Breaking News
Home / ਪੰਜਾਬ / ਕਿਸਾਨਾਂ ਦਾ ਮਸੀਹਾ ਕਹਾਉਣ ਵਾਲੇ ਬਾਦਲ ਸਾਹਿਬ ਅੱਜ ਕੱਲ੍ਹ ਆਪਣੇ ਬਾਲਾਸਰ ਫਾਰਮ ਹਾਊਸ ‘ਚ ਲੈ ਰਹੇ ਨੇ ਦੇਸੀ ਪਕਵਾਨਾਂ ਦਾ ਸਵਾਦ

ਕਿਸਾਨਾਂ ਦਾ ਮਸੀਹਾ ਕਹਾਉਣ ਵਾਲੇ ਬਾਦਲ ਸਾਹਿਬ ਅੱਜ ਕੱਲ੍ਹ ਆਪਣੇ ਬਾਲਾਸਰ ਫਾਰਮ ਹਾਊਸ ‘ਚ ਲੈ ਰਹੇ ਨੇ ਦੇਸੀ ਪਕਵਾਨਾਂ ਦਾ ਸਵਾਦ

ਬਠਿੰਡਾ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੁਰਦਾਸਪੁਰ ਜ਼ਿਮਨੀ ਚੋਣ ਦੇ ਘਮਸਾਣ ਤੋਂ ਦੂਰ ਹਨ। ਉਹ ਬਾਲਾਸਰ (ਹਰਿਆਣਾ) ਫਾਰਮ ਹਾਊਸ ਵਿੱਚ ਦੇਸੀ ਪਕਵਾਨਾਂ ਦਾ ਲੁਤਫ਼ ਉਠਾ ਰਹੇ ਹਨ। ਪੰਜਾਬ ਚੋਣਾਂ ਮਗਰੋਂ ਬਾਦਲ ਨੇ ਬਾਲਾਸਰ ਫਾਰਮ ਵਿੱਚ ਗੇੜੇ ਵਧਾ ਦਿੱਤੇ ਹਨ। ਹਰਿਆਣਾ ਦੇ ਚਿੱਬੜਾਂ ਦੀ ਚਟਣੀ ਤੇ ਰਾਜਸਥਾਨ ਦੀ ਖਿਚੜੀ ਇਨ੍ਹੀਂ ਦਿਨੀਂ ਬਾਦਲ ਦੀ ਖ਼ੁਰਾਕ ਦਾ ਹਿੱਸਾ ਹਨ। ਬਾਲਾਸਰ ਦੇ ਮੋਹਤਬਰ ਬਾਦਲ ਦੀ ਸੇਵਾ ਵਿੱਚ ਜੁਟੇ ਹੋਏ ਹਨ। ਵੇਰਵਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੁੱਧਵਾਰ ਨੂੰ ਬਾਲਾਸਰ ਫਾਰਮ ‘ਤੇ ਪੁੱਜ ਗਏ ਤੇ ਉਹ ਅਜੇ ਕੁਝ ਦਿਨ ਉੱਥੇ ਹੀ ਰੁਕਣਗੇ। ਸਤੰਬਰ ਦੌਰਾਨ ਕਰੀਬ ਦੋ ਹਫ਼ਤੇ ਪਹਿਲਾਂ ਵੀ ਬਾਦਲ ਬਾਲਾਸਰ ਫਾਰਮ ਹਾਊਸ ਵਿੱਚ ਤਿੰਨ-ਚਾਰ ਦਿਨ ਰਹਿ ਕੇ ਆਏ ਹਨ। ਬਾਦਲ ਗੁਰਦਾਸਪੁਰ ਚੋਣ ਪਿੜ ਵਿਚੋਂ ਗਾਇਬ ਹਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੋਰਚਾ ਸੰਭਾਲਿਆ ਹੋਇਆ ਹੈ। ਬਾਦਲ ਪਰਿਵਾਰ ਦਾ ਬਾਲਾਸਰ ਫਾਰਮ ਹਾਊਸ ਕਰੀਬ 31 ਏਕੜ ਵਿੱਚ ਹੈ, ਜਿੱਥੇ ਜ਼ਿਆਦਾਤਰ ਰਕਬਾ ਬਾਗ਼ਾਂ ਹੇਠ ਹੈ। ਸੂਤਰਾਂ ਅਨੁਸਾਰ ਫਾਰਮ ਹਾਊਸ ਵਿੱਚ ਹੀ ਹੈਲੀਪੈਡ ਬਣਿਆ ਹੋਇਆ ਹੈ। ਬਾਲਾਸਰ ਦੇ ਵਸਨੀਕਾਂ ਨੇ ਦੱਸਿਆ ਕਿ ਬਾਦਲ ਸਵੇਰੇ-ਸ਼ਾਮ ਖੇਤਾਂ ਦੀ ਸੈਰ ਕਰਦੇ ਹਨ ਤੇ ਦੋ ਵੇਲੇ ਪਾਠ ਕਰਦੇ ਹਨ। ਬਾਦਲ ਨੇ ਬਾਲਾਸਰ ਦੇ ਇੱਕ ਮੋਹਤਬਰ ਤੋਂ ਚਿੱਬੜ ਮੰਗਵਾਏ, ਜਿਸ ਦੀ ਚਟਣੀ ਉਨ੍ਹਾਂ ਨੂੰ ਪਸੰਦ ਹੈ। ਇਸੇ ਤਰ੍ਹਾਂ ਰਾਜਸਥਾਨ ਦੇ ਬਰਾਨੀ ਬਾਜਰੇ ਤੇ ਮੋਠ ਵੀ ਲਿਆਂਦੇ ਗਏ, ਜਿਸ ਦੀ ਖਿਚੜੀ ਬਾਦਲ ਖਾ ਰਹੇ ਹਨ। ਪਿੰਡ ਬਾਲਾਸਰ ਵਿੱਚ ਜ਼ਿਆਦਾ ਬਾਗੜੀ ਭਾਈਚਾਰਾ ਹੈ।ઠਬਾਲਾਸਰ ਵਾਸੀ ਕਲਾਵਤੀ ਨੇ ਗਰਮੀਆਂ ਦੇ ਦਿਨਾਂ ਵਿੱਚ ‘ਰਬੜੀ’ ਬਣਾਈ ਸੀ, ਜੋ ਬਾਦਲ ਨੂੰ ਏਨੀ ਪਸੰਦ ਆਈ ਕਿ ਉਨ੍ਹਾਂ ਨੇ ਆਪਣੇ ਰਸੋਈਏ ਨੂੰ ਵੀ ‘ਰਬੜੀ’ ਬਣਾਉਣ ਦੀ ਸਿਖਲਾਈ ਦਿਵਾ ਦਿੱਤੀ।
ਬਾਲਾਸਰ ਦੀ ਪੰਚਾਇਤ ਨੇ ਦੱਸਿਆ ਕਿ ਬਾਦਲ ਬਾਲਾਸਰ ਆਏ ਹੋਏ ਹਨ ਤੇ ਆਪਣੀ ਸਿਹਤ ਲਈ ਸਮਾਂ ਕੱਢ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਇੱਥੇ ਬਹੁਤ ਘੱਟ ਆਉਂਦੇ ਹਨ ਅਤੇ ਜੇਕਰ ਆਉਂਦੇ ਵੀ ਹਨ ਤਾਂ ਇੱਕ-ਦੋ ਘੰਟਿਆਂ ਵਿੱਚ ਵਾਪਸ ਚਲੇ ਜਾਂਦੇ ਹਨ।

 

Check Also

ਹੁਸ਼ਿਆਰਪੁਰ ਨੇੜੇ ਭਿਆਨਕ ਸੜਕ ਹਾਦਸਾ

ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੁਸ਼ਿਆਰਪੁਰ/ਬਿਊਰੋ ਨਿਊਜ਼ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨੇੜੇ ਅੱਜ …