Breaking News
Home / ਹਫ਼ਤਾਵਾਰੀ ਫੇਰੀ / ਜਨਾਬ ਹੁਣ ਆਪ ਚੁੱਕਣਗੇ ਗੰਨਮੈਨਾਂ ਦਾ ਖਰਚਾ

ਜਨਾਬ ਹੁਣ ਆਪ ਚੁੱਕਣਗੇ ਗੰਨਮੈਨਾਂ ਦਾ ਖਰਚਾ

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਗੂਆਂ ਨੂੰ ਹੁਣ ਗੰਨਮੈਨਾਂ ਦਾ ਖਰਚਾ ਦੇਣਾ ਪਵੇਗਾ
ਆਡਿਟ ਮਹਿਕਮੇ ਨੇ ਸੁਰੱਖਿਆ ਕਰਮੀਆਂ ‘ਤੇ ਉਠਾਈ ਉਂਗਲ
ਬਠਿੰਡਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਆਗੂਆਂ ਨੂੰ ਹੁਣ ਗੰਨਮੈਨਾਂ ਦਾ ਖਰਚਾ ਦੇਣਾ ਪਵੇਗਾ, ਜੋ ਕਿ ਕਰੀਬ ਪੌਣੇ ਦੋ ਕਰੋੜ ਰੁਪਏ ਬਣਦਾ ਹੈ। ਆਡਿਟ ਮਹਿਕਮੇ ਨੇ ਇਨ੍ਹਾਂ ਗੰਨਮੈਨਾਂ ਦੇ ਖਰਚੇ ‘ਤੇ ਉਂਗਲ ਉਠਾਈ ਹੈ, ਜਿਸ ਨਾਲ ਫ਼ਰੀਦਕੋਟ ਪੁਲਿਸ ਕਸੂਤੀ ਫਸ ਗਈ ਹੈ। ਕਰੀਬ 21 ਗੰਨਮੈਨ ਬਿਨਾਂ ਕਿਸੇ ਪ੍ਰਵਾਨਗੀ ਤੋਂ ਸਿਆਸੀ ਲੀਡਰਾਂ ਨਾਲ ਲੱਗੇ ਹੋਏ ਸਨ। ਫ਼ਰੀਦਕੋਟ ਪੁਲਿਸ ਨੇ ਇਨ੍ਹਾਂ ਆਗੂਆਂ ਤੋਂ ਗੰਨਮੈਨ ਤਾਂ ਵਾਪਸ ਲੈ ਲਏ ਹਨ ਪਰ ਇਨ੍ਹਾਂ ਆਗੂਆਂ ਤੋਂ ਗੰਨਮੈਨਾਂ ਦਾ ਖਰਚਾ ਵਸੂਲਣ ਤੋਂ ਪੁਲਿਸ ਅਫ਼ਸਰ ਝਿਜਕ ਰਹੇ ਹਨ।
ਆਡਿਟ ਮਹਿਕਮੇ ਵੱਲੋਂ ਜਨਵਰੀ 2017 ਤੱਕ ਜਿਹੜਾ ਮੁਲਾਂਕਣ ਕੀਤਾ ਗਿਆ ਹੈ, ਉਸ ਅਨੁਸਾਰ ਇਹ ਰਾਸ਼ੀ ਵਸੂਲ ਕਰਨੀ ਬਣਦੀ ਹੈ। ਆਡਿਟ ਰਿਪੋਰਟ ਪੰਜਾਬ ਦੇ ਡੀਜੀਪੀ ਨੂੰ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਆਰਟੀਆਈ ਤਹਿਤ ਪ੍ਰਾਪਤ ਵੇਰਵਿਆਂ ਮੁਤਾਬਕ ਸੱਤ ਆਗੂਆਂ ਵੱਲ 11 ਗੰਨਮੈਨਾਂ ਦੇ 1.14 ਕਰੋੜ ਰੁਪਏ ਦਾ ਬਕਾਇਆ ਕੱਢਿਆ ਗਿਆ ਹੈ। ਇਸ ਤੋਂ ਇਲਾਵਾ ਕਰੀਬ 53 ਲੱਖ ਹੋਰ ਬਕਾਇਆ ਵਸੂਲਣ ਲਈ ਆਖਿਆ ਗਿਆ ਹੈ, ਜੋ ਕਿ 10 ਗੰਨਮੈਨਾਂ ਦੀ ਵੱਖਰੀ ਤਾਇਨਾਤੀ ਦਾ ਹੈ। ਆਡਿਟ ਨੇ ਸਭ ਤੋਂ ਵੱਧ ਭਾਰ ਰਾਜ ਸਭਾ ਦੀ ਸਾਬਕਾ ਮੈਂਬਰ ਅਤੇ ਭਾਜਪਾ ਕੌਮੀ ਕੌਂਸਲ ਦੀ ਮੈਂਬਰ ਗੁਰਚਰਨ ਕੌਰ ਜੈਤੋ ‘ਤੇ ਪਾਇਆ ਹੈ। ਦੋ ਗੰਨਮੈਨਾਂ ਦਾ 27.97 ਲੱਖ ਦਾ ਖਰਚਾ ਇਸ ਸਾਬਕਾ ਸੰਸਦ ਮੈਂਬਰ ਵੱਲ ਕੱਢਿਆ ਗਿਆ ਹੈ, ਜਿਹੜਾ ઠ35 ਮਹੀਨਿਆਂ ਦੀ ਤਾਇਨਾਤੀ ਦਾ ਹੈ। ਪੰਜਾਬ ਪੁਲਿਸ ਨੇ ਇਹ ਦੋਵੇਂ ਗੰਨਮੈਨ ਵਾਪਸ ਲੈ ਲਏ ਹਨ।ਗੁਰਚਰਨ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਏ.ਡੀ.ਜੀ.ਪੀ. (ਸੁਰੱਖਿਆ) ਤੋਂ ਗੰਨਮੈਨ ਮਿਲੇ ਸਨ। ਸੁਰੱਖਿਆ ਰਾਜ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਇਸ ਦਾ ਮੁੱਲ ਉਹ ਕਿਉਂ ਤਾਰਨਗੇ। ਸਰਕਾਰ ਨੇ ਉਨ੍ਹਾਂ ਨੂੰ ਬਤੌਰ ਸਾਬਕਾ ਸੰਸਦ ਮੈਂਬਰ ਕੋਈ ਗੰਨਮੈਨ ਨਹੀਂ ਦਿੱਤਾ। ਸੁਖਬੀਰ ਬਾਦਲ ਦੇ ਨੇੜਲੇ ਟਰਾਂਸਪੋਰਟਰ ਯਾਦਵਿੰਦਰ ਸਿੰਘ ਯਾਦੀ (ਜੈਤੋ) ਵੱਲ 3.73 ਲੱਖ ਦੇ ਬਕਾਏ ਕੱਢੇ ਗਏ ਹਨ। ਇਹ ਇੱਕ ਗੰਨਮੈਨ ਦਾ 94 ਮਹੀਨਿਆਂ ਦਾ ਖ਼ਰਚਾ ਬਣਦਾ ਹੈ। ਸੁਖਬੀਰ ਬਾਦਲ ਦੇ ਖਾਸ ਸਮਝੇ ਜਾਂਦੇ ਪਰਮਬੰਸ ਸਿੰਘ ਰੋਮਾਣਾ ਵੱਲ ਅੱਠ ਮਹੀਨਿਆਂ ਲਈ ਇੱਕ ਗੰਨਮੈਨ ਦਾ ਕਰੀਬ ਪੌਣੇ ਤਿੰਨ ਲੱਖ ਰੁਪਏ ਬਕਾਇਆ ਕੱਢਿਆ ਗਿਆ ਹੈ।
ਇਸੇ ਤਰ੍ਹਾਂ ਤਖ਼ਤ ਪਟਨਾ ਸਾਹਿਬ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਰੋਮਾਣਾ ਨਾਲ 10 ਅਕਤੂਬਰ 2012 ਤੋਂ ਇੱਕ ਗੰਨਮੈਨ ਤਾਇਨਾਤ ਸੀ, ਜਿਸ ਦਾ ਖਰਚਾ 13.20 ਲੱਖ ਰੁਪਏ ਤਾਰਨਾ ਪੈ ਸਕਦਾ ਹੈ। ਮਰਹੂਮ ਗੁਰਦੇਵ ਸਿੰਘ ਬਾਦਲ ਨਾਲ ਤਿੰਨ ਗੰਨਮੈਨ ਤਾਇਨਾਤ ਸਨ, ਜਿਨ੍ਹਾਂ ਦਾ ਕਰੀਬ 22 ਲੱਖ ਰੁਪਏ ਦਾ ਬਕਾਇਆ ਪਾਇਆ ਗਿਆ ਹੈ। ਸੰਤ ਜਗਜੀਤ ਸਿੰਘ ਲੋਪੋ ਵੱਲ ਇੱਕ ਗੰਨਮੈਨ ਦੀ ਇੱਕ ਸਾਲ ਦੀ ਤਾਇਨਾਤੀ ਦਾ ਬਕਾਇਆ 4.11 ਲੱਖ ਰੁਪਏ ਪਾਇਆ ਗਿਆ ਹੈ। ਮਰਹੂਮ ਆਗੂ ਅਵਤਾਰ ਬਰਾੜ ਵੱਲ 6 ਲੱਖ ਰੁਪਏ ਕੱਢੇ ਗਏ ਹਨ।
ਆਡਿਟ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਇਹ ਗੰਨਮੈਨ ਏਡੀਜੀਪੀ (ਸੁਰੱਖਿਆ) ਦੀ ਪ੍ਰਵਾਨਗੀ ਤੋਂ ਬਿਨਾਂ ਤਾਇਨਾਤ ਕੀਤੇ ਗਏ ਸਨ। ਪੰਜਾਬ ਪੁਲਿਸ ਰੂਲਜ਼, 1934 ਦੇ ਰੂਲ 2.11(2) ਤਹਿਤ ਇਨ੍ਹਾਂ ਆਗੂਆਂ ਨਾਲ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦਾ ਖਰਚਾ ਵਸੂਲਣਾ ਬਣਦਾ ਹੈ। ਫ਼ਰੀਦਕੋਟ ਪੁਲਿਸ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਉਚ ਅਧਿਕਾਰੀਆਂ ਕੋਲ ਮਾਮਲਾ ਉਠਾਣਉਣਗੇ। ਐਸ.ਐਸ.ਪੀ. (ਫਰੀਦਕੋਟ) ਡਾ.ਨਾਨਕ ਸਿੰਘ ਦਾ ਕਹਿਣਾ ਸੀ ਕਿ ਉਹ ਇਸ ਬਾਰੇ ਰਿਕਾਰਡ ਚੈੱਕ ਕਰ ਕੇ ਹੀ ਦੱਸ ਸਕਣਗੇ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …