Breaking News
Home / ਹਫ਼ਤਾਵਾਰੀ ਫੇਰੀ / ਮਿਸ਼ਨ 2022 : ਪੰਜਾਬ ਦੀਆਂ ਸਮੂਹ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਕੀਤੀਆਂ ਤੇਜ਼

ਮਿਸ਼ਨ 2022 : ਪੰਜਾਬ ਦੀਆਂ ਸਮੂਹ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਕੀਤੀਆਂ ਤੇਜ਼

‘ਐਮ ਐਲ ਏ ਬਣਨ ਦੇ ਚਾਹਵਾਨ ਪ੍ਰਸ਼ਾਂਤ ਕਿਸ਼ੋਰ ਸਾਹਮਣੇ ਹਾਜ਼ਰ ਹੋਣ’
ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸੀ ਵਿਧਾਇਕਾਂ ਨਾਲ ਬੈਠਕਾਂ ਦਾ ਦੌਰ ਕੀਤਾ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼ : ਇਕ ਪਾਸੇ ਕਿਸਾਨ ਅੰਦੋਲਨ ਸਿਖਰਾਂ ‘ਤੇ ਹੈ ਦੂਜੇ ਪਾਸੇ ਪੰਜਾਬ ਦੇ ਸਮੂਹ ਸਿਆਸੀ ਦਲਾਂ ਨੇ ਮਿਸ਼ਨ 2022 ਲਈ ਆਪੋ-ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਚਲਦਿਆਂ ਰਣਨੀਤੀ ਘਾੜ ਤੇ ਕੈਪਟਨ ਅਮਰਿੰਦਰ ਦੇ ਸਲਾਹਕਾਰ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸੀ ਵਿਧਾਇਕਾਂ ਨਾਲ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਬੇਸ਼ੱਕ ਕਿਹਾ ਇਹ ਜਾ ਰਿਹਾ ਹੈ ਕਿ ਕਾਂਗਰਸ ਸਰਕਾਰ ਦੀ ਕਾਰਗੁਜਾਰੀ, ਵਿਧਾਇਕਾਂ ਦੇ ਹਲਕਿਆਂ ਵਿਚ ਹੋਏ ਕੰਮ ਅਤੇ ਮੌਜੂਦਾ ਸਥਿਤੀ ਨੂੰ ਸਮਝਣ ਲਈ ਪ੍ਰਸ਼ਾਂਤ ਕਿਸ਼ੋਰ ਨੇ ਮੌਜੂਦਾ ਕਾਂਗਰਸੀ ਵਿਧਾਇਕਾਂ ਨਾਲ ਬੈਠਕ ਕੀਤੀ ਹੈ ਪਰ ਚਰਚਾ ਇਹ ਛਿੜ ਗਈ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੀ ਕਚਹਿਰੀ ਵਿਚ ਹਾਜ਼ਰ ਹੋਣ ਵਾਲੇ ਵਿਧਾਇਕਾਂ ਵਿਚੋਂ ਕਿਸ ਨੂੰ ਟਿਕਟ ਮਿਲੇਗੀ, ਕਿਸ ਨੂੰ ਨਹੀਂ, ਇਸ ਦੀ ਰਿਪੋਰਟ ਪ੍ਰਸ਼ਾਂਤ ਕਿਸ਼ੋਰ ਤਿਆਰ ਕਰਕੇ ਅਮਰਿੰਦਰ ਸਿੰਘ ਨੂੰ ਸੌਂਪਣਗੇ ਕਿ ਕਿਹੜੇ ਕਿਹੜੇ ਆਗੂ ਮੁੜ ਵਿਧਾਇਕ ਬਣ ਸਕਦੇ ਹਨ। ਇਸ ਲਈ ਸਾਰੇ ਵਿਧਾਇਕ ਮੁੜ ਟਿਕਟ ਲੈਣ ਦੀ ਉਮੀਦ ਨਾਲ ਪੂਰੀ ਤਿਆਰੀ ਕਰਕੇ ਪ੍ਰਸ਼ਾਂਤ ਕਿਸ਼ੋਰ ਦੀ ਕਚਹਿਰੀ ਵਿਚ ਪੇਸ਼ ਹੋ ਰਹੇ ਹਨ ਤਾਂ ਕਿ ਉਸ ਦੀ ਸਹੀ ਪੁਆ ਕੇ ਅਮਰਿੰਦਰ ਸਿੰਘ ਦੇ ਖੇਮੇ ‘ਚੋਂ ਮੁੜ ਕਾਂਗਰਸੀ ਟਿਕਟ ਹਾਸਲ ਕਰ ਸਕਣ।
ਮਿਸ਼ਨ 2022 ਦੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੁਣਾਵੀਂ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ 31 ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਮਨ ਦੀ ਗੱਲ ਸੁਣੀ। ਇਹ ਉਹ ਸਾਰੇ ਵਿਧਾਇਕ ਹਨ, ਜਿਹੜੇ ਪਹਿਲੀ ਵਾਰ ਵਿਧਾਇਕ ਬਣੇ ਹਨ। ਪ੍ਰਸ਼ਾਂਤ ਨੇ ਪੁੱਛਿਆ, ਕੈਪਟਨ ਸਰਕਾਰ ਦੇ 4 ਸਾਲ ਦੇ ਕੰਮ ਤੋਂ ਕਿੰਨੇ ਸੰਤੁਸ਼ਟ ਹਨ? ਲੋਕਾਂ ਦੀ ਸਰਕਾਰ ਦੇ ਬਾਰੇ ਰਾਏ ਕੀ ਹੈ?ਸਰਕਾਰ ਕਿਹੜੇ ਕੰਮ ਵਿਚ ਪਿੱਛੇ ਰਹਿ ਗਈ?ਦੁਬਾਰਾ ਚੋਣ ਲੜਨ ਦਾ ਮੌਕਾ ਮਿਲਣ ‘ਤੇ ਤੁਹਾਡੇ ਮੁੱਦੇ ਕੀ ਹੋਣਗੇ?
ਸਰਕਾਰ ਦੀਆਂ ਖਾਮੀਆਂ ਦਾ ਪਤਾ ਲਗਾ ਕੇ ਸਮਾਂ ਰਹਿੰਦੇ ਸੁਧਾਰ ਲਈ ਪ੍ਰਸ਼ਾਂਤ ਨੇ 37 ਨਵੇਂ ਵਿਧਾਇਕਾਂ ਨੂੰ ਬੁਲਾਇਆ ਸੀ। ਜਿਨ੍ਹਾਂ ਵਿਚੋਂ 31 ਸੀਐਮ ਦੇ ਸਿਸਵਾਂ ਨਿਵਾਸ ਪਹੁੰਚੇ। ਸਭ ਤੋਂ ਪਹਿਲਾਂ ਪ੍ਰਸ਼ਾਂਤ ਨੇ ਸਾਰਿਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ 3-3 ਅਤੇ ਫਿਰ ਕੁਝ ਵਿਧਾਇਕਾਂ ਨਾਲ ਵਨ-ਟੂ-ਵਨ ਮੀਟਿੰਗ ਕਰਕੇ ਖਾਮੀਆਂ ਅਤੇ ਤਾਕਤ ਦਾ ਮੁਲਾਂਕਣ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਪ੍ਰਸ਼ਾਂਤ ਕਿਸ਼ੋਰ ਨੇ ਉਹਨਾਂ ਕੋਲੋਂ ਜ਼ਮੀਨੀ ਪੱਧਰ ਦੀ ਰਿਪੋਰਟ ਮੰਗੀ।
ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਵਿਧਾਇਕਾਂ ਨੇ ਕਾਂਗਰਸ ਪਾਰਟੀ ਵੱਲੋਂ ਕੀਤੇ ਚੋਣ ਵਾਅਦਿਆਂ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਬੈਠਕ ਵਿੱਚ ਇਹ ਵੀ ਵਿਚਾਰ ਚਰਚਾ ਕੀਤੀ ਗਈ ਕਿ ਅਗਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਕਿਵੇਂ ਜਿੱਤ ਹਾਸਲ ਕਰੇਗੀ, ਇਸ ਸਬੰਧੀ ਰਣਨੀਤੀ ਵੀ ਤਿਆਰ ਕੀਤੀ ਗਈ। ਧਿਆਨ ਰਹੇ 2022 ਵਿਚ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਨੂੰ ਲੈ ਕੇ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਆਮ ਆਦਮੀ ਪਾਰਟੀ ਨੇ ਮੋਗਾ ਦੇ ਬਾਘਾਪੁਰਾਣਾ ਵਿਚ ਵੱਡੀ ਰੈਲੀ ਕਰਕੇ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਖੇਮਕਰਨ ਹਲਕੇ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਵੀ ਐਲਾਨ ਦਿੱਤਾ ਹੈ ਅਤੇ ਸੁਖਬੀਰ ਬਾਦਲ ਖੁਦ ਜਲਾਲਾਬਾਦ ਤੋਂ ਚੋਣ ਲੜਨ ਦੀ ਗੱਲ ਕਰ ਚੁੱਕੇ ਹਨ।
ਗੈਰਹਾਜ਼ਰ ਰਹੇ 6 ਵਿਧਾਇਕ : ਮੀਟਿੰਗ ਜੋ ਵਿਧਾਇਕ ਕਿਸੇ ਨਾ ਕਿਸੇ ਕਾਰਨ ਨਹੀਂ ਪਹੁੰਚ ਸਕੇ, ਉਨ੍ਹਾਂ ਵਿਚ ਸੁਸ਼ੀਲ ਕੁਮਾਰ ਰਿੰਕੂ, ਹਰਦੇਵ ਸਿੰਘ ਲਾਡੀ, ਤਰਸੇਮ ਸਿੰਘ ਡੀਸੀ, ਸੁਖਪਾਲ ਸਿੰਘ ਭੁੱਲਰ, ਚੌਧਰੀ ਸੁਰਿੰਦਰ ਸਿੰਘ ਅਤੇ ਦਰਸ਼ਨ ਸਿੰਘ ਸ਼ਾਮਲ ਹਨ।

ਹੁਣ ਦੋ ਜਾਂ ਜ਼ਿਆਦਾ ਵਾਰ ਜਿੱਤੇ ਵਿਧਾਇਕਾਂ ਨਾਲ ਹੋਵੇਗੀ ਮੀਟਿੰਗ
ਪ੍ਰਸ਼ਾਂਤ ਕਿਸ਼ੋਰ ਹੁਣ ਅਗਾਮੀ ਬੈਠਕ ਉਨ੍ਹਾਂ ਵਿਧਾਇਕਾਂ ਨਾਲ ਕਰਨਗੇ, ਜੋ ਦੋ ਜਾਂ ਇਸ ਤੋਂ ਜ਼ਿਆਦਾ ਵਾਰ ਵਿਧਾਨ ਸਭਾ ਚੋਣਾਂ ਜਿੱਤੇ ਹਨ। ਇਸ ‘ਚ ਸੀਨੀਅਰ ਵਿਧਾਇਕਾਂ ਨਾਲ ਵੱਖਰੇ ਤੌਰ ‘ਤੇ ਮੀਟਿੰਗ ਕਰਨਗੇ ਜੋ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੀ ਅਗਵਾਈ ਕਰਦੇ ਹੋਏ ਵਿਧਾਇਕ ਬਣਦੇ ਆ ਰਹੇ ਹਨ। ਇਨ੍ਹਾਂ ਵਿਧਾਇਕਾਂ ਦੀ ਵਿਧਾਨ ਸਭਾ ਚੋਣਾਂ ‘ਚ ਅਹਿਮ ਭੂਮਿਕਾ ਰਹੇਗੀ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …