Breaking News
Home / ਮੁੱਖ ਲੇਖ / ਪੰਜਾਬ ‘ਚੋਂ ਕੌਮਾਂਤਰੀ ਪਰਵਾਸ ਅਤੇ ਇਸ ਦੇ ਸਿੱਟੇ

ਪੰਜਾਬ ‘ਚੋਂ ਕੌਮਾਂਤਰੀ ਪਰਵਾਸ ਅਤੇ ਇਸ ਦੇ ਸਿੱਟੇ

ਡਾ. ਗੁਰਿੰਦਰ ਕੌਰ
ਡਾ. ਗਿਆਨ ਸਿੰਘ
ਮਨੁੱਖਾ ਹੋਂਦ ਦੀ ਸ਼ੁਰੂਆਤ ਦੇ ਨਾਲ ਹੀ ਇਸ ਦਾ ਪਰਵਾਸ ਵੀ ਸ਼ੁਰੂ ਹੋ ਗਿਆ ਸੀ। ਪਹਿਲਾਂ-ਪਹਿਲ ਮਨੁੱਖ ਆਪਣੇ ਜਿਊਣ ਲਈ ਖਾਧ ਪਦਾਰਥਾਂ ਦੀ ਭਾਲ ਵਿਚ ਇਕ ਤੋਂ ਦੂਜੀ ਥਾਂ ਪਰਵਾਸ ਕਰਦੇ ਸਨ। ਮਨੁੱਖਾਂ ਨੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਜਾਨਵਰ ਪਾਲਣੇ ਅਤੇ ਫ਼ਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ ਜਿਸ ਦੇ ਨਤੀਜੇ ਵਜੋਂ ਹੌਲੀ ਹੌਲੀ ਪਿੰਡ ਅਤੇ ਸ਼ਹਿਰ ਹੋਂਦ ਵਿਚ ਆਏ। ਮਨੁੱਖਾਂ ਨੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਪਿੰਡਾਂ ਤੋਂ ਪਿੰਡਾਂ ਵੱਲ ਅਤੇ ਪਿੰਡਾਂ ਤੋਂ ਸ਼ਹਿਰਾਂ ਵੱਲ ਪਰਵਾਸ ਸ਼ੁਰੂ ਕੀਤਾ। ਜਨਸੰਖਿਆ ਵਧਣ ਅਤੇ ਵੱਖ ਵੱਖ ਮੁਲਕਾਂ ਦੇ ਆਰਥਿਕ ਵਿਕਾਸ ਦੇ ਵਖਰੇਵਿਆਂ ਕਾਰਨ ਕੌਮਾਂਤਰੀ ਪਰਵਾਸ ਹੋਂਦ ਵਿਚ ਆਇਆ। ਕੌਮਾਂਤਰੀ ਪਰਵਾਸ ਦੇ ਅਨੇਕ ਕਾਰਨ ਹੋ ਸਕਦੇ, ਜਿਵੇਂ ਬਿਹਤਰ ਜ਼ਿੰਦਗੀ ਜਿਊਣ ਦਾ ਸੁਪਨਾ, ਪਰਿਵਾਰ ਨਾਲ ਇਕੱਠੇ ਰਹਿਣਾ, ਯੁੱਧਾਂ, ਲੜਾਈਆਂ-ਝਗੜਿਆਂ ਜਾਂ ਵਾਤਾਵਰਨ ਵਿਚ ਵਿਗਾੜਾਂ ਤੋਂ ਬਚਣਾ ਆਦਿ।
ਭਾਰਤੀ ਕੌਮਾਂਤਰੀ ਪਰਵਾਸੀਆਂ ਦੀ ਗਿਣਤੀ ਦੁਨੀਆਂ ਵਿਚ ਦੂਜੇ ਨੰਬਰ ਉੱਤੇ ਆਉਂਦੀ ਹੈ। ਭਾਰਤ ਵਾਂਗ ਪੰਜਾਬ ਵਿਚੋਂ ਦੂਜੇ ਮੁਲਕਾਂ ਨੂੰ ਪਰਵਾਸ ਦੋ ਤਰ੍ਹਾਂ ਦਾ ਹੋ ਰਿਹਾ ਹੈ: ਪਹਿਲੇ, ਉਹ ਕਾਮੇ ਜੋ ਗ਼ੈਰ-ਹੁਨਰਮੰਦ ਅਤੇ ਅਰਧ-ਹੁਨਰਮੰਦ ਸ਼੍ਰੇਣੀਆਂ ਵਿਚ ਆਉਂਦੇ ਹਨ ਜੋ ਜ਼ਿਆਦਾਤਰ ਖਾੜੀ ਦੇ ਮੁਲਕਾਂ ਵਿਚ ਪਰਵਾਸ ਕਰਦੇ ਹਨ ਅਤੇ ਦੂਜੇ, ਅਰਧ-ਹੁਨਰਮੰਦ ਕਾਮੇ, ਪੇਸ਼ਾਵਰ ਲੋਕ ਅਤੇ ਵਿਦਿਆਰਥੀ ਜੋ ਜ਼ਿਆਦਾਤਰ ਦੁਨੀਆਂ ਦੇ ਉੱਨਤ ਸਰਮਾਏਦਾਰ ਮੁਲਕਾਂ ਵਿਚ ਪਰਵਾਸ ਕਰਦੇ ਹਨ। ਪੰਜਾਬ ਵਿਚੋਂ ਕੌਮਾਂਤਰੀ ਪਰਵਾਸ ਦੇ ਅਨੇਕਾਂ ਕਾਰਨ ਹੋ ਸਕਦੇ ਹਨ ਪਰ ਮੁੱਖ ਕਾਰਨ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਅਤੇ ਪ੍ਰਾਪਤ ਰੁਜ਼ਗਾਰ ਦੇ ਮਿਆਰ ਦੇ ਪੱਧਰ ਦਾ ਨੀਵਾਂ ਹੋਣਾ ਹਨ।
ਪੰਜਾਬ ਵਿਚੋਂ ਕੌਮਾਂਤਰੀ ਪਰਵਾਸੀਆਂ ਨੇ ਜਿੱਥੇ ਆਪਣੇ ਅਤੇ ਸੂਬੇ/ਮੁਲਕ ਲਈ ਕਮਾਇਆ ਹੈ, ਉੱਥੇ ਉਨ੍ਹਾਂ ਨੇ ਆਪਣੇ ਅਤੇ ਸੂਬੇ/ਮੁਲਕ ਲਈ ਗੁਆਇਆ ਵੀ ਹੈ। ਆਜ਼ਾਦੀ ਦੇ ਸੰਘਰਸ਼ ਦੌਰਾਨ ਪੰਜਾਬ ਦੇ ਕੌਮਾਂਤਰੀ ਪਰਵਾਸੀਆਂ ਨੇ ਸਿਰਫ਼ ਵਿੱਤੀ ਮਦਦ ਹੀ ਨਹੀਂ ਕੀਤੀ ਸਗੋਂ ਗਦਰ ਲਹਿਰ ਨੂੰ ਜਨਮ ਦਿੱਤਾ। ਇਉਂ ਕੌਮਾਂਤਰੀ ਪਰਵਾਸੀਆਂ ਨੇ ਮੁਲਕ ਦੀ ਆਜ਼ਾਦੀ ਵਿਚ ਆਪਣਾ ਕੀਮਤੀ ਅਤੇ ਪ੍ਰਸ਼ੰਸਾਯੋਗ ਯੋਗਦਾਨ ਪਾਇਆ। ਖਾੜੀ ਦੇ ਮੁਲਕਾਂ ਵਿਚ ਪਰਵਾਸ ਕਰਨ ਵਾਲੇ ਕਿਰਤੀ ਲਗਾਤਾਰ ਆਪਣੇ ਪਰਿਵਾਰਾਂ ਨੂੰ ਰਕਮਾਂ ਭੇਜਦੇ ਹਨ। ਦੁਨੀਆਂ ਦੇ ਉੱਨਤ ਸਰਮਾਏਦਾਰ ਮੁਲਕਾਂ ਵਿਚੋਂ ਵੀ ਕੁਝ ਪੰਜਾਬੀ ਪਰਵਾਸੀ ਪਹਿਲੀ ਪੀੜ੍ਹੀ ਤੱਕ ਆਪਣੇ ਪਰਿਵਾਰਾਂ ਨੂੰ ਰਕਮਾਂ ਭੇਜਦੇ ਹਨ ਪਰ ਹੁਣ ਇਹ ਰੁਝਾਨ ਘਟ ਰਿਹਾ ਹੈ।
ਬਾਹਰਲੇ ਮੁਲਕਾਂ ਵਿਚੋਂ ਕਮਾ ਕੇ ਭੇਜੀਆਂ ਰਕਮਾਂ ਨਾਲ ਜਿੱਥੇ ਪੰਜਾਬੀ ਕੌਮਾਂਤਰੀ ਪਰਵਾਸੀਆਂ ਦੇ ਪਰਿਵਾਰ ਤਰੱਕੀ ਦੇ ਰਾਹ ਉੱਪਰ ਅੱਗੇ ਗਏ, ਉੱਥੇ ਪੰਜਾਬ ਕੌਮਾਂਤਰੀ ਪਰਵਾਸੀਆਂ ਨੇ ਪੰਜਾਬ ਅਤੇ ਭਾਰਤ ਦੀ ਤਰੱਕੀ ਵਿਚ ਵੀ ਯੋਗਦਾਨ ਪਾਇਆ। ਇਨ੍ਹਾਂ ਪੰਜਾਬੀ ਪਰਵਾਸੀਆਂ ਨੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਹੋਈ ਆਰਥਿਕ ਤਰੱਕੀ, ਉਨ੍ਹਾਂ ਮੁਲਕਾਂ ਦੀਆਂ ਸਮਾਜਿਕ-ਸਭਿਆਚਾਰਕ ਅਤੇ ਰਾਜਸੀ ਕਦਰਾਂ-ਕੀਮਤਾਂ ਬਾਰੇ ਜੋ ਗਿਆਨ ਪ੍ਰਾਪਤ ਕੀਤਾ, ਉਸ ਦਾ ਫ਼ਾਇਦਾ ਵੀ ਪੰਜਾਬ ਅਤੇ ਭਾਰਤ ਨੂੰ ਹੋਇਆ।
ਪੰਜਾਬ ਵਿਚੋਂ ਕੌਮਾਂਤਰੀ ਪਰਵਾਸੀਆਂ ਨੇ ਆਪਣੇ ਸੂਬੇ ਅਤੇ ਮੁਲਕ ਲਈ ਜੋ ਕਮਾਇਆ, ਉਸ ਨਾਲੋਂ ਜੋ ਗੁਆਇਆ ਹੈ ਤੇ ਗੁਆ ਰਹੇ ਹਨ, ਉਸ ਦੀ ਸੂਚੀ ਲੰਮੀ ਹੈ। ਇਨ੍ਹਾਂ ਦੋਵਾਂ ਪੱਖਾਂ ਦੇ ਵਿਖਿਆਨ ਅਤੇ ਵਿਸ਼ਲੇਸ਼ਣ ਲਈ ਬੇਬੇ ਗੁਰਨਾਮ ਕੌਰ ਮੈਮੋਰੀਅਲ ਐਜੂਕੇਸ਼ਨਲ ਸੈਂਟਰ, ਈਸੜੂ (ਲੁਧਿਆਣਾ) ਦੇ ਸਪਾਂਸਰ ਕੀਤੇ ਪ੍ਰਾਜੈਕਟ ‘ਪੇਂਡੂ ਪੰਜਾਬ ਵਿਚੋਂ ਕੌਮਾਂਤਰੀ ਪਰਵਾਸ ਦਾ ਸਮਾਜਿਕ-ਆਰਥਿਕ ਜਨਸੰਖਿਅਕ ਵਿਸ਼ਲੇਸ਼ਣ’ ਲਈ ਇਸ ਲੇਖ ਦੇ ਲੇਖਕਾਂ ਅਤੇ ਡਾ. ਧਰਮਪਾਲ, ਡਾ. ਰਸ਼ਮੀ, ਡਾ. ਰੁਪਿੰਦਰ ਕੌਰ, ਡਾ. ਸੁਖਵੀਰ ਕੌਰ ਅਤੇ ਡਾ. ਜੋਤੀ ਦੀ ਟੀਮ ਨੇ ਮਾਝਾ, ਦੋਆਬਾ ਤੇ ਮਾਲਵਾ ਦੇ ਪਿੰਡਾਂ ਦਾ ਖੋਜ ਅਧਿਐਨ ਸ਼ੁਰੂ ਕੀਤਾ ਸੀ ਜੋ ਕਰੋਨਾ ਕਾਰਨ ਲਗਾਏ ਲੌਕਡਾਊਨ ਕਰ ਕੇ ਵਿਚਕਾਰ ਹੀ ਰੋਕਣਾ ਪਿਆ। ਲੌਕਡਾਊਨ ਤੋਂ ਪਹਿਲਾਂ ਮਾਲਵਾ ਖੇਤਰ ਦੇ ਪਟਿਆਲੇ ਜ਼ਿਲ੍ਹੇ ਦੇ 5 ਪਿੰਡਾਂ ਦਾ ਫੀਲਡ ਸਰਵੇਖਣ ਪੂਰਾ ਹੋ ਗਿਆ ਸੀ। ਇਨ੍ਹਾਂ 5 ਪਿੰਡਾਂ ਦੇ 207 ਘਰਾਂ ਵਿਚੋਂ ਕੌਮਾਂਤਰੀ ਪਰਵਾਸ ਹੋਇਆ ਹੈ। ਪਰਵਾਸ ਕਰਨ ਵਾਲਿਆਂ ਦੀ ਗਿਣਤੀ 296 ਹੈ ਅਤੇ 12 ਪਰਵਾਸ ਅਜਿਹੇ ਸਨ ਜੋ ਪੱਕੇ ਤੌਰ ਉੱਤੇ ਦੂਜੇ ਮੁਲਕਾਂ ਵਿਚ ਵੱਸ ਗਏ ਹਨ।
ਇਨ੍ਹਾਂ 296 ਵਿਅਕਤੀਆਂ ਵਿਚੋਂ 274 ਜਨਰਲ ਸ਼੍ਰੇਣੀ, 14 ਅਨੁਸੂਚਿਤ ਜਾਤੀਆ ਅਤੇ 8 ਪਛੜੇ ਵਰਗ ਨਾਲ ਸਬੰਧਿਤ ਹਨ। ਜਨਰਲ ਸ਼੍ਰੇਣੀ ਦੇ 274 ਵਿਅਕਤੀਆਂ ਵਿਚੋਂ 271 (ਜੋ ਕੁੱਲ ਪਰਵਾਸੀਆਂ ਦਾ 91.55 ਫ਼ੀਸਦ ਬਣਦਾ ਹੈ) ਜੱਟ ਅਤੇ 3 (1.01 ਫ਼ੀਸਦ) ਬ੍ਰਾਹਮਣ ਹਨ। ਜੱਟਾਂ ਵਿਚੋਂ 125 ਕੈਨੇਡਾ, 64 ਆਸਟਰੇਲੀਆ, 24 ਨਿਊਜ਼ੀਲੈਂਡ, 17 ਅਮਰੀਕਾ, 15 ਇਟਲੀ ਅਤੇ ਬਾਕੀ ਦੇ ਹੋਰ ਮੁਲਕਾਂ ਵਿਚ ਗਏ ਹਨ। ਬ੍ਰਾਹਮਣਾਂ ਵਿਚੋਂ ਇਕ ਇਕ ਵਿਅਕਤੀ ਆਸਟਰੇਲੀਆ, ਕੈਨੇਡਾ ਅਤੇ ਦੁਬਈ ਗਿਆ ਹੈ। ਅਨੁਸੂਚਿਤ ਜਾਤੀਆਂ ਵਿਚੋਂ 8 (2.70 ਫ਼ੀਸਦ) ਗਡਰੀਆ, 5 (1.69 ਫ਼ੀਸਦ) ਰਮਦਾਸੀਆ ਅਤੇ ਸਿਰਫ਼ 1 (0.34 ਫ਼ੀਸਦ) ਬਾਜ਼ੀਗਰ ਕਬੀਲੇ ਨਾਲ ਸਬੰਧਿਤ ਹਨ। ਗਡਰੀਆ ਜਾਤ ਦੇ 8 ਵਿਚੋਂ 4 ਸਾਈਪਰਸ, 2 ਜੌਰਡਨ ਅਤੇ 1-1 ਇਟਲੀ ਤੇ ਜਰਮਨੀ ਗਏ ਹਨ। ਰਮਦਾਸੀਆ ਦੇ 5 ਵਿਚੋਂ 2-2 ਕੈਨੇਡਾ ਤੇ ਜੌਰਡਨ ਅਤੇ ਇਕ ਦੁਬਈ ਗਿਆ। ਬਾਜ਼ੀਗਰ ਜਾਤ ਨਾਲ ਸਬੰਧਿਤ ਇਕ ਜਣਾ (0.34 ਫ਼ੀਸਦ) ਮਲੇਸ਼ੀਆ ਗਿਆ ਹੈ। ਪਛੜੀ ਸ਼੍ਰੇਣੀ ਦੇ ਜਿਹੜੇ 5 ਜਣਿਆਂ ਨੇ ਕੌਮਾਂਤਰੀ ਪਰਵਾਸ ਕੀਤਾ ਹੈ, ਉਨ੍ਹਾਂ ਵਿਚੋਂ 2 (0.68 ਫ਼ੀਸਦ) ਪਰਜਾਪਤ ਹਨ ਅਤੇ ਦੋਵੇਂ ਦੁਬਈ ਗਏ ਹਨ। ਮਹਿਰਾ ਜਾਤੀ ਦੇ 3 ਜਣਿਆਂ (1.01 ਫ਼ੀਸਦ) ਵਿਚੋਂ 1-1-1 ਮਲੇਸ਼ੀਆ, ਸਾਊਦੀ ਅਰਬ ਅਤੇ ਨਿਊਜੀਲੈਂਡ ਗਿਆ। ਨਾਈ ਜਾਤ ਨਾਲ ਸਬੰਧਿਤ 2 ਵਿਅਕਤੀਆਂ (0.68 ਫ਼ੀਸਦ) ਵਿਚੋਂ 1-1 ਕੈਨੇਡਾ ਤੇ ਆਸਟਰੇਲੀਆ ਗਿਆ। ਲੁਹਾਰ ਜਾਤ ਦੇ ਜਿਹੜੇ 1 ਵਿਅਕਤੀ (0.34 ਫ਼ੀਸਦ) ਨੇ ਪਰਵਾਸ ਕੀਤਾ ਹੈ, ਉਹ ਦੱਖਣੀ ਅਫਰੀਕਾ ਗਿਆ ਹੈ। ਵੱਖ ਵੱਖ ਸ਼੍ਰੇਣੀਆਂ ਦੇ ਪਰਵਾਸ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜਨਰਲ ਸ਼੍ਰੇਣੀ ਦੇ ਜ਼ਿਆਦਾ ਵਿਅਕਤੀ ਉੱਨਤ ਸਰਮਾਏਦਾਰ ਮੁਲਕਾਂ ਅਤੇ ਪਛੜੀ ਸ਼੍ਰੇਣੀ ਦੇ ਜ਼ਿਆਦਾ ਲੋਕਾਂ ਨੇ ਮੁਕਾਬਲਤਨ ਘੱਟ ਉੱਨਤ ਮੁਲਕਾਂ ਵਿਚ ਪਰਵਾਸ ਕੀਤਾ ਹੈ। ਪੇਂਡੂ ਪੰਜਾਬ ਵਿਚ ਆਮ ਕਰਕੇ ਜੱਟਾਂ ਕੋਲ ਜ਼ਮੀਨ ਹੈ ਜਦੋਂ ਕਿ ਪਛੜੀ ਸ਼੍ਰੇਣੀ ਅਤੇ ਅਨੁਸੂਚਿਤ ਜਾਤੀਆਂ ਜ਼ਮੀਨ ਵਿਹੂਣੀਆਂ ਹਨ। ਅਨੁਸੂਚਿਤ ਜਾਤੀਆਂ ਵਿਚੋਂ ਰਮਦਾਸੀਆ ਦੇ ਉੱਨਤ ਸਰਮਾਏਦਾਰ ਮੁਲਕਾਂ ਦੇ ਪਰਵਾਸ ਪਿੱਛੇ ਇਸ ਜਗਤ ਨੂੰ ਸਰਕਾਰੀ ਨੌਕਰੀਆਂ ਵਿਚ ਮਿਲਿਆ ਰਾਖਵਾਂਕਰਨ ਹੈ।
ਜਿਹੜੇ ਵਿਅਕਤੀਆਂ ਨੇ ਕੌਮਾਂਤਰੀ ਪਰਵਾਸ ਕੀਤਾ, ਉਨ੍ਹਾਂ ਵਿਚੋਂ 8.11 ਫ਼ੀਸਦ ਜ਼ਮੀਨ ਵਿਹੂਣੇ, 13.18 ਫ਼ੀਸਦ ਕੋਲ 2.5 ਏਕੜ ਤੱਕ, 21.96 ਫ਼ੀਸਦ ਕੋਲ 2.5 ਤੋਂ ਵੱਧ 5 ਏਕੜ ਤੱਕ, 14.19 ਫ਼ੀਸਦ ਕੋਲ 5 ਤੋਂ ਵੱਧ 7.5 ਏਕੜ ਤੱਕ, 19.59 ਫ਼ੀਸਦ ਕੋਲ 7.5 ਏਕੜ ਤੋਂ ਵੱਧ 10 ਏਕੜ ਤੱਕ ਅਤੇ 22.97 ਫ਼ੀਸਦ ਕੋਲ 10 ਏਕੜ ਤੋਂ ਵੱਧ ਜ਼ਮੀਨ ਦੀ ਮਾਲਕੀ ਹੈ। ਇਹ ਅੰਕੜੇ ਦੋ ਪੱਖ ਸਾਹਮਣੇ ਲਿਆਉਂਦੇ ਹਨ। ਪਹਿਲਾ, ਕੌਮਾਂਤਰੀ ਪਰਵਾਸ ਦੇ ਮਹਿੰਗਾ ਹੋਣ ਕਾਰਨ ਜ਼ਮੀਨ ਦੀ ਮਾਲਕੀ ਦਾ ਯੋਗਦਾਨ ਹੈ। ਦੂਜਾ, ਖੇਤੀਬਾੜੀ ਘਾਟੇ ਵਾਲਾ ਧੰਦਾ ਬਣਾ ਦਿੱਤੇ ਜਾਣ ਕਾਰਨ ਕਿਸਾਨਾਂ ਦੀਆਂ ਸਾਰੀਆਂ ਸ਼੍ਰੇਣੀਆਂ ਦੇ ਬੱਚਿਆਂ ਦਾ ਕੌਮਾਂਤਰੀ ਪਰਵਾਸ ਵੱਲ ਝੁਕਾਅ ਸਾਫ਼ ਦਿਖਾਈ ਦਿੰਦਾ ਹੈ। ਜਿਹੜੇ 296 ਵਿਅਕਤੀਆਂ ਨੇ ਕੌਮਾਂਤਰੀ ਪਰਵਾਸ ਕੀਤਾ, ਉਨ੍ਹਾਂ ਵਿਚੋਂ 92.91 ਫ਼ੀਸਦ ਕਾਨੂੰਨੀ ਅਤੇ ਬਾਕੀ 7.09 ਫ਼ੀਸਦ ਨੇ ਗ਼ੈਰ-ਕਾਨੂੰਨੀ ਤਰੀਕੇ ਵਰਤੇ।
ਕੌਮਾਂਤਰੀ ਪਰਵਾਸ ਦੇ ਮਹਿੰਗਾ ਅਤੇ ਅਨੁਸੂਚਿਤ ਜਾਤਾਂ ਤੇ ਪਛੜੀ ਸ਼੍ਰੇਣੀ ਦੇ ਜ਼ਿਆਦਾ ਘਰਾਂ ਦੇ ਜ਼ਮੀਨ/ਸਾਧਨ ਵਿਹੂਣੇ ਹੋਣ ਦੇ ਨਤੀਜੇ ਵਜੋਂ ਇਨ੍ਹਾਂ ਦੀ ਕੌਮਾਂਤਰੀ ਪਰਵਾਸ ਵਿਚ ਭਾਗੀਦਾਰੀ ਮੁਕਾਬਲਤਨ ਬਹੁਤ ਘੱਟ ਹੈ। ਇਨ੍ਹਾਂ 296 ਪਰਵਾਸੀਆਂ ਵਿਚੋਂ ਅੱਧ ਤੋਂ ਵੱਧ (54.36 ਫ਼ੀਸਦ) ਦਾ ਖ਼ਰਚਾ 10 ਤੋਂ 25 ਲੱਖ ਰੁਪਏ ਦੇ ਵਿਚਕਾਰ ਆਇਆ। ਇਨ੍ਹਾਂ ਪੈਸਿਆਂ ਦੇ ਇੰਤਜ਼ਾਮ ਲਈ ਪਰਵਾਸ ਕਰਨ ਵਾਲਿਆਂ ਦੇ ਘਰਾਂ ਨੂੰ ਸੰਸਥਾਈ ਅਤੇ ਗ਼ੈਰ-ਸੰਸਥਾਈ ਸ੍ਰੋਤਾਂ ਤੋਂ ਕਰਜ਼ਾ ਅਤੇ ਜ਼ਮੀਨ, ਪਲਾਟ, ਘਰ, ਗੱਡੀ, ਖੇਤੀ ਮਸ਼ੀਨਰੀ, ਗਹਿਣੇ ਤੇ ਪਸ਼ੂ ਵੇਚਣੇ ਪਏ। ਇਸ ਤੋਂ ਬਿਨਾਂ ਇਸ ਮਕਸਦ ਲਈ ਘਰਾਂ ਦੀਆਂ ਬੱਚਤਾਂ, ਰਿਸ਼ਤੇਦਾਰਾਂ ਤੋਂ ਮਦਦ ਅਤੇ ਰੁਜ਼ਗਾਰ ਦੇਣ ਵਾਲਿਆਂ ਤੋਂ ਮਦਦ/ਐਡਵਾਂਸ ਰਕਮ ਵੀ ਲਈ ਗਈ।
ਇਸ ਪਰਵਾਸ ਦੇ ਕਾਰਨਾਂ ਵਿਚ ਬੇਰੁਜ਼ਗਾਰੀ (47.30 ਫ਼ੀਸਦ), ਵੱਧ ਆਮਦਨ ਕਮਾਉਣ ਦੀ ਇੱਛਾ (42.91 ਫ਼ੀਸਦ), ਪਰਵਾਸ ਕਰਨ ਵਾਲੇ ਮੁਲਕਾਂ ਵਿਚ ਜੀਵਨ ਪੱਧਰ ਦਾ ਬਿਹਤਰ ਅਤੇ ਉੱਥੇ ਕਾਨੂੰਨ-ਕਾਇਦਿਆਂ ਦੀ ਪਾਲਣਾ ਹੋਣਾ (36.15 ਫ਼ੀਸਦ), ਮਿੱਤਰਾਂ/ਨਾਲ਼ ਦਿਆਂ ਦਾ ਦਬਾਅ (24.66 ਫ਼ੀਸਦ), ਵਿਆਹ (17.23 ਫ਼ੀਸਦ), ਨਸ਼ਿਆਂ ਤੋਂ ਬਚਣਾ (9.12 ਫ਼ੀਸਦ) ਅਤੇ ਇਸ ਤੋਂ ਬਾਅਦ ਪਰਿਵਾਰਕ ਪਰਵਾਸ ਅਤੇ ਉੱਚ-ਵਿੱਦਿਆ ਗ੍ਰਹਿਣ ਕਰਨਾ (4.06 ਫ਼ੀਸਦ) ਸਾਹਮਣੇ ਆਏ।
ਜਿਨ੍ਹਾਂ 296 ਜਣਿਆਂ ਨੇ ਪਰਵਾਸ ਕੀਤਾ, ਉਨ੍ਹਾਂ ‘ਚੋਂ ਸਿਰਫ਼ 34.12% ਨੇ ਪਿੱਛੇ ਆਪਣੇ ਪਰਿਵਾਰਾਂ ਲਈ ਮਦਦ ਭੇਜੀ। ਇਨ੍ਹਾਂ ਵਿਚੋਂ 63.36% ਨੇ ਸਿਰਫ਼ 150000 ਰੁਪਏ ਤੱਕ ਹੀ ਭੇਜੇ। ਇਨ੍ਹਾਂ ਪਰਵਾਸੀਆਂ ਦੇ ਬਾਹਰ ਜਾਣ ਦੇ ਖ਼ਰਚਿਆਂ ਅਤੇ ਵਾਪਸ ਭੇਜੀਆਂ ਗਈਆਂ ਰਕਮਾਂ ਵਿਚਲਾ ਖੱਪਾ ਸਿੱਧੇ ਤੌਰ ਉੱਤੇ ਪੂੰਜੀ ਦੇ ਹੂੰਝੇ ਨੂੰ ਸਾਹਮਣੇ ਲਿਆਉਂਦਾ ਹੈ। ਫੀਲਡ ਸਰਵੇਖਣ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਹੂੰਝਾ ਆਉਣ ਵਾਲੇ ਸਮੇਂ ਦੌਰਾਨ ਹੋਰ ਵੀ ਵਧੇਗਾ। ਇਸ ਹੂੰਝੇ ਕਾਰਨ 67.67 ਫ਼ੀਸਦ ਪਰਿਵਾਰ 20 ਲੱਖ ਤੱਕ ਜਾ ਉਸ ਤੋਂ ਵੱਧ ਕਰਜ਼ੇ ਥੱਲੇ ਹਨ।
ਕੌਮਾਂਤਰੀ ਪਰਵਾਸ ਕਰਨ ਵਾਲਿਆਂ ਵਿਚ 58.45 ਫ਼ੀਸਦ ਮਰਦ ਅਤੇ 41.55 ਫ਼ੀਸਦ ਔਰਤਾਂ ਹਨ। ਇਨ੍ਹਾਂ ਵਿਚੋਂ ਵੱਡੀ ਗਿਣਤੀ (96.62 ਫ਼ੀਸਦ) ਦੀ ਉਮਰ 15-45 ਸਾਲ ਦੇ ਵਿਚਕਾਰ ਹੈ। ਇਹ ਉਹ ਉਮਰ ਹੈ ਜਿਸ ਵਿਚ ਕੰਮ ਦੀ ਸ਼ਕਤੀ/ਊਰਜਾ ਜ਼ਿਆਦਾ ਹੁੰਦੀ ਹੈ। ਇਸ ਉਮਰ ਵਰਗ ਨੂੰ ਮੁਲਕ ਦਾ ਜਨਸੰਖਿਅਕ ਲਾਭ-ਅੰਸ਼/ਸਾਰਥਿਕ ਪੱਖ ਮੰਨਿਆ ਜਾਂਦਾ ਹੈ। ਜੇ ਇਸ ਉਮਰ ਵਰਗ ਵਾਲੇ ਲੋਕ ਬਾਹਰਲੇ ਮੁਲਕਾਂ ਵਿਚ ਵੱਸ ਜਾਣਗੇ ਤਾਂ ਬਾਕੀ ਦੇ ਵਿਅਕਤੀਆਂ ਦੀ ਕਾਰਜ-ਕੁਸ਼ਲਤਾ ਘੱਟ ਹੋਣ ਕਾਰਨ ਮੁਲਕ/ਸੂਬੇ ਦੀ ਤਰੱਕੀ ਰੁਕੇਗੀ।
ਜੇ ਪਰਵਾਸ ਕਰਨ ਵਾਲਿਆਂ ਦੀ ਸੂਬੇ/ਮੁਲਕ ਵਿਚੋਂ ਪ੍ਰਾਪਤ ਕੀਤੀ ਵਿੱਦਿਆ ਦੇ ਪੱਧਰਾਂ ਵੱਲ ਦੇਈਏ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਵਿਚੋਂ 43.58 ਫ਼ੀਸਦ ਨੇ +2, 29.73 ਫ਼ੀਸਦ ਨੇ ਗਰੈਜੂਏਸ਼ਨ, 10.14 ਫ਼ੀਸਦ ਨੇ ਪੋਸਟ-ਗਰੈਜੂਏਸ਼ਨ, 2.37 ਫ਼ੀਸਦ ਨੇ ਨਰਸਿੰਗ/ਜੀਐੱਨਐੱਮ/ਬੀਡੀਐੱਸ ਅਤੇ 0.68 ਫ਼ੀਸਦ ਨੇ ਤਾਂ ਐੱਮਫਿਲ/ਪੀਐੱਚਡੀ ਪੱਧਰਾਂ ਤੱਕ ਵਿੱਦਿਅਕ ਯੋਗਤਾ ਸੂਬੇ/ਮੁਲਕ ਵਿਚੋਂ ਪ੍ਰਾਪਤ ਕੀਤੀ। ਇਹ ਅੰਕੜੇ ਸੂਬੇ ਵਿਚੋਂ ਬੌਧਿਕ ਹੂੰਝੇ ਨੂੰ ਸਾਹਮਣੇ ਲਿਆਉਂਦੇ ਹਨ। ਇਨ੍ਹਾਂ ਪਰਵਾਸੀਆਂ ਦੇ ਪਾਲਣ-ਪੋਸ਼ਣ ਅਤੇ ਇਨ੍ਹਾਂ ਨੂੰ ਵਿੱਦਿਆ ਦੇਣ ਉੱਪਰ ਸਮਾਜ ਦੀ ਅਥਾਹ ਸ਼ਕਤੀ ਅਤੇ ਸਾਧਨ ਵਰਤੇ ਗਏ ਪਰ ਇਸ ਦਾ ਫ਼ਾਇਦਾ ਬੇਗਾਨੇ ਮੁਲਕਾਂ ਨੂੰ ਹੋਵੇਗਾ। ਇਨ੍ਹਾਂ ਪਰਵਾਸੀਆਂ ਵਿਚੋਂ ਜਿਹੜੇ ਬੱਚੇ ਵਿਦਿਆਰਥੀ ਵੀਜ਼ੇ ਉੱਪਰ ਜਾਂਦੇ ਹਨ, ਉਨ੍ਹਾਂਦੀ ਬਾਹਰਲੇ ਮੁਲਕਾਂ ਵਿਚ ਪ੍ਰਾਪਤ ਵਿੱਦਿਆ ਦਾ ਪੱਧਰ ਇਤਨਾ ਨੀਵਾਂ ਹੈ ਕਿ ਉਨ੍ਹਾਂ ਵਿਚੋਂ ਵੱਡੀ ਗਿਣਤੀ ਜਿਸਮਾਨੀ ਕਿਰਤ ਹੀ ਕਰਦੇ ਹਨ। ਬਾਹਰਲੇ ਮੁਲਕਾਂ ਵਿਚ ਭਾਵੇਂ ਕੁੱਝ ਧਾਰਮਿਕ ਅਦਾਰੇ ਅਤੇ ਵਿਅਕਤੀ ਮਦਦ ਕਰਦੇ ਹਨ ਪਰ ਜ਼ਿਆਦਾਤਰ ਐੱਨਆਰਆਈ ਕਾਰੋਬਾਰੀ ਉਨ੍ਹਾਂ ਦੀ ਜ਼ਿੰਦਗੀ ਨੂੰ ਅਮਰਬੇਲ ਵਾਂਗ ਚੂਸਦੇ ਹੋਏ ਭੋਰਾ ਵੀ ਰਹਿਮ ਨਹੀਂ ਕਰਦੇ।
ਜੇ ਪਰਵਾਸ ਦੇ ਸਮੇਂ ਉੱਪਰ ਨਿਗਾਹ ਮਾਰੀਏ ਤਾਂ ਪਤਾ ਲੱਗਦਾ ਹੈ ਕਿ 2000 ਜਾਂ ਉਸ ਤੋਂ ਪਹਿਲਾਂ ਸਿਰਫ਼ 4.05 ਫ਼ੀਸਦ ਵਿਅਕਤੀਆਂ ਨੇ ਪਰਵਾਸ ਕੀਤਾ ਪਰ 2015 ਤੋਂ ਲੈ ਕੇ 2019 ਤੱਕ ਇਸ ਫ਼ੀਸਦ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ। ਇਨ੍ਹਾਂ 5 ਸਾਲਾਂ ਦੌਰਾਨ 64.86 ਫ਼ੀਸਦ ਪਰਵਾਸ ਹੋਇਆ ਅਤੇ ਪਰਵਾਸ ਦੀ ਫ਼ੀਸਦੀ ਹਰ ਸਾਲ ਪਿਛਲੇ ਸਾਲ ਨਾਲੋਂ ਵਧੀ ਹੈ।
ਸਪਸ਼ਟ ਹੈ ਕਿ ਸੂਬੇ/ਮੁਲਕ ਵਿਚੋਂ ਕੌਮਾਂਤਰੀ ਪਰਵਾਸ ਕਾਰਨ ਬੌਧਿਕ ਅਤੇ ਪੂੰਜੀ ਹੂੰਝੇ, ਸਮਾਜਿਕ ਵਿਗਾੜਾਂ/ਕੀਮਤਾਂ ਅਤੇ ਜਨਸੰਖਿਅਕ ਘਾਟਿਆਂ ਅਤੇ ਕਰੋਨਾਵਾਇਰਸ ਦੀ ਮਹਾਮਾਰੀ ਤੋਂ ਸਬਕ ਲੈਂਦੇ ਹੋਏ ਸਰਕਾਰ ਨੂੰ ਮੁਲਕ ਵਿਚ ਲੋਕ ਅਤੇ ਕੁਦਰਤ-ਪੱਖੀ ਆਰਥਿਕ ਮਾਡਲ ਅਪਨਾਉਣ ਦੇ ਨਾਲ ਨਾਲ ਕਾਨੂੰਨ-ਕਾਇਦਿਆਂ ਨੂੰ ਇਸ ਤਰ੍ਹਾਂ ਲਾਗੂ ਕਰਨਾ ਪਵੇਗਾ ਤਾਂ ਕਿ ਇੱਥੋਂ ਦਾ ਹਰ ਨਾਗਰਿਕ ਸਤਿਕਾਰਯੋਗ ਢੰਗ ਨਾਲ ਜ਼ਿੰਦਗੀ ਜੀਅ ਸਕੇ। ੲੲੲ

Check Also

ਭਾਰਤ ‘ਚ ਕਿਸਾਨ ਮੁੜ ਸੜਕਾਂ ‘ਤੇ ਨਿੱਤਰੇ

ਮੋਹਨ ਸਿੰਘ (ਡਾ.) ਭਾਰਤ ਵਿਚ ਦਿੱਲੀ ਕਿਸਾਨ ਅੰਦੋਲਨ ਵਾਂਗ ਕਿਸਾਨਾਂ ਨੂੰ ਬੈਰੀਕੇਡਾਂ ਦਾ ਫਿਰ ਸਾਹਮਣਾ …