74 ਸਾਲਾਂ ਤੋਂ ਸਰੀ ‘ਚ ਤਾਇਨਾਤ ਸੀ ਕੇਂਦਰੀ ਪੁਲਿਸ
ਵੈਨਕੂਵਰ/ਬਿਊਰੋ ਨਿਊਜ਼ : ਲੰਮਾ ਸੰਘਰਸ਼ ਕਰਨ ਤੋਂ ਬਾਅਦ ਆਖਰ ਸਰੀ ਪੁਲਿਸ ਨੇ ਸ਼ਹਿਰ ਦੇ ਅਮਨ ਕਾਨੂੰਨ ਦੀ ਵਾਗਡੋਰ ਕੇਂਦਰੀ ਪੁਲਿਸ ਤੋਂ ਆਪਣੇ ਹੱਥ ਲੈ ਲਈ ਹੈ। 74 ਸਾਲਾਂ ਤੋਂ ਸਰੀ ‘ਚ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਕੇਂਦਰੀ ਪੁਲਿਸ) ਤਾਇਨਾਤ ਸੀ। ਹੁਣ ਸਰੀ ਕੈਨੇਡਾ ਦੇ ਉਨ੍ਹਾਂ ਚੋਣਵੇਂ ਸ਼ਹਿਰਾਂ ਦੀ ਸੂਚੀ ‘ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਦੇ ਆਪਣੇ ਪੁਲਿਸ ਬੋਰਡ ਹਨ। ਪੁਲਿਸ ਬੋਰਡ ਦੇ ਮੁਖੀ ਨੌਰਮ ਲਪਿੰਸਕੀ ਨੇ ਕਿਹਾ ਕਿ ਇਸ ਨਾਲ ਸ਼ਰਾਰਤੀ ਅਨਸਰਾਂ ਦੇ ਮਨਾਂ ‘ਚ ਪੁਲਿਸ ਦੀ ਸਖ਼ਤੀ ਦਾ ਡਰ ਤੇ ਸ਼ਹਿਰੀਆਂ ਦੇ ਮਨਾਂ ‘ਚ ਸੁਰੱਖਿਆ ਦਾ ਅਹਿਸਾਸ ਵਧੇਗਾ। ਜਾਣਕਾਰੀ ਅਨੁਸਾਰ ਕੇਂਦਰੀ ਪੁਲਿਸ ਦੇ ਆਖਰੀ ਮੁਲਾਜ਼ਮਾਂ ਨੂੰ ਭੇਜਣ ‘ਚ ਦੋ ਸਾਲ ਦਾ ਸਮਾਂ ਲੱਗ ਸਕਦਾ ਹੈ। ਸਰੀ ‘ਚ ਤਾਇਨਾਤ ਕੁੱਲ ਪੁਲਿਸ ਨਫਰੀ 880 ‘ਚੋਂ 446 ਪਹਿਲਾਂ ਹੀ ਸਰੀ ਪੁਲਿਸ ਦੀ ਭਰਤੀ ਹਨ ਪਰ ਸਮੁੱਚੀ ਕਮਾਂਡ ਕੇਂਦਰੀ ਪੁਲਿਸ ਕੋਲ ਸੀ, ਜਿਸ ‘ਚ ਹੁਣ ਉਲਟਫੇਰ ਹੋ ਗਿਆ ਹੈ। ਕੌਂਸਲ ਵੱਲੋਂ ਸਰੀ ਮਿਉਂਸਿਪੈਲਿਟੀ ਦੇ ਆਪਣੇ ਪੁਲਿਸ ਬੋਰਡ ਦੀ ਸਥਾਪਨਾ ਦਾ ਮਤਾ ਨਵੰਬਰ 2018 ‘ਚ ਪਾਸ ਕਰਨ ਤੋਂ ਬਾਅਦ ਪੁਲਿਸ ਬੋਰਡ ਸਥਾਪਤ ਹੋਇਆ ਸੀ ਪਰ 2022 ‘ਚ ਨਵੀਂ ਮੇਅਰ ਬਰੈਂਡਾ ਵੱਲੋਂ ਕੇਂਦਰੀ ਪੁਲਿਸ ਦੇ ਹੱਕ ਵਿੱਚ ਡਟਣ ਕਾਰਨ ਲੋਕਾਂ ਦੀ ਇਸ ਮੰਗ ਨੂੰ ਕਈ ਕਾਨੂੰਨੀ ਲੜਾਈਆਂ ਤੇ ਝੰਜਟਾਂ ਨਾਲ ਸਿੱਝਣਾ ਪਿਆ।