ਕਿਹਾ : ਗੱਲ-ਗੱਲ ’ਤੇ ਧਰਨੇ ਲਗਾਉਣ ਦਾ ਹੋਇਆ ਰਿਵਾਜ਼
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ ਹਨ। ਮੀਟਿੰਗ ਖਤਮ ਹੋਣ ਤੋ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਜਿੱਥੇ ਕੈਬਨਿਟ ਵਲੋਂ ਲਏ ਗਏ ਫੈਸਲਿਆਂ ਬਾਰੇ ਦੱਸਿਆ ਗਿਆ, ਉਥੇ ਹੀ ਕਿਸਾਨਾਂ ਦੇ ਧਰਨਿਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਗੱਲ-ਗੱਲ ’ਤੇ ਧਰਨੇ ਲਗਾਉਣ ਦਾ ਰਿਵਾਜ ਹੀ ਹੋ ਗਿਆ ਹੈ। ਮਾਨ ਨੇ ਕਿਹਾ ਕਿ ਇਨ੍ਹਾਂ ਧਰਨਿਆਂ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ ਪਰ ਸੜਕਾਂ ’ਤੇ ਧਰਨੇ ਲਗਾਉਣ ਦੀ ਬਜਾਏ ਮੰਤਰੀਆਂ ਦੀਆਂ ਕੋਠੀਆਂ ਦੇ ਬਾਹਰ ਧਰਨੇ ਲਗਾਏ ਜਾਣ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ 7 ਮਹੀਨਿਆਂ ਦੌਰਾਨ ਉਨ੍ਹਾਂ ਦੀ ਸਰਕਾਰ ਨੇ ਖੇਤੀ ਸਬੰਧੀ ਵੱਡੇ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਦੇਖਣ ਨੂੰ ਮਿਲਿਆ ਹੈ ਕਿ ਜਿੱਥੇ ਮਰਜ਼ੀ ਹਾਈਵੇ ’ਤੇ ਬੈਠ ਕੇ ਧਰਨਾ ਲਗਾ ਦਿੱਤਾ ਜਾਂਦਾ ਹੈ ਅਤੇ ਜਿਹੜੀ ਮਰਜ਼ੀ ਸੜਕ ਜਾਮ ਕਰ ਦਿੱਤੀ ਜਾਂਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿੰਨੀਆਂ ਮੀਟਿੰਗਾਂ 7 ਮਹੀਨਿਆਂ ਵਿਚ ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਕੀਤੀਆਂ ਹਨ, ਇੰਨੀਆਂ ਸ਼ਾਇਦ ਪਿਛਲੇ ਦਸ ਸਾਲਾਂ ਵਿਚ ਨਹੀਂ ਹੋਈਆਂ ਹੋਣੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਜਿਹੜੀ ਮੰਗ ਮੰਨ ਲਈ ਹੈ, ਉਸ ਨੂੰ ਲਾਗੂ ਕਰਨ ਵਿਚ ਸਮਾਂ ਲੱਗਦਾ ਹੈ।