Breaking News
Home / ਹਫ਼ਤਾਵਾਰੀ ਫੇਰੀ / ਡੇਰਾ ਸਿਰਸਾ ਦੇ ਕਾਰਕੁੰਨਾਂ ਵੱਲੋਂ ਪੰਜਾਬ ਦੇ ਕੀਤੇ ਨੁਕਸਾਨ ਦੀ ਭਰਪਾਈ ਲਈ ਕੈਪਟਨ ਸਰਕਾਰ ਪਹੁੰਚੀ ਹਾਈ ਕੋਰਟ

ਡੇਰਾ ਸਿਰਸਾ ਦੇ ਕਾਰਕੁੰਨਾਂ ਵੱਲੋਂ ਪੰਜਾਬ ਦੇ ਕੀਤੇ ਨੁਕਸਾਨ ਦੀ ਭਰਪਾਈ ਲਈ ਕੈਪਟਨ ਸਰਕਾਰ ਪਹੁੰਚੀ ਹਾਈ ਕੋਰਟ

ਬਾਬਾ ਜੀ ਸਾਡੇ 200 ਕਰੋੜ ਮੋੜ ਦਿਓ
ਚੰਡੀਗੜ੍ਹ/ਬਿਊਰੋ ਨਿਊਜ਼ : ਬਲਾਤਕਾਰ ਦੇ ਦੋਸ਼ਾਂ ਵਿੱਚ 20 ਸਾਲ ਦੀ ਕੈਦ ਭੁਗਤ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬੁੱਧਵਾਰ ਨੂੰ ਹਾਈਕੋਰਟ ਵਿੱਚ ਮੁੜ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਇਤਰਾਜ਼ ਲਾ ਦਿੱਤਾ ਹੈ। ਅਦਾਲਤ ਨੇ ਤਕਨੀਕੀ ਨੁਕਸ ਕੱਢਦਿਆਂ ਕਿਹਾ ਹੈ ਕਿ ਰਾਮ ਰਹੀਮ ਵੱਲੋਂ ਨਵੇਂ ਸਿਰੇ ਤੋਂ ਪਟੀਸ਼ਨ ਦਾਖਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਦੋ ਵੱਖ-ਵੱਖ ਟ੍ਰਿਬਿਊਨਲ ਬਣਾਉਣ ਲਈ ਕਿਹਾ ਹੈ ਤਾਂ ਕਿ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਹਿੰਸਾ ਵਿੱਚ ਲੋਕਾਂ ਦੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਸਕੇ। ਦੋਵੇਂ ਟ੍ਰਿਬਿਊਨਲ ਵੱਖ-ਵੱਖ ਦੋਵੇਂ ਰਾਜਾਂ ਵਿੱਚ ਕੰਮ ਕਰਨਗੇ ਤੇ ਆਪਣੀ ਰਿਪੋਰਟ ਅਦਾਲਤ ਨੂੰ ਸੌਂਪਣਗੇ।
ਅਦਾਲਤ ਨੇ ਕੋਰਟ ਕਮਿਸ਼ਨਰ ਨੂੰ ਕਿਹਾ ਹੈ ਕਿ ਡੇਰੇ ਦੇ ਸਾਰੇ ਹਸਪਤਾਲਾਂ ਤੇ ਸਕੂਲਾਂ ਬਾਰੇ ਤੱਥ ਇਕੱਠੇ ਕੀਤੇ ਜਾਣ ਕਿ ਇੱਥੇ ਕੀ-ਕੀ ਚੱਲ ਰਿਹਾ ਹੈ। ਇਸ ਬਾਰੇ ਸਾਰੀ ਜਾਣਕਾਰੀ ਸਪਲੀਮੈਂਟਰੀ ਰਿਪੋਰਟ ਜ਼ਰੀਏ ਅਦਾਲਤ ਨੂੰ ਦਿੱਤੀ ਜਾਵੇ। ਉਧਰ, ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਅਦਾਲਤ ਵਿੱਚ ਰਿਪੋਰਟ ਪੇਸ਼ ਕਰਕੇ ਦਾਅਵਾ ਕੀਤਾ ਹੈ ਕਿ ਡੇਰਾ ਹਿੰਸਾ ਵਿੱਚ 200 ਕਰੋੜ ਦੀ ਸਰਕਾਰੀ ਤੇ ਪ੍ਰਾਈਵੇਟ ਜਾਇਦਾਦ ਦਾ ਨੁਕਸਾਨ ਹੋਇਆ ਹੈ। ਹਰਿਆਣਾ ਸਰਕਾਰ ਨੇ ਆਮ ਲੋਕਾਂ ਦੇ ਨੁਕਸਾਨ ਬਾਰੇ ਕੋਈ ਰਿਪੋਰਟ ਪੇਸ਼ ਨਹੀਂ ਕੀਤੀ। ਅਦਾਲਤ ਨੇ ਸਰਕਾਰ ਤੋਂ ਲੋਕਾਂ ਦੀ ਜਾਇਦਾਦ ਬਾਰੇ ਵੀ ਰਿਪੋਰਟ ਮੰਗ ਲਈ ਹੈ। ਇਸ ਦੌਰਾਨ ਹੀ ਅਦਾਲਤ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਦੋ ਵੱਖ-ਵੱਖ ਟ੍ਰਿਬਿਊਨਲ ਬਣਾਉਣ ਲਈ ਕਿਹਾ ਹੈ। ਇਹ ਟ੍ਰਿਬਿਊਨਲ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਹਿੰਸਾ ਵਿੱਚ ਲੋਕਾਂ ਦੇ ਨੁਕਸਾਨ ਦਾ ਅੰਦਾਜ਼ਾ ਲਾਉਣਗੇ।

ਡੇਰੇ ਦੇ ਕੁਰਬਾਨੀ ਗੈਂਗ ਵੱਲੋਂ ਮੀਡੀਆ ਨੂੰ ਧਮਕੀ, ਕਿਹਾ ਚੁਣ-ਚੁਣ ਕੇ ਲਵਾਂਗੇ ਬਦਲੇ
ਚੰਡੀਗੜ੍ਹ : ਡੇਰਾ ਸਿਰਸਾ ਦੇ ਨਾਂ ਹੇਠ ‘ਕੁਰਬਾਨੀ ਗੈਂਗ’ ਨੇ ਮੀਡੀਆ ਨੂੰ ਧਮਕੀ ਭਰਿਆ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਕਿਹਾ ਹੈ, “ਜੋ ਲੋਕ ਚੈਨਲਾਂ ‘ਤੇ ਕੂੜ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਚੁਣ-ਚੁਣ ਕੇ ਮਾਰਾਂਗੇ।” ਇਸ ਚਿੱਠੀ ਦੀ ਅਜੇ ਪੁਸ਼ਟੀ ਨਹੀਂ ਹੋਈ ਕਿ ਇਹ ਕਿਸੇ ਦੀ ਸ਼ਰਾਰਤ ਹੈ ਜਾਂ ਵਾਕਿਆ ਹੀ ਕਿਸੇ ‘ਕੁਰਬਾਨੀ ਗੈਂਗ’ ਨੇ ਭੇਜੀ ਹੈ। ਇਸ ਚਿੱਠੀ ਵਿੱਚ ਡੇਰਾ ਸਮਰਥਕਾਂ ਨੇ ਰਾਮ ਰਹੀਮ ਵਿਰੁੱਧ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ, ਸਾਬਕਾ ਸਮਰਥਕਾਂ ਨੂੰ ਜਾਨ ਦਾ ਖੌਅ ਦਿੱਤਾ ਗਿਆ ਹੈ। ਚਿੱਠੀ ਵਿੱਚ ਰਾਮ ਰਹੀਮ ਵਿਰੁੱਧ ਚੈਨਲਾਂ ‘ਤੇ ਬਹਿਸ ਵਿੱਚ ਹਿੱਸਾ ਲੈਣ ਵਾਲੇ ਗੁਰਦਾਸ ਸਿੰਘ, ਵਿਸ਼ਵਾਸ ਗੁਪਤਾ, ਹੰਸਰਾਜ, ਭੁਪਿੰਦਰ ਸਿੰਘ ਤੇ ਖੱਟਾ ਸਿੰਘ ਦੇ ਨਾਂ ਸ਼ਾਮਲ ਹਨ। ਮੀਡੀਆ ਚੈਨਲਾਂ ਨੂੰ ਭੇਜੀ ਚਿੱਠੀ ਵਿੱਚ ਲਿਖਿਆ, “ਪੂਜਨੀਕ ਪਿਤਾ ਗੁਰਮੀਤ ਰਾਮ ਰਹੀਮ ਜੀ, ਉਨ੍ਹਾਂ ਦੇ 200 ਬੱਚੇ ਖ਼ੁਦਕੁਸ਼ੀ ਲਈ ਤਿਆਰ ਹਨ। ਜੋ ਲੋਕ ਚੈਨਲਾਂ ‘ਤੇ ਕੂੜ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਚੁਣ-ਚੁਣ ਕੇ ਮਾਰਾਂਗੇ।

ਹਰ ਇਕ ਦੀ ਜ਼ੁਬਾਨ ‘ਤੇ ਹਨੀਪ੍ਰੀਤ, ਲੱਭਣ ‘ਚ ਫੇਲ੍ਹ ਹੋਈ ਹਰਿਆਣਾ ਪੁਲਿਸ ਦੇਵੇਗੀ ਭਗੌੜੀ ਕਰਾਰ
ਜਿਵੇਂ ਹੀ ਹਨੀਪ੍ਰੀਤ ਦੇ ਵਕੀਲ ਨੇ ਦਿੱਲੀ ਹਾਈ ਕੋਰਟ ਵਿਚ ਹਨੀਪ੍ਰੀਤ ਦੀ ਅਗਾਊਂ ਜ਼ਮਾਨਤ ਲਈ ਪਟੀਸਨ ਲਾਈ ਉਸ ਦੇ ਨਾਲ ਹੀ ਸਾਫ਼ ਹੋ ਗਿਆ ਕਿ ਹਨੀਪ੍ਰੀਤ ਵਿਦੇਸ਼ ਭੱਜਣ ‘ਚ ਕਾਮਯਾਬ ਨਹੀਂ ਹੋ ਸਕੀ। ਉਹ ਭਾਰਤ ਵਿਚ ਹੀ ਹੈ ਤੇ ਇਹ ਸ਼ੰਕਾਵਾਂ ਵੀ ਖਤਮ ਹੋ ਗਈਆਂ ਕਿ ਸ਼ਾਇਦ ਉਸ ਦਾ ਕਤਲ ਹੋ ਗਿਆ ਹੋਵੇ। ਇਕ ਪਾਸੇ ਦਿੱਲੀ ਹਾਈ ਕੋਰਟ ਨੇ ਹਨੀਪ੍ਰੀਤ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਆਖਿਆ ਕਿ ਉਹ ਸਰੈਂਡਰ ਕਿਉਂ ਨਹੀਂ ਕਰਦੀ ਤੇ ਨਾਲ ਹੀ ਨਿਰਦੇਸ਼ ਦਿੱਤੇ ਕਿ ਦਿੱਲੀ ਤੋਂ ਚੰਡੀਗੜ੍ਹ ਜਾਣ ਲਈ 4 ਘੰਟੇ ਹੀ ਲਗਦੇ ਹਨ। ਮਾਮਲਾ ਪੰਜਾਬ-ਹਰਿਆਣਾ ਦਾ ਹੈ ਤਾਂ ਉਥੇ ਹੀ ਪਟੀਸ਼ਨ ਪਾਓ। ਜਦਕਿ ਵਕੀਲ ਨੇ ਦਾਅਵਾ ਕੀਤਾ ਕਿ ਹਨੀਪ੍ਰੀਤ ਦਿੱਲੀ ਵਿਚ ਹੀ ਹੈ ਤੇ ਉਸ ਨੂੰ 2 ਘੰਟਿਆਂ ‘ਚ ਪੇਸ਼ ਕਰ ਸਕਦੇ ਹਨ। ਇਸ ਤੋਂ ਤੁਰੰਤ ਬਾਅਦ ਹਰਿਆਣਾ ਤੇ ਦਿੱਲੀ ਪੁਲਿਸ ਸਰਗਰਮ ਹੋ ਗਈ। ਉਨ੍ਹਾਂ ਦਿੱਲੀ ‘ਚ ਛਾਪੇਮਾਰੀ ਵੀ ਕੀਤੀ ਪਰ ਹਨੀਪ੍ਰੀਤ ਨੂੰ ਨਹੀਂ ਲੱਭ ਸਕੇ।

ਰਣਜੀਤ ਸਿੰਘ ਤੇ ਛਤਰਪਤੀ ਕਤਲ ਮਾਮਲੇ ‘ਚ ਵੀ ਫੈਸਲੇ ਦੀ ਘੜੀ ਨੇੜੇ
ਪੰਚਕੂਲਾ ਦੀ ਸੀਬੀਆਈ ਅਦਾਲਤ ਵਿਚ ਡੇਰੇ ਦੇ ਸਾਬਕਾ ਸਾਧੂ ਰਣਜੀਤ ਸਿੰਘ ਕਤਲ ਮਾਮਲੇ ‘ਤੇ ਬਹਿਸ ਮੁਕੰਮਲ ਹੋ ਗਈ ਫੈਸਲਾ ਕਦੇ ਵੀ ਆ ਸਕਦਾ ਹੈ ਤੇ ਪੱਤਰਕਾਰ ਛਤਰਪਤੀ ਕਤਲ ਮਾਮਲੇ ਦੀ ਵੀ ਬਹਿਸ ਮੁਕੰਮਲ ਹੁੰਦਿਆਂ ਹੀ ਫੈਸਲਾ ਆਵੇਗਾ ਤੇ ਸੰਭਾਵਨਾ ਹੈ ਕਿ ਗੁਰਮੀਤ ਰਾਮ ਰਹੀਮ ਸਮੇਤ ਹੋਰ ਆਰੋਪੀ ਇਸ ਮਾਮਲੇ ‘ਚ ਵੀ ਫਸ ਸਕਦੇ ਹਨ।

 

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …