Breaking News
Home / ਮੁੱਖ ਲੇਖ / ਭਾਰਤ ‘ਚ ਉਦਾਰਵਾਦੀ ਨੀਤੀਆਂ ਹੀ ਅਨਾਜ ਸੰਕਟ ਲਈ ਜ਼ਿੰਮੇਵਾਰ

ਭਾਰਤ ‘ਚ ਉਦਾਰਵਾਦੀ ਨੀਤੀਆਂ ਹੀ ਅਨਾਜ ਸੰਕਟ ਲਈ ਜ਼ਿੰਮੇਵਾਰ

ਰਜਿੰਦਰ ਕੌਰ ਚੋਹਕਾ
ਮਹਾਂਮਾਰੀ ਅਤੇ ਸੰਸਾਰ-ਮੰਦੀ ਨੇ ਮਿਲ ਕੇ ਲੋਕਾਂ ਦੇ ਬਹੁਤ ਵੱਡੇ ਹਿੱਸੇ ਉੱਪਰ ਵਿਨਾਸ਼ਕਾਰੀ ਪ੍ਰਭਾਵ ਪਾਇਆ ਹੈ। ਜਿਸ ਕਾਰਨ ਭਾਰਤ ਵਿਚ ਪੂੰਜੀਵਾਦੀ ਆਰਥਿਕ ਸ਼ੋਸ਼ਣ ਹੋਰ ਤਿੱਖਾ ਹੋਇਆ ਹੈ। ਸੰਸਾਰ ਭੁੱਖ ਮਰੀ ਦਾ ਪੱਧਰ ਉੱਪਰ ਗਿਆ ਹੈ, ਗਰੀਬੀ ਵਧੀ ਹੈ, ਬੇਰੁਜ਼ਗਾਰੀ, ‘ਦਿਨ-ਦੁਗਣੀ-ਰਾਤ ਚੌਗੁਣੀ’ ਦੀ ਕਹਾਵਤ ਵਾਂਗ ‘ਅਕਾਸ਼ ਵੇਲ’ ਦੀ ਤਰ੍ਹਾਂ ਵਧ ਰਹੀ ਹੈ। ਦੁਨੀਆਂ ਭਰ ਵਿਚ ਬੱਚਿਆਂ ਦਾ ਇਕ ਵੱਡਾ ਹਿੱਸਾ ਭੋਜਨ ਦੀ ਘਾਟ ਕਾਰਨ ਕੁਪੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਸਰਕਾਰੀ ਨੀਤੀਆਂ ਕਾਰਨ ਸਿੱਖਿਆ ਤੋਂ ਵਾਂਝੇ ਹੋ ਰਹੇ ਹਨ। ”ਅਕਾਸਫੈਮ-ਯੂਨੀਸੈਫ” ਦੀ ਇਕ ਰਿਪੋਰਟ ਅਨੁਸਾਰ ਹਰ ਮਿੰਟ ਵਿੱਚ 11 ਲੱਖ ਲੋਕ ਭੁੱਖ ਨਾਲ ਮਰ ਰਹੇ ਹਨ। ਯੂਨੀਸੈਫ ਦਾ ਅਨੁਮਾਨ ਹੈ ਕਿ ਸੰਸਾਰ ਅਬਾਦੀ ਦਾ 10ਵਾਂ ਹਿੱਸਾ ਲੱਗਭੱਗ 81.1 ਕਰੋੜ (811-ਮਿਲੀਅਨ) ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। ਭਾਵ, 2020 ਵਿੱਚ 15 ਕਰੋੜ ਬੱਚੇ ਕਮਜ਼ੋਰ ਵਿਕਾਸ ਵਾਲੇ ਸਨ। ਜਦ ਕਿ ਉਮਰ ਦੇ ਹਿਸਾਬ ਨਾਲ ਉਹ ਘੱਟ ਕੱਦ ਦੇ ਵਾਧੇ ਵਾਲੇ ਸਨ। ਲੱਗਭੱਗ 4.5 ਕਰੋੜ ਬੱਚਿਆਂ ਦੀ ”ਬਾਲ-ਬਰਬਾਦੀ” ਭਾਵ ਕੱਦ ਦੇ ਹਿਸਾਬ ਨਾਲ ਘੱਟ ਭਾਰ ਵਾਲੇ ਅਤੇ ਵਿਕਸਤ ਹੋਣ ਤੋਂ ਅਸਫਲ ਹੋਣ ਕਾਰਨ ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਗਈ। ਪਿਛਲੇ ਸਾਲ ਦੇ ਮੁਕਾਬਲੇ 18-ਕਰੋੜ ਲੋਕ ਵੱਧ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਸੰਸਾਰੀ ਪੂੰਜੀਵਾਦੀ ਸਰਕਾਰਾਂ ਤੇ ਉਨ੍ਹਾਂ ਦਾ ਮੀਡੀਆ, ਆਪਣੀਆਂ ਦੀਵਾਲੀਆ ਪੂੰਜੀਵਾਦੀ ਨੀਤੀਆਂ ਨੂੰ ਛੁਪਾਉਣ ਲਈ ਅੱਜ! ਦੋਸ਼ ਰੂਸ-ਯੂਕਰੇਨ ‘ਤੇ ਮੜ੍ਹ ਰਹੇ ਹਨ, ਜਦਕਿ ਇਹ ਜੰਗ 24 ਫਰਵਰੀ 2022 ਨੂੰ ਸ਼ੁਰੂ ਹੋਈ।
ਸੰਸਾਰ ਪੂੰਜੀਵਾਦੀ ਉਦਾਰਵਾਦੀ ਨੀਤੀਆਂ ਅੰਦਰ ਕਾਰਪੋਰੇਟ ਜਗਤ ਵਲੋਂ ਆਪਣੇ ਮੁਨਾਫੇ ਵਧਾਉਣ ਲਈ ਇਕ ਲੰਬੇ ਸਮੇਂ ਦੇ ਪੂੰਜੀਵਾਦੀ ਸੰਕਟ ਲਈ ਹਾਲਾਤ ਤਿਆਰ ਕਰਨ ਕਰਕੇ ਅੱਜ ਸੰਸਾਰ ਵਿਚ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਅਤੇ ਕਿਰਤੀ ਸ਼ੋਸ਼ਣ ਤੇਜ਼ ਹੋਇਆ ਹੈ। ਇਸ ਸ਼ੋਸ਼ਣ ਕਾਰਨ ਹੀ ਬਦਲੇ ਹਾਲਾਤ ਅੰਦਰ ਘਰੇਲੂ-ਮੰਗ ਘੱਟ ਗਈ ਹੈ। ਇਸ ਨਾਲ ਹਰ ਪਾਸੇ ਵਿਕਾਸ ਨਾਕਾਰਆਤਮਕ ਤੌਰ ‘ਤੇ ਪ੍ਰਭਾਵਿਤ ਹੋਇਆ ਹੈ। ਸਾਲ 2019 ਤੇ 2020 ਦੇ ਵਿਚਕਾਰ ਨੌਕਰੀਆਂ ਖਤਮ ਹੋਣ ਕਾਰਨ ਸੰਸਾਰ ਕਿਰਤ ਆਮਦਨ ਵਿੱਚ 10.7 ਫੀਸਦ ਦੀ ਗਿਰਾਵਟ ਆਈ ਹੈ। ਪੂੰਜੀਵਾਦ ਦੀ ਕਿਰਤ ਅਤੇ ਪੂੰਜੀ ਵਿਚਕਾਰ ਬੁਨਿਆਦੀ ਵਿਰੋਧਤਾਈ ਕਿਰਤੀ ਜਮਾਤ ਅਤੇ ਕਿਰਤੀ ਲੋਕਾਂ ਦੇ ਅਧਿਕਾਰਾਂ ਉੱਪਰ ਵਧੇਰੇ ਹਮਲੇ, ਸਮੇਤ ਸਰਕਾਰੀ ਖਰਚਿਆਂ ਵਿਚ ਕਟੌਤੀ ਵਾਲੇ ਸਖ਼ਤ ਉਪਾਵਾਂ ਰਾਹੀਂ ਤਿੱਖੀ ਲੁੱਟ, ਨੌਕਰੀਆਂ ਦਾ ਖੁੱਸਣਾ, ਖੇਤੀ-ਖੇਤਰ ‘ਚ ਵੱਡਾ ਸੰਕਟ ਅਤੇ ਜਲਵਾਯੂ ਦੀ ਤਬਦੀਲੀ ਕਾਰਨ ਸੰਸਾਰ ਖੇਤੀ ਅੰਦਰ ਖੁਰਾਕ ਦੀ ਵੱਡੀ ਥੁੜ ਸਾਹਮਣੇ ਆ ਰਹੀ ਹੈ। ਅੱਜ ਗਰੀਬ ਦੇਸ਼ਾਂ ਅੰਦਰ ਅਨਾਜ ਦੀ ਪੈਦਾਵਾਰ ਘੱਟਣ ਕਾਰਨ ਭੁੱਖਮਰੀ, ਕੁਪੋਸ਼ਣ, ਬੇਰੁਜ਼ਗਾਰੀ, ਰਾਜਨੀਤਕ ਅਸਥਿਰਤਾ ਅਤੇ ਦਹਿਸ਼ਤਗਰਦੀ ਇਨ੍ਹਾਂ ਦੇਸ਼ਾਂ ਅੰਦਰ ਇਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਬਣ ਗਿਆ ਹੈ।
ਇਕ ਪਾਸੇ ਦੁਨੀਆ ਵਿਚ ਕਾਰਪੋਰੇਟੀ ਮੁਨਾਫਿਆ ਕਾਰਨ ਤੇ ਖੇਤੀ ਸੰਕਟ ਦੇ ਸਿਟੇ ਕਾਰਨ, ਅਨਾਜ ਦੀ ਪੈਦਾਵਾਰ ਘੱਟ ਰਹੀ ਹੈ। ਦੂਸਰੇ ਪਾਸੇ ਹਾਕਮਾਂ ਦੀਆ ਅਣਗਹਿਲੀਆਂ ਕਾਰਨ ਪੈਦਾ ਹੋ ਰਹੇ ਅਨਾਜ ਨੂੰ ਸਾਂਭ-ਸੰਭਾਲ ਨਾ ਕਰਨ ਕਾਰਨ, ਤੀਸਰਾ ਹਿੱਸਾ ਤਾਂ ਸਿੱਧਾ ਹੀ ਬਰਬਾਦ ਹੋ ਜਾਂਦਾ ਹੈ। ਬਾਕੀ ਜੋ ਅਸੀ ਭੋਜਨ ਦੇ ਰੂਪ ਵਿੱਚ ਵਰਤਦੇ ਹਾਂ, ਕੁੱਲ ਬਰਬਾਦ ਕੀਤੇ ਜਾ ਰਹੇ ਭੋਜਨ ਵਿਚੋਂ 61ਫੀਸਦ ਕੁੱਲ ਘਰੇਲੂ ਭੋਜਨ ਦਾ ਹੁੰਦਾ ਹੈ। ਇਸ ਦੇ ਨਾਲ ਹੀ ਹਰ ਸਾਲ ਤਕਰੀਬਨ ਕਈ ਲੱਖ ਗਲਾਸ ਦੁੱਧ ਨੂੰ ਬੇਕਾਰ/ਖਰਾਬ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ। ਸਾਡੇ ਲਈ ਇਹ ਚਿੰਤਾ ਦੀ ਗੱਲ ਹੈ, ਕਿ ਅਗਲੇ ਚਾਰ ਦਹਾਕਿਆਂ ਤੱਕ (ਜੇਕਰ ਇਹੋ ਜਿਹੇ ਹੀ ਹਾਲਾਤ ਰਹੇ) ਤਾਂ! ਦੁਨੀਆ ਭਰ ਵਿੱਚ 40 ਕਰੋੜ ਲੋਕ ਭੁੱਖਮਰੀ ਦੇ ਸੰਕਟ ਦਾ ਸਾਹਮਣਾ ਕਰਨਗੇ? ”ਸੰਯੁਕਤ-ਰਾਸ਼ਟਰ” ਦੀ ਇਕ ਰਿਪੋਰਟ ਮੁਤਾਬਿਕ ਦੁਨੀਆ ਭਰ ਵਿੱਚ ਅੰਨ ਦਾ ਸੰਕਟ ਵੱਧਦਾ ਜਾ ਰਿਹਾ ਹੈ। ਜੇਕਰ ਹਾਲਾਤ ਇਸ ਤਰ੍ਹਾਂ ਦੇ ਰਹੇ ਤਾਂ !2050 ਤੱਕ ਦੁਨੀਆ ਭਰ ਵਿਚ ਅੰਨ ਲਈ ਸੰਘਰਸ਼ ਕਰਨ ਵਾਲੇ ਹਾਲਾਤ ਪੈਦਾ ਹੋ ਜਾਣਗੇ? ਭੁੱਖੇ ਪੇਟ ਦੀ ਅੱਗ ਬੁਝਾਉਣ ਲਈ, ਮਨੁੱਖ ਨੂੰ ਜਿੰਦਾ ਰਹਿਣ ਲਈ ਅਤੇ ਕੰਮ ਕਰਨ ਲਈ ਪੇਟ-ਭਰਨ ਲਈ ਰੋਟੀ ਦੀ ਜ਼ਰੂਰਤ ਹੈ। ਤਾਂ ! ਇਸ ਲਈ ਸਾਨੂੰ ਮਿਹਨਤ ਕਰਨੀ ਪਏਗੀ, ਤਾਂ ਜੋ ਮਨੁੱਖ ਨੂੰ ਜ਼ਿੰਦਾਂ ਰੱਖਿਆ ਜਾ ਸਕੇ। ਪ੍ਰੰਤੂ ! ਇਕ ਤਾਜ਼ਾ ਰਿਪੋਰਟ ਵਿਚ ਸੰਯੁਕਤ ਰਾਸ਼ਟਰ ਨੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਹੈ ਕਿ ਦੁਨੀਆਂ ਦੀ ਭੁੱਖ ਨੂੰ ਮਿਟਾਉਣ ਲਈ ਜੋ ਹਾਲਤ ਹੈ, ”ਦੁਨੀਆਂ ਦੇ ਕੋਲ ਸਿਰਫ ਇਸ ਸਮੇਂ 70-ਦਿਨ ਦਾ ਹੀ ਅਨਾਜ ਬਚਿਆ ਹੈ!”
ਅੱਜ ! ਰੂਸ ਅਤੇ ਯੂਕਰੇਨ ਦੀ ਜੰਗ ਕਾਰਨ ਸਥਿਤੀ ਹੋਰ ਵੀ ਵਿਗੜ ਗਈ ਹੈ ਜੋ ਵੱਡੀ ਚਿੰਤਾ ਵਾਲੀ ਗੱਲ ਹੈ ! ਇਸ ਸਮੇਂ ਰੂਸ ਅਤੇ ਯੂਕਰੇਨ ਮਿਲ ਕੇ ਦੁਨੀਆਂ ਨੂੰ ਇਕ ਚੌਥਾਈ ਅਨਾਜ ਦੀ ਪੂਰਤੀ (ਭਰਪਾਈ) ਕਰਦੇ ਹਨ। ਪ੍ਰੰਤੂ ਰੂਸ-ਯੂਕਰੇਨ ਦੀ ਜੰਗ ਕਾਰਨ, ਯੂਕਰੇਨ ਦੀ ਅਰਥ-ਵਿਵਸਥਾ ਤਹਿਸ-ਨਹਿਸ ਹੋ ਗਈ ਹੈ। ਇਹ ਉਹੀ ਯੂਕਰੇਨ ਹੈ, ਜਿਸ ਵਲੋਂ ਅਨਾਜ ਉਤਪਾਨ ਦੀ ਵੱਧਦੀ ਸ਼ਕਤੀ ਕਾਰਨ, ”ਯੂਰਪ ਦੀ ਰੋਟੀ ਦੀ ਟੋਕਰੀ” ਕਿਹਾ ਜਾਂਦਾ ਸੀ। ਇਹ ਸਾਲ 2008 ਤੋਂ ਬਾਅਦ ਆਪਣੇ ਸਭ ਤੋਂ ਥੱਲੇ ਦੇ ਪੱਧਰ ‘ਤੇ ਪਹੁੰਚ ਗਿਆ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਹੈ, ”ਕਿ ਦੁਨੀਆ ਭਰ ਵਿੱਚ ਅਨਾਜ ਦਾ ਇਹੋ ਜਿਹਾ ਸੰਕਟ ਇਕ ਪੀੜ੍ਹੀ ਵਿੱਚ ਇਕ ਵਾਰ ਹੀ ਹੁੰਦਾ ਹੈ।” ਇਸ ਦੌਰਾਨ ਹੁਣ ਦੁਨੀਆਂ ਦੀਆਂ ਨਜ਼ਰਾਂ, ਜਪਾਨ ਵਿੱਚ ਹੋ ਜਾ ਰਹੇ ‘ਕਵਾਡ ਦੇਸ਼ਾਂ’ ਦੀ ਮੀਟਿੰਗ ‘ਤੇ ਲੱਗ ਗਈਆਂ ਹਨ, ਜਿਥੇ ਕਣਕ ਦੇ ਮੁੱਦੇ ਨੂੰ ਪ੍ਰਮੁਖਤਾ ਨਾਲ ਉਭਾਰਿਆ ਜਾਏਗਾ। ਕਿਉਂਕਿ ”ਰੂਸ ਤੇ ਯੂਕਰੇਨ” ਦੁਨੀਆ ਦੀ ਕਿ ਚੌਥਾਈ ਕਣਕ ਦੀ ਸਪਲਾਈ ਕਰਦੇ ਹਨ।
ਬਹੁਤ ਵਾਰੀ ਕੁਦਰਤੀ ਤੌਰ ‘ਤੇ ਮੌਸਮ ਖਰਾਬ ਹੋਣ ਨਾਲ ਦੂਸਰੇ ਦੇਸ਼ਾਂ ਵਿੱਚ ਅਨਾਜ ਦਾ ਸੰਕਟ ਪੈਦਾ ਹੋ ਜਾਂਦਾ ਹੈ। ਪ੍ਰੰਤੂ ਪਿਛਲੇ ਸਾਲ ਰੂਸ ਵਿੱਚ ਕਣਕ ਦੀ ਪੈਦਾਵਾਰ ਚੰਗੀ ਹੋਈ ਸੀ, ਜਦ ਕਿ ਕੁਦਰਤੀ ਆਫਤਾਂ ਕਾਰਨ ਅਮਰੀਕਾ ਅਤੇ ਯੌਰਪੀ ਦੇਸ਼ਾਂ ਵਿੱਚ ਅੰਨ ਦਾ ਸੰਕਟ ਪੈਦਾ ਹੋਇਆ ਹੈ। ਇਸ ਹਾਲਾਤ ਵਿੱਚ ਦੁਨੀਆਂ ਰੂਸ ਵੱਲ ਵੇਖ ਰਹੀ ਹੈ ਤੇ ਭਾਰਤ ਵਲੋਂ ਕਣਕ ਦੇ ਨਿਰਯਾਤ (ਬਾਹਰ ਭੇਜਣ ਲਈ) ‘ਤੇ ਰੋਕ ਲਗਾਉਣ ਕਾਰਨ ਜਿਨ੍ਹਾਂ ਦੇਸ਼ਾਂ ਨੂੰ ਅੱਗੇ ਅਨਾਜ ਭੇਜਿਆ ਜਾਂਦਾ ਸੀ ਉਹ ਦੇਸ਼ ਹੁਣ ਚਿੰਤਤ ਹਨ। ਭਾਵੇਂ, ਇਸ ਕਣਕ ਨੂੰ ਸਪਲਾਈ ਕਰਨ ਲਈ ਭਾਰਤ ਵਲੋਂ ਰੋਕ ਲਾਈ ਗਈ ਹੈ, ਪਰ, ਕਿਸੇ ਵੀ ਦੇਸ਼ ਦਾ ਪਹਿਲਾਂ ਇਹ ਫਰਜ਼ ਹੁੰਦਾ ਹੈ, ਕਿ ਉਹ ਆਪਣੇ ਦੇਸ਼ ਦੇ ਨਾਗਰਿਕਾਂ ਦੇ ਹਿੱਤਾਂ ਦੀ ਸੁਰੱਖਿਆ ਕਰੇ। ਸ਼੍ਰੀਲੰਕਾ ਵਿੱਚ ਵੀ ਅੱਜ, ਅਨਾਜ ਦੇ ਵੱਧ ਰਹੇ ਸੰਕਟ ਕਾਰਨ ਹਾਲਾਤ ਖਰਾਬ ਹੋਏ ਪਏ ਹਨ। ਉਥੇ ਇਸ ਗੰਭੀਰ ਸੰਕਟ ਕਾਰਨ ਲੋਕਾਂ ਵਲੋਂ ਹਿੰਸਕ ਮੁਜ਼ਾਹਰੇ ਕੀਤੇ ਜਾ ਰਹੇ ਹਨ। ਦੁਨੀਆ ਭਰ ਵਿੱਚ ਜਦੋਂ ਅਬਾਦੀ ਦਾ ਇਕ ਵੱਡਾ ਹਿੱਸਾ ਅਨਾਜ (ਅੰਨ) ਲਈ ਤੜਪ ਰਿਹਾ ਹੈ ਤਾਂ ਦੂਸਰੇ ਹਿੱਸੇ ਵਲੇ ਜਿਨ੍ਹਾਂ ਕੋਲ ਅਨਾਜ ਵੱਧ ਹੈ, ਵਲੋਂ ਅੰਨ ਦੀ ਬਰਬਾਦੀ ਕਰਨੀ ਵੀ ਇਕ ਚਿੰਤਾ ਦਾ ਵਿਸ਼ਾ ਹੈ। ”ਸੰਯੁਕਤ ਰਾਸ਼ਟਰ” ਦੀ ਇਕ ਰਿਪੋਰਟ ਮੁਤਾਬਿਕ, ”ਦੁਨੀਆ ਭਰ ਵਿੱਚ ਤਿਆਰ ਕੀਤੇ ਜਾਂਦੇ ਭੋਜਨ ਵਿਚੋਂ ਕੁੱਝ ਭੋਜਨ ਦਾ ਇਕ ਤਿਹਾਈ ਹਿੱਸਾ ਬਰਬਾਦ ਹੋ ਰਿਹਾ ਹੈ। ਇਹ ਬਰਬਾਦੀ ਜਾਂ ਤਾਂ ਥਾਲੀ ਵਿੱਚ ਜੂਠ ਛੱਡੀ ਜਾਂਦੀ ਹੈ ਜਾਂ ਫਿਰ ਬਚਿਆ ਅੰਨ ਸੁੱਟ ਦੇਣ ਨਾਲ ਬਰਬਾਦ ਹੁੰਦਾ ਹੈ। ਅਨਾਜ ਦੇ ਵਿਗਿਆਨੀਆਂ ਵਲੋਂ, ”ਸਰਵੇਖਣ ਕਰਨ ਵਾਲੇ ਵਿਗਿਅਨੀਆਂ ਦੀ ਇਕ ਰੀਪੋਰਟ ਮੁਤਾਬਿਕ, ”ਜਿੰਨਾ ਭੋਜਨ ਦੁਨੀਆਂ ਵਿਚ ਖਰਾਬ ਕੀਤਾ ਜਾ ਰਿਹਾ ਹੈ, ਉਸ ਨਾਲ ਦੋ-ਅਰਬ ਲੋਕਾਂ ਦੀ ਭੁੱਖ ਮਿੱਟ ਸਕਦੀ ਹੈ। ਭਾਵੇਂ, ਭਾਰਤੀ ਸਮਾਜ ਵਿੱਚ ਅੰਨ ਦੀ ਬਰਬਾਦੀ ਕਰਨ ਨੂੰ ਚੰਗਾ ਨਹੀ ਸਮਝਿਆ ਜਾਂਦਾ, ਪ੍ਰੰਤੂ ਇਕ ਸਰਵੇਖਣ ਵਿਚ ਪਤਾ ਲੱਗਿਆ ਹੈ, ”ਕਿ ਭਾਰਤ ਵਿੱਚ ਹਰ ਸਾਲ ਅਨਾਜ, ਸਬਜ਼ੀਆਂ, ਫਲਾਂ (ਫਰੂਟਾਂ) ਦੀ ਸਾਂਭ-ਸੰਭਾਲ ਸਟੋਰ ਤੇ ਸਟੋਰਾਂ ਦੀ ਸਹੂਲਤ ਨਾ ਹੋਣ ਕਾਰਨ ਬਰਬਾਦ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਬਰਬਾਦ ਹੋਏ ਪਦਾਰਥਾਂ ਨੂੰ ਸੁੱਟ ਦਿੱਤਾ ਜਾਂਦਾ ਹੈ। ਇਸ ਸੁੱਟਣ ਵਾਲੇ ਅਨਾਜ ਰਾਹੀਂ ਬਿਹਾਰ ਦੀ ਅਬਾਦੀ ਦੀ, ਸਾਲ ਭਰ ਦੀ ਭੁੱਖ ਦੀ ਜ਼ਰੂਰਤ ਪੂਰੀ ਹੋ ਸਕਦੀ ਹੈ।” ਸਾਡੀਆਂ ਸਰਕਾਰਾਂ ਦੀ ਨੈਤਿਕ ਜੁੰਮੇਵਾਰੀ ਬਣਦੀ ਹੈ, ਕਿ ਉਹ ਗਰੀਬ ਲੋਕਾਂ ਦੀਆਂ ਮੁੱਖ ਬੁਨਿਆਦੀ ਅਤੇ ਆਰਥਿਕ ਲੋੜਾਂ ਨੂੰ ਪੂਰੀਆਂ ਕਰਨ ਲਈ ਉਨ੍ਹਾਂ ਨੂੰ ਸਸਤਾ ਤੇ ਸਮੇਂ ਸਿਰ ਅਨਾਜ ਦਿੱਤਾ ਜਾਵੇ ਅਤੇ ਕਾਣੀ-ਵੰਡ ਨਾ ਕੀਤੀ ਜਾਵੇ। ਗਰੀਬਾਂ ਲਈ ਸਸਤਾ ਤੇ ਸਮੇਂ ਸਿਰ ਅਨਾਜ ਵੰਡਣ ਦੀ ਪ੍ਰੀਕ੍ਰਿਆ ਨੂੰ ਵਿਤਕਰੇ ਰਹਿਤ ਬਣਾਇਆ ਜਾਵੇ ਤਾਂ ਜੋ ਅਨਾਜ ਬਰਬਾਦ ਹੋਣ ਦੀ ਥਾਂ ਮਨੁੱਖ ਦੀ ਅਤੇ ਬੇ-ਸਹਾਰੇ ਲੋਕਾਂ ਦੀ ਭੁੱਖ ਦੂਰ ਕਰਨ ਲਈ ਕੰਮ ਆ ਸਕੇ। ਅਨਾਜ (ਅੰਨ) ਸੰਕਟ ਲਈ ਨਵਉਦਾਰਵਾਦੀ ਨੀਤੀਆਂ ਹੀ ਜਿੰਮੇਵਾਰ ਹਨ, ਇਨ੍ਹਾਂ ਵਿਰੁਧ ਸੰਘਰਸ਼ ਕਰਨਾ ਲਾਜ਼ਮੀ ਹੈ।

 

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …