Breaking News
Home / ਹਫ਼ਤਾਵਾਰੀ ਫੇਰੀ / ਪਰਵਾਸੀਆਂ ਲਈ ਵੱਡੀ ਰਾਹਤ – ਬੀਬੀ ਸੁਸ਼ਮਾ ਸਵਰਾਜ ਨੇ ਕਿਹਾ

ਪਰਵਾਸੀਆਂ ਲਈ ਵੱਡੀ ਰਾਹਤ – ਬੀਬੀ ਸੁਸ਼ਮਾ ਸਵਰਾਜ ਨੇ ਕਿਹਾ

ਪਰਵਾਸੀ ਭਾਰਤੀਆਂ ਨੂੰ ਅਧਾਰ ਕਾਰਡ ਦੀ ਕੋਈ ਲੋੜ ਨਹੀਂ
ਪਰ ਬੰਦ ਹੋਏ 500 ਤੇ 1000 ਦੇ ਨੋਟ ਬਦਲਣ ਦਾ ਐਨਆਰਆਈਜ਼ ਨੂੰ ਨਹੀਂ ਮਿਲੇਗਾ ਵਿਸ਼ੇਸ਼ ਮੌਕਾ
ਨਿਊਯਾਰਕ/ਬਿਊਰੋ ਨਿਊਜ਼
ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਿਛਲੇ ਹਫਤੇ ਆਪਣੀ ਨਿਊਯਾਰਕ ਯਾਤਰਾ ਦੌਰਾਨ ‘ਗਲੋਬਲ ਆਰਗੇਨਾਈਜੇਸ਼ਨ ਫਾਰ ਪੀਪਲਜ਼ ਆਫ ਇੰਡੀਅਨ ਔਰਿਜਨ’ (ਜੀਓਪੀਆਈਓ) ਦੇ ਇਕ ਵਫਦ ਨਾਲ ਬੈਠਕ ਦੌਰਾਨ ਸਾਫ ਕੀਤਾ ਕਿ ਉਨ੍ਹਾਂ ਨੂੰ ਅਧਾਰ ਕਾਰਡ ਦੀ ਜ਼ਰੂਰਤ ਨਹੀਂ ਹੈ ਅਤੇ ਉਹ ਆਪਣੇ ਖਾਤਿਆਂ ਦੀ ਵਰਤੋਂ ਪਹਿਲਾਂ ਵਾਂਗ ਹੀ ਕਰ ਸਕਦੇ ਹਨ। ਦਰਅਸਲ ਜੀਓਪੀਆਈਓ ਡੈਲੀਗੇਸ਼ਨ ਨੇ ਉਨ੍ਹਾਂ ਕੋਲੋਂ ਮੰਗ ਕੀਤੀ ਸੀ ਕਿ ਐਨਆਰਆਈਜ਼ ਕੋਲ ਅਧਾਰ ਕਾਰਡ ਵੀ ਨਹੀਂ ਹੈ, ਜਿਸ ਨਾਲ ਉਹ ਆਪਣੇ ਭਾਰਤੀ ਬੈਂਕ ਖਾਤਿਆਂ ਨੂੰ ਅਧਾਰ ਨਾਲ ਲਿੰਕ ਕਰਵਾ ਸਕਣ ਅਤੇ ਬੈਂਕਿੰਗ ਸੇਵਾਵਾਂ ਨੂੰ ਪ੍ਰਾਪਤ ਕਰ ਸਕਣ। ਉਥੇ ਜੀਓਪੀਆਈਓ ਨੇ ਸੁਝਾਅ ਦਿੱਤਾ ਸੀ ਕਿ ਦੁਨੀਆ ਵਿਚ ਕਿਤੇ ਵੀ ਰਹਿਣ ਵਾਲੇ ਭਾਰਤੀਆਂ ਨੂੰ ਅਧਾਰ ਕਾਰਡ ਮਿਲਣਾ ਚਾਹੀਦਾ, ਜੋ ਕਿ ਅਮਰੀਕੀ ਨਾਗਰਿਕਾਂ ਨੂੰ ਮਿਲਣ ਵਾਲੇ ਸੋਸ਼ਲ ਸਕਿਉਰਿਟੀ ਨੰਬਰ ਦੀ ਤਰ੍ਹਾਂ ਹੈ। ਇਸ ਮੌਕੇ ‘ਤੇ ਸਵਰਾਜ ਨੇ ਕਿਹਾ ਕਿ ਵਿਸ਼ਵ ਭਰ ਵਿਚ ਭਾਰਤੀ ਮਿਸ਼ਨ ਭਾਰਤ ਤੋਂ ਬਾਹਰ ਰਹਿਣ ਵਾਲੇ ਭਾਰਤੀਆਂ ਦੀ ਹਰ ਜ਼ਰੂਰਤ ਦੇ ਸਮੇਂ ਮੱਦਦ ਕਰਨ ਲਈ ਉਚਿਤ ਕਦਮ ਉਠਾਉਂਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਐਨਆਰਆਈ ਜਾਂ ਭਾਰਤੀ ਮੂਲ ਦੇ ਲੋਕਾਂ ਨੂੰ ਨੋਟਬੰਦੀ ਜ਼ਰੀਏ ਚਲਣ ਤੋਂ ਬਾਹਰ ਕਰ ਦਿੱਤੇ ਗਏ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬਦਲਣ ਦਾ ਹੁਣ ਕੋਈ ਦੂਜਾ ਮੌਕਾ ਨਹੀਂ ਮਿਲੇਗਾ।
ਸੁਸ਼ਮਾ ਸਵਰਾਜ ਨੇ ਕਿਹਾ ਕਿ ਸਰਕਾਰ ਨੇ ਭਾਰਤ ਦੀ ਨਾਗਰਿਕਤਾ ਰੱਖਣ ਵਾਲੇ ਐਨਆਰਆਈਜ਼ ਨੂੰ ਆਪਣੇ ਪੈਸੇ ਜਮ੍ਹਾਂ ਕਰਨ ਦੀ ਸਮਾਂ ਸੀਮਾ ਦਿੱਤੀ ਸੀ। ਫਿਲਹਾਲ ਵਿਦੇਸ਼ੀ ਨਾਗਰਿਕਤਾ ਵਾਲੇ ਪਰਵਾਸੀ ਭਾਰਤੀਆਂ ਕੋਲ ਇਹ ਬਦਲ ਨਹੀਂ ਸੀ ਅਤੇ ਸਰਕਾਰ ਦੂਜਾ ਮੌਕਾ ਉਪਲਬਧ ਨਹੀਂ ਕਰਵਾਏਗੀ। ਜੀਓਪੀਆਈਓ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਪਰਵਾਸੀਆਂ ਕੋਲ ਅਜੇ ਵੀ ਭਾਰਤੀ ਕਰੰਸੀ ਮੌਜੂਦ ਹੈ ਅਤੇ ਆਰਬੀਆਈ ਉਨ੍ਹਾਂ ਨੂੰ ਜਮ੍ਹਾਂ ਕਰਾਉਣ ਦਾ ਮੌਕਾ ਨਹੀਂ ਦੇ ਰਹੀ। ਛੋਟੀ-ਛੋਟੀ ਰਾਸ਼ੀ ਦੇ ਤੌਰ ‘ਤੇ ਕਰੀਬ 7500 ਕਰੋੜ ਰੁਪਏ ਦੀ ਕਰੰਸੀ ਹੁਣ ਵੀ ਉਨ੍ਹਾਂ ਦੇ ਕੋਲ ਮੌਜੂਦ ਹੈ। ਹੁਣ ਉਨ੍ਹਾਂ ਕੋਲ ਕੋਈ ਅਜਿਹਾ ਮੌਕਾ ਨਹੀਂ ਹੈ ਕਿ ਉਹ ਇਸ ਨੂੰ ਨਵੀਂ ਕਰੰਸੀ ਵਿਚ ਬਦਲ ਸਕਣ।
ਚੇਤੇ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 8 ਨਵੰਬਰ ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ। ਇਸ ਦੌਰਾਨ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਕੇ 500 ਰੁਪਏ ਅਤੇ 2000 ਰੁਪਏ ਦੇ ਨੋਟ ਜਾਰੀ ਕੀਤੇ ਗਏ ਸਨ। ਹਾਲਾਂਕਿ ਨੋਟਬੰਦੀ ਦੇ ਬਾਅਦ ਦੇਸ਼ ਤੋਂ ਬਾਹਰ ਰਹਿ ਰਹੇ ਲੋਕਾਂ ਨੂੰ ਨੋਟ ਬਦਲਣ ਦਾ ਪੂਰਾ ਮੌਕਾ ਦੇਣ ਦੇ ਉਦੇਸ਼ ਨਾਲ ਉਨ੍ਹਾਂ ਨੂੰ ਕੁਝ ਦਿਨਾਂ ਦੀ ਛੋਟ ਦਿੱਤੀ ਗਈ ਸੀ।

 

Check Also

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ

ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …