤਣ ਵਾਲਾ ਸੀ। ਮ੍ਰਿਤਕ ਤਿੰਨਾਂ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਪੰਜਾਬ ਸਰਕਾਰ ਕੋਲੋਂ ਮੱਦਦ ਦੀ ਅਪੀਲ ਕੀਤੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …