Breaking News
Home / ਮੁੱਖ ਲੇਖ / ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ : ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਗ਼ਦਰੀ ਸ਼ਹੀਦ ਅਤੇ ਕੈਨੇਡਾ ਦੇ ਸ਼ਹੀਦ ਲੂਈਸ ਰਿਆਲ

ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ : ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਗ਼ਦਰੀ ਸ਼ਹੀਦ ਅਤੇ ਕੈਨੇਡਾ ਦੇ ਸ਼ਹੀਦ ਲੂਈਸ ਰਿਆਲ

ਡਾ. ਗੁਰਵਿੰਦਰ ਸਿੰਘ
”ਸਾਡੇ ਵੀਰਨੋ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖ਼ਸ਼ਣੀ ਖ਼ੁਸ਼ੀ ਦੇ ਨਾਲ ਸਾਨੂੰ
ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ, ਕੱਟ ਸਕਦੀ ਨਹੀਂ ਤਲਵਾਰ ਸਾਨੂੰ
ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ
ਖ਼ਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਸਾਨੂੰ”
ਗ਼ਦਰ ਲਹਿਰ ਦੇ ਬਾਲਾ ਜਰਨੈਲ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਗ਼ਦਰੀ ਯੋਧਿਆਂ ਵੱਲੋਂ ਸ਼ਹੀਦੀ ਖੁਮਾਰੀਆਂ ਮੌਕੇ, ਇਸ ਮਕਬੂਲ ਕਵਿਤਾ ਦਾ ਗਾਇਨ ਕੀਤਾ ਦੱਸਿਆ ਜਾਂਦਾ ਹੈ। 16 ਨਵੰਬਰ ਦਾ ਦਿਨ ਜਿੱਥੇ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਹੋਰ ਸਾਥੀਆਂ ਦਾ ਸ਼ਹੀਦੀ ਦਿਨ ਹੈ, ਉੱਥੇ ਹੀ ਕੈਨੇਡਾ ਦੇ ਮਹਾਨ ਯੋਧੇ ਲੂਈਸ ਰਿਆਲ ਦਾ ਵੀ ਸ਼ਹੀਦੀ ਦਿਹਾੜਾ ਹੈ। ਭਾਈ ਕਰਤਾਰ ਸਿੰਘ ਸਰਾਭਾ ਦਾ ਜਨਮ ਪੰਜਾਬ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਦੇ ਬਾਬਾ ਬਚਨ ਸਿੰਘ ਦੇ ਪੁੱਤਰ ਸਰਦਾਰ ਮੰਗਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਸਾਹਿਬ ਕੌਰ ਦੀ ਕੁੱਖੋਂ 24 ਮਈ 1896 ਨੂੰ ਹੋਇਆ। ਗ਼ਦਰ ਲਹਿਰ ਦੇ ਜਰਨੈਲ, ਦਲੇਰ, ਸੂਰਬੀਰ ਅਤੇ ਤੂਫ਼ਾਨਾਂ ਦਾ ਸ਼ਾਹ ਅਸਵਾਰ ਭਾਈ ਕਰਤਾਰ ਸਿੰਘ ਸਿਰਫ਼ ਉੱਨੀ ਕੁ ਵਰਿਆਂ ਦੀ ਉਮਰ ਵਿੱਚ ਜੀਵਨ ਕੁਰਬਾਨ ਕਰ ਗਏ। 16 ਨਵੰਬਰ 1915 ਗ਼ਦਰ ਲਹਿਰ ਦੇ ਸਭ ਤੋਂ ਛੋਟੀ ਉਮਰ ਦੇ ਮਹਾਨ ਯੋਧੇ ਅਤੇ ‘ਗਦਰ’ ਅਖ਼ਬਾਰ ਦੇ ਸੰਪਾਦਕ ਭਾਈ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਲਾਹੌਰ ਜੇਲ੍ਹ ‘ਚ ਫਾਂਸੀ ਚੜ੍ਹਨ ਵਾਲੇ ਸੂਰਮਿਆਂ ਵਿੱਚ, ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹੀਦ ਭਾਈ ਜਗਤ ਸਿੰਘ ਪਿੰਡ ਸੁਰ ਸਿੰਘ, ਸ਼ਹੀਦ ਭਾਈ ਬਖਸ਼ੀਸ਼ ਸਿੰਘ ਪਿੰਡ ਗਿੱਲਵਾਲੀ, ਸ਼ਹੀਦ ਭਾਈ ਸੁਰੈਣ ਸਿੰਘ (ਛੋਟਾ) ਪਿੰਡ ਗਿੱਲ ਵਾਲੀ, ਸ਼ਹੀਦ ਭਾਈ ਸੁਰੈਣ ਸਿੰਘ (ਵੱਡਾ) ਪਿੰਡ ਗਿੱਲਵਾਲੀ, ਸ਼ਹੀਦ ਭਾਈ ਹਰਨਾਮ ਸਿੰਘ ਪਿੰਡ ਭੱਟੀ ਗੋਰਾਇਆ (ਸਿਆਲਕੋਟ), ਸ਼ਹੀਦ ਭਾਈ ਵਿਸ਼ਨੂੰ ਗਣੇਸ਼ ਪਿੰਗਲੇ ਯਰਵਦਾ (ਮਹਾਰਾਸ਼ਟਰ) ਸੱਤ ਗ਼ਦਰੀ ਯੋਧੇ ਸ਼ਾਮਲ ਸਨ। ਇਨਾਂ ਤੋਂ ਇਲਾਵਾ ਚਾਲੀ ਹੋਰਾਂ ਨੂੰ ਉਮਰ ਕੈਦ, ਕਾਲੇ ਪਾਣੀ ਤੇ ਹੋਰ ਲੰਮੀਆਂ ਸਜ਼ਾਵਾਂ ਹੋਈਆਂ ਇਹਨਾਂ ਵਿੱਚ ਬਾਬਾ ਸੋਹਣ ਸਿੰਘ ਭਕਨਾ, ਬਾਬਾ ਨਿਧਾਨ ਸਿੰਘ ਚੁੰਘਾ, ਬਾਬਾ ਜੁਆਲਾ ਸਿੰਘ, ਬਾਬਾ ਵਿਸਾਖਾ ਸਿੰਘ, ਪੰਡਿਤ ਜਗਤ ਰਾਮ ਤੇ ਪਰਮਾਨੰਦ ਜੀ ਸ਼ਾਮਲ ਸਨ।
16 ਨਵੰਬਰ ਕੈਨੇਡਾ ਦੇ ਮਹਾਨ ਯੋਧੇ ਲੂਈਸ ਰਿਆਲ ਦਾ ਸ਼ਹੀਦੀ ਦਿਨ ਵੀ ਹੈ। 16 ਨਵੰਬਰ 1885 ਵਿੱਚ ਕੈਨੇਡਾ ਦੀ ਧਰਤੀ ਤੇ ਮੈਟੀਸ ਭਾਈਚਾਰੇ ਦੇ ਆਗੂ ਅਤੇ ਮੈਨੀਟੋਬਾ ਦੇ ਵਿਦਰੋਹੀ ਯੋਧੇ ਲੂਈਸ ਰਿਆਲ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। 16 ਨਵੰਬਰ 2018 ਨੂੰ ਬੀਸੀ ਵਿਧਾਨ ਸਭਾ ਵਿਖੇ ਲੂਇਸ ਰਿਆਲ ਦਿਵਸ ਮਨਾਇਆ। ਇਸ ਮੌਕੇ ‘ਤੇ ਪ੍ਰੋਕਲੇਮੇਸ਼ਨ ਵੀ ਜਾਰੀ ਕੀਤਾ ਗਿਆ, ਜੋ ਕਿ ਇਕ ਚੰਗੀ ਗੱਲ ਹੈ। ਮਹਾਨ ਯੋਧਿਆਂ ਦੇ ਸੰਘਰਸ਼ ਯਾਦ ਰੱਖਣੇ ਜ਼ਰੂਰੀ ਹਨ। ਕੈਨੇਡਾ ਦੇ ਮੈਟੀਸ ਭਾਈਚਾਰੇ ਵਾਸਤੇ ਇਹ ਐਲਾਨਨਾਮਾ ਲੁਈਸ ਰਿਆਲ ਨੂੰ ਸੱਚੀ ਸ਼ਰਧਾਂਜਲੀ ਹੈ।
ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਚੜ੍ਹਦੀ ਜਵਾਨੀ ਵਿੱਚ ਅਮਰੀਕਾ ਪਹੁੰਚੇ। ਇੱਥੇ ਆ ਕੇ ਆਪਣੇ ਸਾਥੀਆਂ ਸਮੇਤ 21 ਅਪ੍ਰੈਲ 1913 ਨੂੰ ਗਦਰ ਪਾਰਟੀ ਦੀ ਨੀਂਹ ਰੱਖੀ ਅਤੇ ਪਹਿਲੀ ਨਵੰਬਰ 1913 ਵਿੱਚ ਆਰੰਭ ਹੋਏ ਗ਼ਦਰ ਅਖਬਾਰ ਦੇ ਪੰਜਾਬੀ ਅੰਕ ਦੇ ਮੋਢੀ ਸੰਪਾਦਕ ਬਣੇ। ਇਸੇ ਦੌਰਾਨ ਪਹਿਲੀ ਵਿਸ਼ਵ ਜੰਗ ਮੌਕੇ ਸੰਨ 1914 ਵਿੱਚ ਦੇਸ ਨੂੰ ਫ਼ਿਰੰਗੀਆਂ ਤੋਂ ਆਜ਼ਾਦ ਕਰਵਾਉਣ ਲਈ ਅਮਰੀਕਾ ਤੋਂ ਪੰਜਾਬ ਨੂੰ ਚਾਲੇ ਪਾ ਦਿੱਤੇ, ਜਿੱਥੇ ਜਾ ਕੇ 16 ਨਵੰਬਰ 1915 ਨੂੰ ਲਾਹੌਰ ਵਿਖੇ ਸ਼ਹੀਦੀ ਜਾਮ ਪੀ ਕੇ ਹਮੇਸ਼ਾ ਲਈ ਅਮਰ ਹੋ ਗਏ। ਸ਼ਹੀਦ ਭਾਈ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਇਤਿਹਾਸ ਵਿਚਾਰਦਿਆਂ ਇਹ ਵੇਖਣਾ ਬਣਦਾ ਹੈ ਕਿ ਜਿਸ ਉਦੇਸ਼ ਲਈ ਇਨ੍ਹਾਂ ਯੋਧਿਆ ਨੇ ਸ਼ਹੀਦੀਆਂ ਦਿੱਤੀਆਂ, ਕੀ ਉਹ ਉਦੇਸ਼ ਪੂਰਾ ਹੋਇਆ? ਕੀ ਇਨ੍ਹਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਏ? ਗ਼ਦਰ ਪਾਰਟੀ ਦੇ ਬਹਾਦਰ ਯੋਧਿਆਂ ਦੁਆਰਾ ਕੀਤੇ ਇਨਕਲਾਬ ਦੇ ਪ੍ਰਸੰਗ ਵਿੱਚ ਇਹ ਵਿਚਾਰ-ਵਟਾਂਦਰਾ ਵਿਸ਼ੇਸ਼ ਅਹਿਮੀਅਤ ਰੱਖਦਾ ਹੈ।
ਵੀਹਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਪਹਿਲਾ ਵਿਸ਼ਵ ਯੁੱਧ ਛਿੜਨ ਕਾਰਨ ਵੱਡੀ ਗਿਣਤੀ ਵਿੱਚ ਫਿਰੰਗੀ ਸੈਨਾ ਇੰਗਲੈਂਡ ਦੀ ਹਿਫਾਜ਼ਤ ਲਈ ਭੇਜੀ ਗਈ। ਇਹਨਾਂ ਹਾਲਤਾਂ ਨੂੰ ਸੁਨਹਿਰੀ ਮੌਕਾ ਭਾਪਦਿਆਂ ਹੋਇਆਂ ਸੰਨ 1914 ਵਿੱਚ ਗ਼ਦਰ ਪਾਰਟੀ ਦੁਆਰਾ, ਕਨੇਡਾ ਅਮਰੀਕਾ ਸਮੇਤ ਵਿਦੇਸ਼ਾਂ ‘ਚ ਬੈਠੇ ਗਦਰੀਆਂ ਨੂੰ ਦੇਸ ਪਰਤਣ ਦਾ ਸੱਦਾ ਦਿੱਤਾ ਗਿਆ। ਵਤਨ ਵਾਪਸੀ ਮਗਰੋਂ ਉੱਤਰੀ ਭਾਰਤ ਦੀਆਂ ਪ੍ਰਮੁੱਖ ਛਾਉਣੀਆਂ ਦੇ ਦੇਸੀ ਫ਼ੌਜੀਆਂ ਅੰਦਰ ਬਗ਼ਾਵਤ ਫ਼ੈਲਾਉਣ ਲਈ ਗ਼ਦਰ ਅਖਬਾਰ ਰਾਹੀਂ ਕ੍ਰਾਂਤੀਕਾਰੀ ਸਾਹਿਤਕ ਵਿਚਾਰਾਂ ਨੂੰ, ਵੱਧ ਤੋਂ ਵੱਧ ਵਰਤੋਂ ਵਿਚ ਲਿਆਂਦਾ ਗਿਆ। ਦੇਸ਼ ਭਰ ਦੇ ਗ਼ਦਰੀਆਂ ‘ਚ ਬਹੁਗਿਣਤੀ ਸਾਬਕਾ ਸਿੱਖ ‘ਫ਼ੌਜੀਆਂ’ ਦੀ ਹੋਣ ਕਾਰਨ, ਇਨਕਲਾਬੀਆਂ ਦੀ ਗ਼ਦਰ ਸਫਲਤਾ ਵਾਸਤੇ, ਆਸ ਦਾ ਚਾਨਣ ਵਧੇਰੇ ਫੈਲਿਆ।
ਗ਼ਦਰ ਲਹਿਰ ‘ਚ ਬੇਸ਼ੱਕ ਨੱਬੇ ਫ਼ੀਸਦੀ ਇਨਕਲਾਬੀ ਸਿੱਖ ਸਨ, ਪਰ ਗ਼ਦਰ ਪਾਰਟੀ ਅਤੇ ਗ਼ਦਰ ਲਹਿਰ ਵਿੱਚ ਸਭ ਧਰਮਾਂ ਨੂੰ ਸਮਾਨਤਾ ਦਿੱਤੀ ਗਈ। ‘ਗ਼ਦਰ 1915’ ਦੀ ਪੂਰੀ ਵਿਉਂਤਬੰਦੀ, ਗ਼ਦਰੀਆਂ ਵੱਲੋਂ ਕੀਤੀ ਗਈ ਸੀ, ਇਸ ਸਬੰਧੀ ਬਾਬੂ ਸਚਿੰਨਦਰ ਨਾਥ ਸਹਿਗਲ ਪੁਸਤਕ (ਬੰਦੀ ਜੀਵਨ) ਵਿੱਚ ਲਿਖਦੇ ਹਨ ‘ਇੱਕ ਦਿਨ ਅਚਾਨਕ ਬਿਨਾਂ ਕਿਸੇ ਨੂੰ ਆਪਣੀ ਇੱਛਾ ਦੱਸੇ, ਉੱਤਰੀ ਭਾਰਤ ਦੀਆਂ ਛਾਉਣੀਆਂ ਦੇ ਤਮਾਮ ਅੰਗਰੇਜ਼ ਸਿਪਾਹੀਆਂ ਉੱਤੇ ਇੱਕ ਦਿਨ ਤੇ ਸਹੀ ਇੱਕੋ ਸਮੇਂ ਇੱਕ ਦਮ ਹਮਲਾ ਕਰ ਦਿੱਤਾ ਜਾਵੇ ਤੇ ਉਸ ਹਫੜਾ ਤਫੜੀ ਦੌਰਾਨ, ਜੋ ਲੋਕ ਸਾਡੇ ਕਾਬੂ ਆ ਜਾਣ ਉਨਾਂ ਨੂੰ ਕੈਦ ਕਰ ਲਿਆ ਜਾਵੇ। ਉਸ ਵੇਲੇ ਸ਼ਹਿਰਾਂ ਦੇ ਤਾਰ ਆਦਿ ਕੱਟ ਕੇ ਅੰਗਰੇਜ਼ਾਂ ਨੂੰ ਬੰਦੀ ਬਣਾ ਲਿਆ ਜਾਵੇ ਤੇ ਫਿਰ ਖਜ਼ਾਨਾ ਲੁੱਟ ਕੇ ਮਗਰੋਂ ਸਾਰੇ ਕੈਦੀ ਛੱਡ ਦਿੱਤੇ ਜਾਣ। ਇਸ ਮਗਰੋਂ ਸ਼ਹਿਰਾਂ ਦਾ ਇੰਤਜ਼ਾਮ ਆਪਣੇ ਚੁਣੇ ਹੋਏ ਯੋਗ ਬੰਦਿਆਂ ਨੂੰ ਸੌਂਪ ਕੇ ਤਮਾਮ ਇਨਕਲਾਬੀਆਂ ਦੇ ਦਲ ਪੰਜਾਬ ਵਿੱਚ ਜਾ ਇਕੱਤਰ ਹੋਣ। ਬਗਾਵਤ ਵਾਸਤੇ ਸਮੁੱਚੀ ਸਥਿਤੀ ਨੂੰ ਢੁੱਕਵੀਂ ਜਾਣਦਿਆਂ ਸਾਰੀ ਵਿਉਂਤ ਕਰਨ ਮਗਰੋਂ, 12 ਫਰਵਰੀ 1915 ਈਸਵੀ ਨੂੰ ਗ਼ਦਰ ਦੀ ਤਾਰੀਖ ਨਿਯਮਿਤ ਕਰ ਦਿੱਤੀ ਗਈ 21 ਫਰਵਰੀ ਲਈ ਸਾਰੀ ਤਿਆਰੀ ਹੋ ਚੁੱਕੀ ਸੀ ਪਰ ਐਨ ਵੇਲੇ ਤੇ ‘ਘਰ ਦਾ ਭੇਤੀ ਲੰਕਾ ਢਾਇ ‘ਵਾਲੀ ਸਥਿਤੀ ਆ ਬਣੀ।
ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦੇ ਇੱਕ ਮੈਂਬਰ ਕਿਰਪਾਲ, ਪਿੰਡ ਬਰਾੜ ਜ਼ਿਲ੍ਹਾ ਅੰਮ੍ਰਿਤਸਰ ਨੇ ਗ਼ਦਰ ਦੀ ਤਾਰੀਖ ਪੁਲਿਸ ਨੂੰ ਸੂਚਿਤ ਕਰ ਕੇ, ਇਤਿਹਾਸ ਦੇ ਪੰਨਿਆਂ ‘ਤੇ ਆਪਣਾ ਨਾਂ ਸਦਾ ਲਈ ਕਲੰਕਿਤ ਕਰ ਲਿਆ। ਮੁਖ਼ਬਰ ਰਾਹੀਂ ਗ਼ਦਰ ਦੀ ਖ਼ਬਰ ਸਰਕਾਰ ਤੱਕ ਪਹੁੰਚਾਉਣ ਦੀ ਜਾਣਕਾਰੀ ਛੇਤੀ ਹੀ ਗ਼ਦਰ ਪਾਰਟੀ ਨੂੰ ਮਿਲ ਗਈ। ਅਜਿਹੀ ਹਾਲਤ ਵਿੱਚ 16 ਫਰਵਰੀ ਨੂੰ ਪਾਰਟੀ ਨੇ ਨਵਾਂ ਫੈਸਲਾ ਲੈ ਲਿਆ ਤੇ ਗ਼ਦਰ ਦੀ ਤਾਰੀਖ 21 ਦੀ ਬਜਾਏ 19 ਫਰਵਰੀ ਕਰ ਦਿੱਤੀ ਗਈ, ਪਰ ਬਦਕਿਸਮਤੀ ਨਾਲ ਕਿਰਪਾਲ ਨੂੰ ਬਦਲੀ ਤਾਰੀਖ ਦਾ ਵੀ ਇਲਮ ਹੋ ਗਿਆ ਤੇ ਉਸ ਨੇ ਇਸ ਬਾਰੇ ਵੀ ਅੰਗਰੇਜ਼ ਸਰਕਾਰ ਨੂੰ ਸੂਚਿਤ ਕਰ ਦਿੱਤਾ। ਬੇਸ਼ੱਕ ਆਗੂਆਂ ਨੂੰ ਕਿਰਪਾਲ ਸਿੰਘ ਦੀ ਮੰਦੀ ਨੀਅਤ ‘ਤੇ ਸ਼ੱਕ ਹੋ ਗਿਆ ਸੀ ਤੇ ਉਸ ਤੇ ਨਿਗਰਾਨੀ ਵੀ ਰੱਖੀ ਜਾ ਰਹੀ ਸੀ, ਪਰ ਤਦ ਵੀ ਉਹ ਆਪਣੇ ਘਟੀਆ ਮਨਸੂਬਿਆਂ ‘ਚ ਸਫਲ ਹੋ ਗਿਆ। ਉਸ ਤੋਂ ਮਿਲੀ ਇਤਲਾਹ ਮੁਤਾਬਿਕ ਹਕੂਮਤ ਪੂਰੀ ਤਰਾਂ ਚੌਕੰਨੀ ਹੋ ਗਈ। ਛਾਉਣੀਆਂ ਦੀ ਨਿਗਰਾਨੀ ਸਖਤ ਕਰ ਦਿੱਤੀ ਗਈ। ਜਿਨਾਂ ਥਾਵਾਂ ਤੋਂ ਬਗ਼ਾਵਤ ਦਾ ਸ਼ੱਕ ਸੀ, ਉੱਥੋਂ ਸ਼ੱਕੀ ਫੌਜੀਆਂ ਨੂੰ ਬਦਲ ਦਿੱਤਾ ਗਿਆ। ਪੁਲਿਸ ਨੇ ਪੂਰੀ ਤਿਆਰੀ ਨਾਲ 19 ਫਰਵਰੀ ਸ਼ਾਮ ਸਾਢੇ ਚਾਰ ਵਜੇ ਲਾਹੌਰ ਵਿਚਲੇ ਗ਼ਦਰੀਆਂ ਦੇ ਮੁੱਖ ਟਿਕਾਣੇ ਮੋਚੀ ਦਰਵਾਜ਼ੇ ਵਾਲੇ ਮਕਾਨ ‘ਤੇ ਛਾਪਾ ਮਾਰਿਆ ਤੇ ਸੱਤ ਪ੍ਰਮੁੱਖ ਇਨਕਲਾਬੀਆਂ ਨੂੰ ਗ੍ਰਿਫਤਾਰ ਕਰ ਲ਼ਿਆ। ਛਾਪੇ ਦੌਰਾਨ ਪੁਲਿਸ ਨੂੰ ਅਜਿਹੇ ਖੁਫੀਆ ਪੱਤਰ ਵੀ ਮਿਲ ਗਏ ਜਿਨ੍ਹਾਂ ‘ਚ ਗ਼ਦਰ ਦੀ ਵਿਉਂਤ ਬਾਰੇ ਡੂੰਘੀ ਵਾਕਫੀਅਤ ਸੀ। ਫ਼ਿਰੰਗੀ ਸਰਕਾਰ ਨੇ ਪ੍ਰਾਪਤ ਦਸਤਾਵੇਜ਼ਾਂ ਦੇ ਆਧਾਰ ‘ਤੇ ਤਾਰਾਂ ਰਾਹੀਂ ਸਾਰੀਆਂ ਛਾਉਣੀਆਂ ਨੂੰ ਚੌਕਸ ਕਰ ਦਿੱਤਾ। ਇਸ ਤਰਾਂ ਆਜ਼ਾਦੀ ਲਈ ਹੋਣ ਵਾਲੀ ਵੱਡੀ ਬਗਾਵਤ ਨੂੰ ਗਦਾਰਾਂ ਨੇ ਸਿਰੇ ਨਾ ਚੜਨ ਦਿੱਤਾ ਅਤੇ ਗ਼ਦਰ ਨੂੰ ਨਾਕਾਮਯਾਬ ਬਣਾ ਦਿੱਤਾ। ਵਿਦਰੋਹ ਵਾਸਤੇ ਕੇਂਦਰ ਲਾਹੌਰ ਦੀ ਛਾਉਣੀ ਮੀਆਂ ਮੀਰ ਦੇ ਅਸਲੇ ਨੰਬਰ ਦੋ ਦੇ ਸਿਪਾਹੀਆਂ ਖਿਲਾਫ, ਗ਼ਦਰ ‘ਚ ਸ਼ਮੂਲੀਅਤ ਲਈ ਸ਼ੱਕ ਦੇ ਆਧਾਰ ਤੇ ਕਾਰਵਾਈ ਕੀਤੀ ਗਈ।
ਗ਼ਦਰੀ ਯੋਧੇ ਅਗਾਂਹ ਵਧੂ ਬਾਲੇ ਜਰਨੈਲ ਭਾਈ ਕਰਤਾਰ ਸਿੰਘ ਸਰਾਭਾ ਅਤੇ ਸੂਝ ਬੂਝ ਵਾਲੀ ਧਾਰਮਿਕ ਸ਼ਖਸੀਅਤ ਭਾਈ ਸਾਹਿਬ ਭਾਈ ਰਣਧੀਰ ਸਿੰਘ (ਅਖੰਡ ਕੀਰਤਨੀ ਜੱਥਾ) ਦਰਮਿਆਨ ਬੜੇ ਨਿਘੇ ਸਬੰਧ ਰਹੇ। ਫਿਰੋਜ਼ਪੁਰ ਛਾਉਣੀ ਵਿੱਚ ਗ਼ਦਰ ਫੈਲਾਉਣ ਲਈ ਜ਼ਿੰਮੇਵਾਰ ਆਗੂਆਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਤੇ ਭਾਈ ਕਰਤਾਰ ਸਿੰਘ ਸਰਾਭਾ ਦੁਆਰਾ ਸਰਗਰਮੀ ਦਿਖਾਈ ਗਈ। ਦੂਜੇ ਪਾਸੇ ਫਰੰਗੀ ਹਕੂਮਤ ਵੱਲੋਂ ਗ਼ਦਰ ਦੀ ਸਾਜਿਸ਼ ‘ਚ ਸ਼ਾਮਿਲ ਫੌਜੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਗ਼ਦਰੀ ਮੁੱਲਾ ਸਿੰਘ ਮੀਰਾਕੋਟ ਨੂੰ ਕੈਦੀ ਬਣਾ ਲਿਆ ਗਿਆ, ਜੋ ਪੁਲਿਸ ਦਾ ਜ਼ੁਲਮ ਸਹਿਣ ਨਾ ਕਰਦੇ ਹੋਏ ਮਗਰੋਂ ਵਾਅਦਾ- ਮੁਆਫ਼ ਗਵਾਹ ਬਣ ਗਿਆ। ਮੁੱਲਾ ਸਿੰਘ ਵਾਂਗ ਹੀ ਪਾਰਟੀ ਕਾਰਕੁੰਨ ਅਮਰ ਸਿੰਘ ਵੀ ਸਰਕਾਰੀ ਕੁੱਟਮਾਰ ਅੱਗੇ ਝੁਕ ਗਿਆ ਤੇ ਇਨਾਂ ਨੇ ਆਪਣੇ ਸਰਗਰਮ ਸਾਥੀਆਂ ਦੇ ਟਿਕਾਣਿਆਂ ਦੇ ਭੇਦ ਦੱਸ ਦਿੱਤੇ । ਪੁਲਿਸ ਨੇ ਪਿੰਡਾਂ ਸ਼ਹਿਰਾਂ ਵਿੱਚ ਬਹੁਤ ਛਾਪੇ ਮਾਰੇ ਤੇ ਤਕਰੀਬਨ ਸਾਰੇ ਗ਼ਦਰੀ ਆਗੂਆਂ ਫੜ ਲਏ।
ਕੈਨੇਡਾ ‘ਚ ਗ਼ਦਰੀਆਂ ਨਾਲ ਲੰਮਾ ਸਮਾਂ ਵਿਚਰਦੇ ਰਹੇ ਮੁਖ਼ਬਰ ਕਿਰਪਾਲ ਦੁਆਰਾ ਹਕੂਮਤ ਨੂੰ ਗ਼ਦਰ ਦੀ ਸੂਹ ਦੇਣ ਅਤੇ ਕੌਮ ਨਾਲ ਗ਼ਦਾਰੀ ਕਰਨ ਦੇ ਇਨਾਮ ਵਜੋਂ ਤੀਹ ਹਜ਼ਾਰ ਰੁਪਏ ਨਕਦ ਤੇ ਪੰਜ ਮੁਰੱਬੇ ਜ਼ਮੀਨ ਮਿਲੀ, ਪਰ ਉਸ ਦੇ ਗੁਨਾਹਾਂ ਤੇ ਪਾਪਾਂ ਦਾ ਡੰਨ ਸਮਾਂ ਪਾ ਕੇ, ਗਦਰੀ ਯੋਧਿਆਂ ਤੇ ਬੱਬਰ ਅਕਾਲੀਆਂ ਨੇ 1932 ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦੇ ਕੇ ਦਿੱਤਾ। ਫ਼ਿਰੰਗੀ ਮੁਖਬਰਾਂ ਦੀ ਸੂਚੀ ਇੱਕ ਹੋਰ ਨਾਂ ਨਵਾਬ ਖਾਂ ਹਲਵਾਰਾ ਜ਼ਿਲਾ ਲੁਧਿਆਣਾ ਵੀ ਜ਼ਿਕਰਯੋਗ ਹੈ। ਇਹ ਔਰੇਗਨ ਸਟੇਟ ਦੇ ਸ਼ਹਿਰ ਆਸਟੇਰੀਆ ‘ਚ ਗ਼ਦਰੀ ਸਰਗਰਮੀਆਂ ‘ਚ ਆਗੂ ਰਿਹਾ ਅਤੇ ਇਸ ਬਾਰੇ ਕਿਸੇ ਨੂੰ ਸਰਕਾਰੀ ਸੂਹੀਆ ਹੋਣ ਦਾ ਜ਼ਰਾ ਵੀ ਖਿਆਲ ਨਹੀਂ ਸੀ। ਨਵਾਬ ਖਾਨ ਬਹੁਤੇ ਗ਼ਦਰੀਆਂ ਦੇ ਰਿਸ਼ਤੇਦਾਰਾ ਆਦਿ ਬਾਰੇ ਭਲੀ-ਭਾਂਤ ਜਾਣਕਾਰੀ ਜਾਣਦਾ ਸੀ ਤੇ ਇਸ ਦੀਆਂ ਰਿਪੋਰਟਾਂ ‘ਤੇ ਬਹੁਤ ਸਾਰੇ ਇਨਕਲਾਬੀ ਗ੍ਰਿਫਤਾਰ ਹੋਏ । ਮਗਰੋਂ ਨਵਾਬ ਖਾਨ ਲਾਹੌਰ ਕੇਸ ਅਤੇ ਫਿਰ ਅਮਰੀਕਾ ਸਾਜ਼ਿਸ਼ ਕੇਸ ਵਿੱਚ ਸਰਕਾਰੀ ਗਵਾਹ ਬਣਿਆ। ਗਦਰ ਦੇ ਮਨੋਰਥ ‘ਤੇ ਉਦੋਂ ਹੀ ਪਾਣੀ ਫਿਰ ਗਿਆ, ਜਦ ਇਸ ਤੋਂ ਪਹਿਲਾਂ ਹੀ ਇਤਲਾਹ ਅੰਗਰੇਜ਼ ਸਰਕਾਰ ਨੂੰ ਮੁਖ਼ਬਰਾਂ ਪਾਸੋਂ ਮਿਲ ਗਈ ।
(ਚਲਦਾ)

 

Check Also

ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਤੇ ਹਾਪਕਿਨਸਨ ਦਾ ਕਤਲ

ਡਾ. ਗੁਰਵਿੰਦਰ ਸਿੰਘ ਕੈਨੇਡਾ ਦੀ ਧਰਤੀ ‘ਤੇ ਮਹਾਨ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੇ ਐਂਗਲੋ …