Breaking News
Home / ਮੁੱਖ ਲੇਖ / ਕਰੋਨਾ : ਨਿਵੇਕਲੇ ਤੇ ਹਟਵੇਂ ਕਦਮ ਉਠਾਉਣ ਦਾ ਵੇਲ਼ਾ

ਕਰੋਨਾ : ਨਿਵੇਕਲੇ ਤੇ ਹਟਵੇਂ ਕਦਮ ਉਠਾਉਣ ਦਾ ਵੇਲ਼ਾ

  ਰਣਜੀਤ ਸਿੰਘ ਘੁੰਮਣ
ਸੰਸਾਰ ਬੀਤੇ 100 ਸਾਲਾਂ ਤੋਂ ਵੀ ਵੱਧ ਅਰਸੇ ਤੋਂ ਸਮੇਂ ਸਮੇਂ ਤੇ ਕਿਸੇ ਨਾ ਕਿਸੇ ਭਿਆਨਕ ਵਾਇਰਸ ਦਾ ਸ਼ਿਕਾਰ ਹੁੰਦਾ ਆਇਆ ਹੈ ਪਰ ਬੀਤੇ ਵਿਚ ਕਦੇ ਵੀ ਇਸ ਦੀ ਹੁਣ ਵਰਗੀ ਦਹਿਸ਼ਤ ਦਿਖਾਈ ਨਹੀਂ ਸੀ ਦਿੱਤੀ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਕੋਵਿਡ-19 (ਵਾਇਰਸ ਤੋਂ ਪੈਦਾ ਹੋਣ ਵਾਲੀ ਬਿਮਾਰੀ) ਨੇ ਸਾਰਿਆਂ ਹੀ ਮੁਲਕਾਂ ਨੂੰ ਆਪਣੇ ਘੇਰੇ ਵਿਚ ਲੈ ਲਿਆ ਹੈ ਅਤੇ ਹਾਲੇ ਤੱਕ ਇਸ ਭਿਆਨਕ ਮਹਾਮਾਰੀ ਦੀ ਕੋਈ ਦਵਾਈ ਜਾਂ ਟੀਕਾ ਨਹੀਂ ਖੋਜਿਆ ਜਾ ਸਕਿਆ। ਹਾਲੀਆ ਰਿਪੋਰਟਾਂ ਮੁਤਾਬਕ ਦੁਨੀਆਂ ਭਰ ਵਿਚ 22 ਲੱਖ ਤੋਂ ਵੱਧ ਲੋਕ ਇਸ ਬਿਮਾਰੀ ਤੋਂ ਪੀੜਤ ਹੋ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ ਡੇਢ ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਸੰਸਾਰ ਸਿਹਤ ਸੰਸਥਾ (ਡਬਲਿਊਐੱਚਓ) ਨੇ ਕੋਵਿਡ-19 ਨੂੰ ਦੁਨੀਆਂ ਭਰ ਵਿਚ ਫੈਲੀ ਮਹਾਂਮਾਰੀ ਕਰਾਰ ਦਿੱਤਾ ਹੈ ਅਤੇ ਇਸ ਕਾਰਨ ਤਕਰੀਬਨ ਸਾਰੀ ਦੁਨੀਆਂ ਵਿਚ ਲੌਕਡਾਊਨ ਜਾਰੀ ਹੈ। ਲੌਕਡਾਊਨ ਦੇ ਸਿੱਟੇ ਵਜੋਂ ਅੱਜ ਸਾਰੇ ਲੋਕ ਆਪਣੇ ਘਰਾਂ ਵਿਚ ਬੰਦ ਹੋ ਕੇ ਰਹਿ ਗਏ ਹਨ ਅਤੇ ਅਰਥਚਾਰੇ ਦੇ ਵੱਖੋ-ਵੱਖ ਸੈਕਟਰਾਂ ਨਾਲ ਸਬੰਧਤ ਬਹੁਗਿਣਤੀ ਕਾਮੇ (ਕੁੱਲ 331.7 ਕਰੋੜ ਵਿਚੋਂ) ਆਪਣੇ ਘਰਾਂ ਤੋਂ ਕੰਮ ਕਰਨ ਲਈ ਮਜਬੂਰ ਹਨ। ਸਿਰਫ਼ ਐਮਰਜੈਂਸੀ ਅਤੇ ਬਹੁਤ ਹੀ ਜ਼ਰੂਰੀ ਸੇਵਾਵਾਂ ਜਿਵੇਂ ਸਿਹਤ ਸੇਵਾਵਾਂ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਿਹਤ ਸੇਵਾਵਾਂ ਉਤੇ ਕੰਮ ਦਾ ਬੋਝ ਅਥਾਹ ਵਧਿਆ ਹੋਇਆ ਹੈ ਤੇ ਉਹ ਲਗਾਤਾਰ ਵਧ ਰਹੇ ਕਰੋਨਾ ਪੀੜਤਾਂ ਦੀ ਸੰਭਾਲ ਕਰਨ ਤੋਂ ਅਸਮਰੱਥ ਹੋ ਰਹੀਆਂ ਹਨ।
ਇਸ ਦੇ ਸਿੱਟੇ ਵਜੋਂ ਸਮੁੱਚਾ ਆਲਮੀ ਅਰਥਚਾਰਾ ਬੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ ਅਤੇ ਸੰਸਾਰ ਗੰਭੀਰ ਮੰਦਵਾੜੇ ਵੱਲ ਵਧ ਰਿਹਾ ਹੈ ਜੋ ਮਹਾਮੰਦੀ ਦਾ ਰੂਪ ਵੀ ਧਾਰ ਸਕਦਾ ਹੈ। ਇਸ ਕਾਰਨ ਮੁਲਾਜ਼ਮਾਂ-ਮਜ਼ਦੂਰਾਂ ਨੂੰ ਨੌਕਰੀਆਂ ਤੋਂ ਛਾਂਟੀ ਅਤੇ ਬੇਰੁਜ਼ਗਾਰੀ ਦਾ ਸ਼ਿਕਾਰ ਹੋਣ ਦਾ ਡਰ ਸਤਾ ਰਿਹਾ ਹੈ ਤੇ ਲੱਖਾਂ ਕਾਮੇ ਬੇਰੁਜ਼ਗਾਰੀ ਭੱਤੇ ਲਈ ਦਰਖ਼ਾਸਤਾਂ ਦੇ ਰਹੇ ਹਨ। ਇਸ ਦੇ ਸਮੁੱਚੀ ਇਨਸਾਨੀਅਤ ਅਤੇ ਇਨਸਾਨ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬੜੇ ਦੂਰਗਾਮੀ ਸਮਾਜੀ ਤੇ ਸੱਭਿਆਚਾਰਕ, ਮਾਨਸਿਕ, ਸਿਆਸੀ ਅਤੇ ਮਾਲੀ ਅਸਰ ਹੋ ਸਕਦੇ ਹਨ। ਇਸ ਮੌਕੇ ਡਬਲਿਊਐੱਚਓ ਨੂੰ ਅਰਬਾਂ ਡਾਲਰ ਸਹਾਇਤਾ ਦੇ ਐਲਾਨ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਰਾਹਤ ਤੇ ਸਿਹਤ ਸੇਵਾਵਾਂ ਲਈ ਖਰਬਾਂ ਡਾਲਰ ਰੱਖੇ ਜਾ ਰਹੇ ਹਨ। ਦੂਜੇ ਪਾਸੇ ਸਾਇੰਸਦਾਨ ਇਸ ਭਿਆਨਕ ਬਿਮਾਰੀ ਦੀ ਦਵਾਈ ਤੇ ਅਗਾਊਂ ਬਚਾਉ ਦਾ ਟੀਕਾ ਬਣਾਉਣ ਲਈ ਦਿਨ-ਰਾਤ ਕੋਸ਼ਿਸ਼ਾਂ ਵਿਚ ਜੁਟੇ ਹੋਏ ਹਨ।
ਇਸ ਦੇ ਬਾਵਜੂਦ ਇਸ ਮੁਤੱਲਕ ਕਈ ਸਵਾਲ ਉਠ ਰਹੇ ਹਨ: ‘ਇਸ ਮਹਾਂਮਾਰੀ ਲਈ ਕੌਣ ਜ਼ਿੰਮੇਵਾਰ ਹੈ’? ਕੀ ਇਸ ਮਾਰੂ ਵਾਇਰਸ ਦੀ ਲਾਗ ਇਨਸਾਨਾਂ ਨੂੰ ਲੱਗਣ ਦਾ ਕਾਰਨ ਉਨ੍ਹਾਂ ਵੱਲੋਂ ਸਮੁੰਦਰੀ ਜੀਵਾਂ ਜਾਂ ਚਮਗਿੱਦੜਾਂ ਤੇ ਸੱਪਾਂ ਆਦਿ ਦਾ ਮਾਸ ਖਾਣਾ ਜ਼ਿੰਮੇਵਾਰ ਹੈ? ਇਨਸਾਨ ਕਿਉਂ ਇਨ੍ਹਾਂ ਅਤੇ ਹੋਰ ਅਨੇਕਾਂ ਜਾਨਵਰਾਂ ਤੇ ਪੰਛੀਆਂ ਦਾ ਮਾਸ ਅਤੇ ਉਸ ਤੋਂ ਬਣੀਆਂ ਵਸਤਾਂ ਖਾ ਰਹੇ ਹਨ? ਕੀ ਇਸ ਧਰਤੀ ਉਤੇ ਸਿਰਫ਼ ਮਨੁੱਖ ਨੂੰ ਹੀ ਰਹਿਣ ਦਾ ਹੱਕ ਹੈ ਤੇ ਹੋਰ ਕਿਸੇ ਜੀਆ-ਜੰਤ ਨੂੰ ਨਹੀਂ? ਇਨਸਾਨ ਕਿਉਂ ਅੰਨ੍ਹੇਵਾਹ ਜੰਗਲਾਂ ਨੂੰ ਕੱਟ ਰਿਹਾ ਹੈ ਤੇ ਕਿਉਂ ਪਾਣੀ ਸਮੇਤ ਦੂਜੇ ਨਾ-ਨਵਿਆਉਣਯੋਗ ਕੁਦਰਤੀ ਵਸੀਲਿਆਂ ਦੀ ਭਾਰੀ ਲੁੱਟ-ਖਸੁੱਟ ਕਰ ਰਿਹਾ ਹੈ? ਇਨਸਾਨ ਨੂੰ ਟਿਕਾਊ ਵਿਕਾਸ ਦੀ ਕੋਈ ਪ੍ਰਵਾਹ ਕਿਉਂ ਨਹੀਂ? ਕੀ ਇਹ ਅਜੋਕੇ ਵਿਕਾਸ ਮਾਡਲ ਦਾ ਸਿੱਟਾ ਹੈ ਜਿਹੜਾ ਮਹਿਜ਼ ਖ਼ਪਤ-ਮੁਖੀ ਵਾਧੇ ਤੋਂ ਬਿਨਾਂ ਹੋਰ ਕੁਝ ਨਹੀਂ? ਕੀ ਇਨਸਾਨ ਨਹੀਂ ਜਾਣਦਾ ਕਿ ਅਜਿਹਾ ਭਾਰੀ ਗਰੀਬੀ ਤੇ ਬੇਰੁਜ਼ਗਾਰੀ ਵਾਲਾ ਅਤੇ ਨਾਲ ਹੀ ਲਗਾਤਾਰ ਵਧਦੀ ਨਾਬਰਾਬਰੀ ਵਾਲ਼ਾ ਵਿਕਾਸ ਮਾਡਲ ਬਿਲਕੁਲ ਹੰਢਣਸਾਰ ਨਹੀਂ ਹੈ? ਕੀ ਉਨ੍ਹਾਂ ਨੂੰ ਇਸ ਗੱਲ ਦੀ ਰਤਾ ਵੀ ਪ੍ਰਵਾਹ ਨਹੀਂ ਕਿ ਕੁਦਰਤ ਦਾ ਮਨੁੱਖ ਵੱਲੋਂ ਆਪਣੀ ਲਗਾਤਾਰ ਕੀਤੀ ਜਾ ਰਹੀ ਅੰਨ੍ਹੇਵਾਹ ਲੁੱਟ-ਖਸੁੱਟ ਦਾ ਜਵਾਬ ਦੇਣ ਦਾ ਆਪਣਾ ਇੰਤਜ਼ਾਮ ਹੈ?
ਇਨਸਾਨੀ ਲਾਲਸਾ ਕੁਦਰਤ ਉਤੇ ਬਹੁਤ ਭਾਰੀ ਪੈ ਰਹੀ ਹੈ ਜਿਸ ਕਾਰਨ ਵਾਤਾਵਰਨ ਦੀ ਹਾਲਤ ਤੇ ਇਸ ਦਾ ਤਵਾਜ਼ਨ ਵਿਗੜ ਰਿਹਾ ਹੈ। ਇਸ ਦੇ ਸਿੱਟੇ ਵਜੋਂ ਧਰਤੀ ਉੱਤੇ ਰਹਿੰਦੇ ਬਹੁਤੇ ਜਾਨਵਰਾਂ, ਪੰਛੀਆਂ ਅਤੇ ਹੋਰ ਜੀਵਾਂ ਦੀ ਹੋਂਦ ਹੀ ਖ਼ਤਰੇ ਵਿਚ ਪਈ ਹੋਈ ਹੈ। ਸਾਨੂੰ ਸਮਝਣਾ ਹੋਵੇਗਾ ਕਿ ਕੁਦਰਤ ਸਾਨੂੰ (ਆਲਮੀ ਤਪਸ਼ ਤੇ ਅਨੇਕਾਂ ਕੁਦਰਤੀ ਆਫ਼ਤਾਂ ਦੇ ਰੂਪ ਵਿਚ) ਬੀਤੇ ਵਿਚ ਵੀ ਲਗਾਤਾਰ ਚਿਤਾਵਨੀਆਂ ਦਿੰਦੀ ਰਹੀ ਹੈ, ਤੇ ਜੇ ਇਨਸਾਨ ਨੇ ਕੁਦਰਤ ਨਾਲ ਇੰਝ ਹੀ ਛੇੜਖ਼ਾਨੀ ਜਾਰੀ ਰੱਖੀ ਤਾਂ ਕੁਦਰਤ ਭਵਿੱਖ ਵਿਚ ਵੀ ਅਜਿਹਾ ਹੀ ਕਰਦੀ ਰਹੇਗੀ। ਕੋਵਿਡ-19 ਵੀ ਸ਼ਾਇਦ ਕੁਦਰਤ ਦੀ ਅਜਿਹੀ ਹੀ ਚਿਤਾਵਨੀ ਹੋਵੇ!
ਇਸ ਸਭ ਦੇ ਮੱਦੇਨਜ਼ਰ ਕਲੱਬ ਆਫ਼ ਰੋਮ ਵੱਲੋਂ 1972 ਵਿਚ ਨਸ਼ਰ ਕੀਤੀ ਰਿਪੋਰਟ ‘ਵਿਕਾਸ ਦੀ ਸੀਮਾ’ ਦਾ ਸੁਨੇਹਾ ਅੱਜ ਵੀ ਸਾਰਥਕ ਹੈ, ਹਾਲਾਂਕਿ ਇਸ ਦੀ ਉਦੋਂ ਬਹੁਤ ਆਲੋਚਨਾ ਹੋਈ ਸੀ। ਇਸ ਅਧਿਐਨ ਦਾ ਸਾਰ ਹੈ ਕਿ ਧਰਤੀ ਦੇ ਆਪਸ ਵਿਚ ਜੁੜੇ ਹੋਏ ਵਸੀਲੇ – ਉਹ ਆਲਮੀ ਪ੍ਰਬੰਧ ਜਿਸ ਵਿਚ ਅਸੀਂ ਸਾਰੇ ਰਹਿੰਦੇ ਹਾਂ – ਸ਼ਾਇਦ ਆਰਥਿਕ ਤੇ ਆਬਾਦੀ ਦੇ ਵਿਕਾਸ ਦੀ ਮੌਜੂਦਾ ਦਰ ਨੂੰ ਸੰਨ 2100 ਤੋਂ ਬਾਅਦ ਨਾ ਝੱਲ ਸਕਣ; ਅਤੇ ਉਥੋਂ ਤੱਕ ਵੀ ਇਹ ਸ਼ਾਇਦ ਆਧੁਨਿਕ ਤਕਨਾਲੋਜੀ ਦੇ ਸਦਕਾ ਹੀ ਚੱਲ ਸਕਣ। ਇਸ ਵਿਚ ਕਿਹਾ ਗਿਆ ਹੈ ਕਿ ਇਹ ਇਨਸਾਨ ਦੇ ਹੀ ਹੱਥ ਹੈ ਕਿ ਉਹ ਅਜਿਹਾ ਸਮਾਜ ਸਿਰਜ ਸਕਦਾ ਹੈ ਜਿਸ ਵਿਚ ਉਹ ਅਨੰਤ ਸਮੇਂ ਤੱਕ ਰਹਿ ਸਕੇ, ਪਰ ਇਹ ਤਾਂ ਹੀ ਮੁਮਕਿਨ ਹੋਵੇਗਾ, ਜੇ ਇਨਸਾਨ ਆਪਣੇ ਤੇ ਆਪਣੇ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਪਦਾਰਥਕ ਵਸਤਾਂ ਉਤੇ ਕੁਝ ਰੋਕਾਂ ਲਾਵੇ ਤਾਂ ਕਿ ਆਬਾਦੀ ਤੇ ਪੈਦਾਵਾਰ ਵਿਚ ਬਹੁਤ ਹੀ ਸੰਜੀਦਗੀ ਨਾਲ ਤਵਾਜ਼ਨ ਕਾਇਮ ਕੀਤਾ ਜਾ ਸਕੇ।
ਸੰਸਾਰ ਇਸ ਵੇਲੇ ਭਾਵੇਂ ਬਹੁਤ ਹੀ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਅਤੇ ਇਹ ਸਹਿਮ, ਚਿੰਤਾ ਤੇ ਬੇਯਕੀਨੀ ਵਿਚ ਘਿਰਿਆ ਹੈ, ਪਰ ਇਸ ਦੇ ਬਾਵਜੂਦ ਇਸ ਲਈ ਆਸ ਦੀ ਕਿਰਨ ਜ਼ਰੂਰ ਦਿਖਾਈ ਦੇ ਰਹੀ ਹੈ ਜੋ ਸੰਸਾਰ ਦੇ ਉਸ ਏਕੇ ਵਿਚ ਹੈ ਜਿਸ ਤਹਿਤ ਸਾਰੇ ਮੁਲਕ ਕੋਵਿਡ-19 ਦੇ ਟਾਕਰੇ ਲਈ ਇਕਮੁੱਠ ਹੋ ਗਏ ਹਨ। ਜਾਪਦਾ ਹੈ ਕਿ ਸੰਸਾਰ ਨੇ ਸਮਝ ਲਿਆ ਹੈ ਕਿ ਇਕਮੁੱਠਤਾ ਨਾਲ ਹੀ ਹਰ ਸੰਕਟ ਦਾ ਟਾਕਰਾ ਕੀਤਾ ਜਾ ਸਕਦਾ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਡਾਥ ਹੈਡੇਗਰ ਦੇ ਤਜਰਬੇ ਦੀ ਕਹਾਣੀ ਦੇ ਉਲਟ, ਲੋਕ ਜ਼ਿੰਦਾ ਰਹਿਣ ਲਈ ਏਕੇ ਨੂੰ ਸਭ ਤੋਂ ਅਹਿਮ ਮੰਨਦੇ ਰਹਿਣਗੇ। ਦੂਜੀ ਉਮੀਦ ਇਸ ਗੱਲ ਤੋਂ ਬੱਝਦੀ ਹੈ ਕਿ ਦੁਨੀਆਂ ਵਿਚ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ ਤੇ ਹਵਾ ਦੀ ਸ਼ੁੱਧਤਾ ਕਾਫ਼ੀ ਵਧੀ ਹੈ। ਆਸਮਾਨ ਸਾਫ਼ ਹੋਇਆ ਹੈ ਤੇ ਵਾਤਾਵਰਨ ਦੀ ਨਿਰਮਲਤਾ ਵਿਚ ਇਜ਼ਾਫ਼ਾ ਹੋਇਆ ਹੈ।
ਹੁਣ ਸਮਾਂ ਹੈ ਕਿ ਸੰਸਾਰ ਇਨ੍ਹਾਂ ਸਵਾਲਾਂ ਵੱਲ ਧਿਆਨ ਦੇਵੇ ਅਤੇ ਆਪਣੇ ਰਵਾਇਤੀ ਢੰਗ-ਤਰੀਕੇ ਤੇ ਸੋਚ ਨੂੰ ਤਿਆਗੇ। ਅਜੇ ਕੋਈ ਵੀ ਨਹੀਂ ਜਾਣਦਾ ਕਿ ਕੋਵਿਡ-19 ਨੂੰ ਕਦੋਂ ਠੱਲ੍ਹ ਪਾਈ ਜਾ ਸਕੇਗੀ ਤੇ ਕਦੋਂ ਲੋਕਾਂ ਨੂੰ ਜਬਰੀ ਲੌਕਡਾਊਨ ਤੋਂ ਆਜ਼ਾਦੀ ਮਿਲੇਗੀ? ਉਂਜ, ਉਮੀਦ ਤੇ ਦੁਨੀਆਂ ਕਾਇਮ ਹੈ ਤੇ ਹਰ ਰਾਤ ਦੀ ਸਵੇਰ ਹੁੰਦੀ ਹੈ। ਯਖ਼ ਸਰਦ ਰੁੱਤ ਤੋਂ ਬਾਅਦ ਬਸੰਤ ਨੇ ਆਉਣਾ ਹੀ ਹੁੰਦਾ ਹੈ। ਇਸ ਆਸ਼ਾਵਾਦੀ ਟਿੱਪਣੀ ਨਾਲ ਹੀ ਮੈਂ ਆਲਮੀ ਭਾਈਚਾਰੇ ਨੂੰ ਇਹ ਸੁਝਾਅ ਦੇਵਾਂਗਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਸਾਨੂੰ ਹਰ ਮਹੀਨੇ ਵਿਚ ਦੋ ਦਿਨ (ਸਿਰਫ਼ ਸਿਹਤ ਸੇਵਾਵਾਂ ਨੂੰ ਛੱਡ ਕੇ) ਮੁਕੰਮਲ ਬੰਦ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਇਹ ਕਹਿਣਾ ਸੌਖਾ ਤੇ ਕਰਨਾ ਔਖਾ ਹੈ ਪਰ ਜੇ ਅਸੀਂ ਇਤਫ਼ਾਕ ਰਾਇ ਨਾਲ ਫ਼ੈਸਲਾ ਕਰੀਏ ਤਾਂ ਅਸੰਭਵ ਨਹੀਂ ਹੈ। ਅਰਥ ਸ਼ਾਸਤਰ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਭਰੋਸਾ ਹੈ ਕਿ ਇਸ ਦਾ ਆਰਥਿਕ ਵਿਕਾਸ ਤੇ ਨਾਲ ਹੀ ਇਨਸਾਨੀ ਸਿਹਤ ਉਤੇ ਚੰਗਾ ਅਸਰ ਪਵੇਗਾ। ਇਸ ਕਾਰਵਾਈ ਨਾਲ ਯਕੀਨਨ ਹਵਾ ਦੀ ਸ਼ੁੱਧਤਾ ਵਧੇਗੀ ਤੇ ਵਾਤਾਵਰਨ ਵਿਚ ਵੀ ਸੁਧਾਰ ਹੋਵੇਗਾ ਅਤੇ ਨਾਲ ਹੀ ਅਸੀਂ ਆਪਣੇ ਵਿੱਤੀ ਤੇ ਕੁਦਰਤੀ ਵਸੀਲਿਆਂ ਦੀ ਰਾਖੀ ਕਰ ਸਕਾਂਗੇ। ਇਸ ਤੋਂ ਇਲਾਵਾ ਇਸ ਤਰ੍ਹਾਂ ਲੋਕ ਆਪਣੇ ਪਰਿਵਾਰਾਂ ਤੇ ਬੱਚਿਆਂ ਨਾਲ ਵਧੀਆ ਸਮਾਂ ਗੁਜ਼ਾਰ ਸਕਣਗੇ ਜਿਸ ਸਦਕਾ ਸਮਾਜ ਵਿਚ ਸਦਭਾਵਨਾ ਵਧੇਗੀ। ਇਸ ਦੇ ਸਿੱਟੇ ਵਜੋਂ ਸੰਸਾਰ ਦਾ ਖ਼ੁਸ਼ੀ ਦਾ ਸੂਚਕ ਅੰਕ ਉੱਪਰ ਉੱਠੇਗਾ। ਹੋ ਸਕਦਾ ਹੈ ਕਿ ਇਸ ਸਦਕਾ ਕੁਦਰਤ ਵੀ ਸਾਡੇ ਉਤੇ ਮਿਹਰਬਾਨ ਹੋਵੇ ਤੇ ਇੰਝ ਕਰੋਨਾ ਵਰਗੀਆਂ ਮਹਾਂਮਾਰੀਆਂ ਘੱਟ ਆਉਣ ਤੇ ਘੱਟ ਦਰਦਨਾਕ ਹੋਣ।
ਇਸ ਲਈ ਜ਼ਰੂਰੀ ਹੈ ਕਿ ਸੰਯੁਕਤ ਰਾਸ਼ਟਰ ਪਹਿਲਕਦਮੀ ਕਰਦਿਆਂ ਅਗਾਂਹ ਆਵੇ ਤੇ ਸਾਰੇ ਮੁਲਕਾਂ ਨੂੰ ਇਸ ਗੱਲ ਲਈ ਰਾਜ਼ੀ ਕਰੇ ਕਿ ਹਰ ਮਹੀਨੇ ਸਾਰੇ ਸੰਸਾਰ ਵਿਚ ਦੋ (ਤੈਅਸ਼ੁਦਾ) ਦਿਨਾਂ ਤੇ ਇਕੱਠਿਆਂ ਮੁਕੰਮਲ ਬੰਦ ਕੀਤਾ ਜਾਵੇ। ਸ਼ੁਰੂ ਵਿਚ ਇਹ ਮਹਿਜ਼ ਆਦਰਸ਼ਵਾਦੀ ਗੱਲ ਜਾਪ ਸਕਦੀ ਹੈ ਪਰ ਸਮਾਂ ਪੈ ਕੇ ਇਹ ਆਮ ਲੱਗਣ ਲੱਗੇਗਾ।

Check Also

ਪੰਜਾਬ ਦਾ ਜ਼ਹਿਰੀਲਾ ਪਾਣੀ ਤੇ ਪੰਜਾਬੀ ਸਭਿਅਤਾ ਦਾ ਉਜਾੜਾ

ਗੁਰਮੀਤ ਸਿੰਘ ਪਲਾਹੀ ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਬਾਰੇ ਇਕ ਦਿਲ ਦਹਿਲਾ ਦੇਣ ਵਾਲੀ ਰਿਪੋਰਟ …