Breaking News
Home / ਹਫ਼ਤਾਵਾਰੀ ਫੇਰੀ / ਟਰੰਪ ਵੱਲੋਂ ਬ੍ਰਿਕਸ ਮੁਲਕਾਂ ‘ਤੇ ਸੌ ਫੀਸਦੀ ਟੈਕਸ ਲਾਉਣ ਦੀ ਧਮਕੀ

ਟਰੰਪ ਵੱਲੋਂ ਬ੍ਰਿਕਸ ਮੁਲਕਾਂ ‘ਤੇ ਸੌ ਫੀਸਦੀ ਟੈਕਸ ਲਾਉਣ ਦੀ ਧਮਕੀ

ਅਮਰੀਕੀ ਡਾਲਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਦੀ ਕੀਤੀ ਆਲੋਚਨਾ
ਫਲੋਰਿਡਾ/ਬਿਊਰੋ ਨਿਊਜ਼ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ 9 ਮੈਂਬਰੀ ਬ੍ਰਿਕਸ ਮੁਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਅਮਰੀਕੀ ਡਾਲਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਖਿਲਾਫ 100 ਫ਼ੀਸਦੀ ਟੈਕਸ ਲਾਇਆ ਜਾਵੇਗਾ। ਬ੍ਰਿਕਸ ਮੁਲਕਾਂ ‘ਚ ਭਾਰਤ ਸਮੇਤ ਬ੍ਰਾਜ਼ੀਲ, ਰੂਸ, ਚੀਨ, ਦੱਖਣੀ ਅਫ਼ਰੀਕਾ, ਮਿਸਰ, ਇਥੋਪੀਆ, ਇਰਾਨ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ। ਤੁਰਕੀ, ਅਜ਼ਰਬਾਇਜਾਨ ਤੇ ਮਲੇਸ਼ੀਆ ਨੇ ਮੈਂਬਰ ਬਣਨ ਲਈ ਦਰਖਾਸਤ ਦਿੱਤੀ ਹੈ ਅਤੇ ਕਈ ਹੋਰ ਮੁਲਕਾਂ ਨੇ ਵੀ ਬ੍ਰਿਕਸ ‘ਚ ਸ਼ਾਮਲ ਹੋਣ ਲਈ ਆਪਣੀ ਦਿਲਚਸਪੀ ਦਿਖਾਈ ਹੈ।
ਅਮਰੀਕੀ ਡਾਲਰ ਆਲਮੀ ਕਾਰੋਬਾਰ ‘ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਕਰੰਸੀ ਹੈ ਅਤੇ ਉਸ ਨੇ ਪਿਛਲੀਆਂ ਚੁਣੌਤੀਆਂ ਦਾ ਡਟ ਕੇ ਟਾਕਰਾ ਕੀਤਾ ਹੈ ਪਰ ਬ੍ਰਿਕਸ ਅਤੇ ਹੋਰ ਵਿਕਾਸਸ਼ੀਲ ਮੁਲਕਾਂ ਨੇ ਕਿਹਾ ਹੈ ਕਿ ਉਹ ਆਲਮੀ ਵਿੱਤੀ ਪ੍ਰਣਾਲੀ ‘ਚ ਅਮਰੀਕਾ ਦੇ ਦਬਦਬੇ ਤੋਂ ਤੰਗ ਆ ਚੁੱਕੇ ਹਨ। ਕੌਮਾਂਤਰੀ ਮੁਦਰਾ ਫੰਡ ਮੁਤਾਬਕ ਦੁਨੀਆ ਦੇ ਵਿਦੇਸ਼ੀ ਮੁਦਰਾ ਭੰਡਾਰ ‘ਚ ਡਾਲਰ ਦੀ ਪ੍ਰਤੀਨਿਧਤਾ ਕਰੀਬ 58 ਫ਼ੀਸਦੀ ਹੈ ਅਤੇ ਤੇਲ ਵਰਗੀਆਂ ਅਹਿਮ ਵਸਤਾਂ ਦੀ ਵੇਚ-ਵੱਟ ਡਾਲਰ ‘ਚ ਹੀ ਹੁੰਦੀ ਹੈ।
ਟਰੰਪ ਨੇ ਕਿਹਾ, ”ਅਸੀਂ ਇਨ੍ਹਾਂ ਮੁਲਕਾਂ ਤੋਂ ਵਚਨਬੱਧਤਾ ਚਾਹੁੰਦੇ ਹਾਂ ਕਿ ਉਹ ਨਾ ਤਾਂ ਨਵੀਂ ਬ੍ਰਿਕਸ ਕਰੰਸੀ ਲਿਆਉਣਗੇ ਅਤੇ ਨਾ ਹੀ ਅਮਰੀਕੀ ਡਾਲਰ ਦੀ ਥਾਂ ‘ਤੇ ਹੋਰ ਕਰੰਸੀ ਨੂੰ ਹਮਾਇਤ ਦੇਣਗੇ। ਜੇ ਉਨ੍ਹਾਂ ਅਮਰੀਕੀ ਕਰੰਸੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ‘ਤੇ 100 ਫ਼ੀਸਦੀ ਦਰਾਮਦ ਟੈਕਸ ਲਾਇਆ ਜਾਵੇਗਾ।” ਜ਼ਿਕਰਯੋਗ ਹੈ ਕਿ ਅਕਤੂਬਰ ‘ਚ ਬ੍ਰਿਕਸ ਮੁਲਕਾਂ ਦੇ ਸਿਖਰ ਸੰਮੇਲਨ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਮਰੀਕਾ ‘ਤੇ ਡਾਲਰ ਨੂੰ ‘ਹਥਿਆਰ’ ਬਣਾ ਕੇ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਇਹ ਉਸ ਦੀ ਵੱਡੀ ਭੁੱਲ ਹੈ। ਪੂਤਿਨ ਨੇ ਕਿਹਾ ਸੀ ਕਿ ਜੇ ਅਮਰੀਕਾ ਵਪਾਰ ਅਤੇ ਹੋਰ ਕੰਮਾਂ ‘ਚ ਅੜਿੱਕੇ ਡਾਹੇਗਾ ਤਾਂ ਮੁਲਕਾਂ ਨੂੰ ਬਦਲ ਲੱਭਣ ਲਈ ਮਜਬੂਰ ਹੋਣਾ ਪਵੇਗਾ। ਖਾਸ ਤੌਰ ‘ਤੇ ਰੂਸ ਨੇ ਨਵੀਂ ਅਦਾਇਗੀ ਪ੍ਰਣਾਲੀ ਬਣਾਉਣ ਲਈ ਦਬਾਅ ਬਣਾਇਆ ਹੋਇਆ ਹੈ ਤਾਂ ਜੋ ਪੱਛਮੀ ਮੁਲਕਾਂ ਵੱਲੋਂ ਲਾਗੂ ਪਾਬੰਦੀਆਂ ਤੋਂ ਬਚਿਆ ਜਾ ਸਕੇ। ਉਂਜ ਡਾਲਰ ਨੂੰ ਨੇੜ ਭਵਿੱਖ ‘ਚ ਕੋਈ ਖ਼ਤਰਾ ਨਹੀਂ ਹੈ ਅਤੇ ਹੋਰ ਕਰੰਸੀਆਂ ‘ਤੇ ਉਸ ਦਾ ਦਬਦਬਾ ਬਰਕਰਾਰ ਰਹੇਗਾ। ਟਰੰਪ ਵੱਲੋਂ ਟੈਕਸ ਲਗਾਉਣ ਦੀ ਧਮਕੀ ਉਸ ਸਮੇਂ ਆਈ ਹੈ ਜਦੋਂ ਉਨ੍ਹਾਂ ਗ਼ੈਰਕਾਨੂੰਨੀ ਪਰਵਾਸੀਆਂ ਅਤੇ ਨਸ਼ੇ ਅਮਰੀਕਾ ‘ਚ ਦਾਖ਼ਲ ਹੋਣ ਤੋਂ ਰੋਕਣ ਦੇ ਇਰਾਦੇ ਨਾਲ ਮੈਕਸਿਕੋ ਅਤੇ ਕੈਨੇਡਾ ਤੋਂ ਆਉਣ ਵਾਲੀਆਂ ਵਸਤਾਂ ‘ਤੇ 25 ਫ਼ੀਸਦ ਅਤੇ ਚੀਨ ਦੀਆਂ ਵਸਤਾਂ ‘ਤੇ 10 ਫ਼ੀਸਦ ਵਾਧੂ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਮੈਕਸਿਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬਾਮ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮਸਲੇ ‘ਤੇ ਟਰੰਪ ਨਾਲ ਗੱਲਬਾਤ ਕੀਤੀ ਹੈ ਪਰ ਉਨ੍ਹਾਂ ਨੂੰ ਟੈਕਸ ‘ਚ ਛੋਟ ਦਾ ਕੋਈ ਭਰੋਸਾ ਨਹੀਂ ਮਿਲਿਆ ਹੈ।

 

Check Also

ਟਰੂਡੋ ਸਰਕਾਰ ਡੇਗਣ ਦੀ ਇਕ ਹੋਰ ਕੋਸ਼ਿਸ਼ ਨਾਕਾਮ

ਕੰਸਰਵੇਟਿਵ ਆਗੂ ਪੋਲੀਵਰ ਵੱਲੋਂ ਰੱਖਿਆ ਆਖਰੀ ਬੇਭਰੋਸਗੀ ਮਤਾ ਵੀ ਠੁੱਸ ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੀ …