Breaking News
Home / ਹਫ਼ਤਾਵਾਰੀ ਫੇਰੀ / ਪੀ ਐਮ ਜਸਟਿਨ ਟਰੂਡੋ ਨੇ ਇਜ਼ਰਾਈਲ ਨੂੰ ਸੰਜਮ ਤੋਂ ਕੰਮ ਲੈਣ ਦੀ ਕੀਤੀ ਅਪੀਲ

ਪੀ ਐਮ ਜਸਟਿਨ ਟਰੂਡੋ ਨੇ ਇਜ਼ਰਾਈਲ ਨੂੰ ਸੰਜਮ ਤੋਂ ਕੰਮ ਲੈਣ ਦੀ ਕੀਤੀ ਅਪੀਲ

ਕਿਹਾ : ਗਾਜ਼ਾ ਵਿਚ ਮਨੁੱਖਤਾ ਦਾ ਘਾਣ ਭਿਆਨਕ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਇਜ਼ਰਾਈਲ ਨੂੰ ਥੋੜ੍ਹੇ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ ਤਾਂ ਕਿ ਇਸ ਜੰਗ ਵਿੱਚ ਆਮ ਲੋਕਾਂ ਦੀਆਂ ਮਾਸੂਮ ਜ਼ਿੰਦਗੀਆਂ ਬਚਾਈਆਂ ਜਾ ਸਕਣ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਗਾਜ਼ਾ ਪੱਟੀ ਉੱਤੇ ਹਮਾਸ ਅਤੇ ਇਜ਼ਰਾਈਲ ਦਰਮਿਆਨ ਜੰਗ ਚੱਲ ਰਹੀ ਹੈ।
ਟਰੂਡੋ ਨੇ ਆਖਿਆ ਕਿ ਦੁਨੀਆ ਔਰਤਾਂ, ਬੱਚਿਆਂ ਤੇ ਨਵਜੰਮੇਂ ਬੱਚਿਆਂ ਦੀ ਕਤਲੋਗਾਰਤ ਨੂੰ ਵੇਖ ਰਹੀ ਹੈ, ਇਹ ਸੱਭ ਜਲਦ ਬੰਦ ਹੋਣਾ ਚਾਹੀਦਾ ਹੈ।
ਗਾਜ਼ਾ ਵਿੱਚ ਮਨੁੱਖਤਾ ਦਾ ਘਾਣ ਹੁਣ ਵੇਖਿਆ ਨਹੀਂ ਜਾ ਰਿਹਾ ਖਾਸਤੌਰ ਉੱਤੇ ਅਲ ਸ਼ਿਫਾ ਹਸਪਤਾਲ ਦੇ ਆਲੇ ਦੁਆਲੇ ਦਾ ਮੰਜ਼ਰ ਦਿਲ ਦਹਿਲਾ ਦੇਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਇਸ ਹਫਤੇ ਗਾਜ਼ਾ ਦਾ ਇਹ ਸੱਭ ਤੋਂ ਵੱਡਾ ਹਸਪਤਾਲ ਹੀ ਸਾਰਿਆਂ ਦੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਜ਼ਰਾਈਲੀ ਸੈਨਾਵਾਂ ਵੱਲੋਂ ਇਸ ਦੇ ਕੈਂਪਸ ਨੂੰ ਘੇਰਾ ਪਾ ਲਿਆ ਗਿਆ ਹੈ।
ਹਾਲਾਂਕਿ ਇਜ਼ਰਾਈਲ ਇਹ ਆਖ ਰਿਹਾ ਹੈ ਕਿ ਉਹ ਸਟਾਫ ਤੇ ਮਰੀਜ਼ਾਂ ਨੂੰ ਹਸਪਤਾਲ ਖਾਲੀ ਕਰਨ ਦੀ ਇਜਾਜ਼ਤ ਦੇਣ ਦਾ ਚਾਹਵਾਨ ਹੈ ਪਰ ਫਲਸਤੀਨੀਆਂ ਦਾ ਕਹਿਣਾ ਹੈ ਕਿ ਹਸਪਤਾਲ ਖਾਲੀ ਕਰਨ ਵਾਲਿਆਂ ਉੱਤੇ ਇਜ਼ਰਾਈਲੀ ਸੈਨਾਵਾਂ ਗੋਲੀਆਂ ਚਲਾ ਰਹੀਆਂ ਹਨ। ਇਸ ਤੋਂ ਇਲਾਵਾ ਬੇਹੱਦ ਕਮਜ਼ੋਰ ਮਰੀਜ਼ਾਂ ਨੂੰ ਇੱਥੋਂ ਕੱਢਿਆ ਨਹੀਂ ਜਾ ਸਕਦਾ। ਡਾਕਟਰਾਂ ਦਾ ਕਹਿਣਾ ਹੈ ਕਿ ਫੈਸਿਲਿਟੀ ਵਿੱਚ ਕੋਈ ਫਿਊਲ ਨਹੀਂ ਬਚਿਆ ਹੈ ਤੇ ਮਰੀਜ਼ ਮਰਨੇ ਸ਼ੁਰੂ ਹੋ ਗਏ ਹਨ।
ਇਸ ਦੌਰਾਨ ਇਜ਼ਰਾਈਲ ਦਾ ਕਹਿਣਾ ਹੈ ਕਿ ਹਮਸ ਨੇ ਹਸਪਤਾਲ ਨੂੰ ਆਪਣੇ ਲੜਾਕਿਆਂ ਲਈ ਆੜ ਬਣਾਇਆ ਹੋਇਆ ਹੈ ਤੇ ਹਮਸ ਨੇ ਆਪਣਾ ਮੁੱਖ ਕਮਾਂਡ ਸੈਂਟਰ ਹਸਪਤਾਲ ਦੇ ਥੱਲੇ ਬਣਾਇਆ ਹੋਇਆ ਹੈ। ਪਰ ਇਸ ਬਾਰੇ ਇਜ਼ਰਾਈਲ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਇਜ਼ਰਾਈਲ ਦੀਆਂ ਇਨ੍ਹਾਂ ਤੁਹਮਤਾਂ ਨੂੰ ਹਮਸ ਤੇ ਸ਼ਿਫਾ ਹਸਪਤਾਲ ਦੇ ਸਟਾਫ ਵੱਲੋਂ ਗਲਤ ਦੱਸਿਆ ਜਾ ਰਿਹਾ ਹੈ।
ਮੰਗਲਵਾਰ ਨੂੰ ਵੈਨਕੂਵਰ ਵਿੱਚ ਇੱਕ ਈਵੈਂਟ ਦੌਰਾਨ ਟਰੂਡੋ ਨੇ ਆਖਿਆ ਕਿ ਫਲਸਤੀਨ ਦੇ ਆਮ ਲੋਕਾਂ ਦੀਆਂ ਤਕਲੀਫਾਂ ਵਿੱਚ ਵਾਧਾ ਕਰਕੇ ਇਨਸਾਫ ਹਾਸਲ ਨਹੀਂ ਕੀਤਾ ਜਾ ਸਕਦਾ।
ਜੰਗ ਦੇ ਵੀ ਕੁੱਝ ਨਿਯਮ ਹੁੰਦੇ ਹਨ। ਉਨ੍ਹਾਂ ਆਖਿਆ ਕਿ ਹਮਸ ਨੂੰ ਵੀ ਫਲਸਤੀਨੀ ਨਾਗਰਿਕਾਂ ਨੂੰ ਆਪਣੀ ਢਾਲ ਵਜੋਂ ਵਰਤਣਾ ਬੰਦ ਕਰਨਾ ਚਾਹੀਦਾ ਹੈ ਤੇ ਸਾਰੇ ਬੰਦੀਆਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ ਤਾਂ ਕਿ ਸਾਰੇ ਕੈਨੇਡੀਅਨਜ਼ ਤੇ ਹੋਰ ਨਾਗਰਿਕ ਗਾਜ਼ਾ ਛੱਡ ਸਕਣ।

 

Check Also

ਕਿਸਾਨ ਅੰਦੋਲਨ – 2

ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਸ਼ੁਭਕਰਨ ਨੂੰ ਹੰਝੂਆਂ ਭਰੀ ਅੰਤਮ ਵਿਦਾਇਗੀ ਵੱਡੀ ਗਿਣਤੀ ਵਿਚ ਕਿਸਾਨਾਂ …