ਵਾਸ਼ਿੰਗਟਨ : ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪੁੱਤਰ ਹੰਟਰ ਬਾਇਡਨ ਨੂੰ ਸਾਰੇ ਗੁਨਾਹਾਂ ਤੋਂ ਮੁਆਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਹੋਣ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਨਾਲ ਹੰਟਰ ਸੰਘੀ ਬੰਦੂਕ ਅਤੇ ਟੈਕਸ ਦੋਸ਼ਾਂ ਲਈ ਸੰਭਾਵਿਤ ਜੇਲ੍ਹ ਦੀ ਸਜ਼ਾ ਤੋਂ ਬਚ ਗਿਆ ਹੈ। ਕਰੀਬ ਇਕ ਮਹੀਨੇ ਬਾਅਦ ਰਾਸ਼ਟਰਪਤੀ ਦੇ ਅਹੁਦੇ ਤੋਂ ਲਾਂਭੇ ਹੋਣ ਤੋਂ ਪਹਿਲਾਂ ਜੋਅ ਬਾਇਡਨ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਪੁੱਤਰ ਹੰਟਰ ਨੂੰ ਮੁਆਫ਼ੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਕਿਹਾ ਸੀ ਕਿ ਉਹ ਆਪਣੇ ਪੁੱਤਰ ਨੂੰ ਡੈਲਾਵੇਅਰ ਅਤੇ ਕੈਲੀਫੋਰਨੀਆ ਦੇ ਦੋ ਮਾਮਲਿਆਂ ‘ਚ ਦੋਸ਼ੀ ਠਹਿਰਾਏ ਜਾਣ ਮਗਰੋਂ ਉਸ ਨੂੰ ਮੁਆਫ਼ ਨਹੀਂ ਕਰਨਗੇ ਜਾਂ ਉਸ ਦੀ ਸਜ਼ਾ ਘੱਟ ਨਹੀਂ ਕਰਨਗੇ। ਬਾਇਡਨ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਹੰਟਰ ਲਈ ਮੁਆਫ਼ੀਨਾਮੇ ਵਾਲੇ ਪੱਤਰ ‘ਤੇ ਦਸਤਖ਼ਤ ਕੀਤੇ ਹਨ। ਜੋਅ ਬਾਇਡਨ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰ ਖਿਲਾਫ ਮੁਕੱਦਮਾ ਸਿਆਸਤ ਤੋਂ ਪ੍ਰੇਰਿਤ ਸੀ ਅਤੇ ਨਿਆਂ ਦਾ ਮਖੌਲ ਉਡਾਇਆ ਗਿਆ ਸੀ। ਉਨ੍ਹਾਂ ਉਮੀਦ ਜਤਾਈ ਕਿ ਅਮਰੀਕੀ ਸਮਝਣਗੇ ਕਿ ਇਕ ਪਿਤਾ ਅਤੇ ਇਕ ਰਾਸ਼ਟਰਪਤੀ ਨੇ ਅਜਿਹਾ ਫ਼ੈਸਲਾ ਕਿਉਂ ਲਿਆ ਹੈ। ਉਨ੍ਹਾਂ ਕਿਹਾ, ‘ਹੰਟਰ ਦੇ ਮਾਮਲਿਆਂ ਦੇ ਤੱਥਾਂ ਨੂੰ ਦੇਖਣ ਵਾਲਾ ਕੋਈ ਵੀ ਸਮਝਦਾਰ ਵਿਅਕਤੀ ਕਿਸੇ ਹੋਰ ਨਤੀਜੇ ‘ਤੇ ਨਹੀਂ ਪਹੁੰਚ ਸਕਦਾ, ਸਿਰਫ਼ ਇਸ ਦੇ ਕਿ ਹੰਟਰ ਨੂੰ ਸਿਰਫ਼ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਮੇਰਾ ਪੁੱਤਰ ਹੈ।’
Check Also
ਟਰੂਡੋ ਸਰਕਾਰ ਡੇਗਣ ਦੀ ਇਕ ਹੋਰ ਕੋਸ਼ਿਸ਼ ਨਾਕਾਮ
ਕੰਸਰਵੇਟਿਵ ਆਗੂ ਪੋਲੀਵਰ ਵੱਲੋਂ ਰੱਖਿਆ ਆਖਰੀ ਬੇਭਰੋਸਗੀ ਮਤਾ ਵੀ ਠੁੱਸ ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੀ …