7.2 C
Toronto
Sunday, May 24, 2026
spot_img
Homeਹਫ਼ਤਾਵਾਰੀ ਫੇਰੀਪਿੰਡ ਵਾਲਿਆਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਨਸ਼ਾ ਤਸਕਰ

ਪਿੰਡ ਵਾਲਿਆਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਨਸ਼ਾ ਤਸਕਰ

ਚਿੱਟਾ ਰੱਖਣ ਦੇ ਦੋਸ਼ਾਂ ਹੇਠ ਜ਼ਮਾਨਤ ‘ਤੇ ਚੱਲ ਰਿਹਾ ਸੀ ਨੌਜਵਾਨ
ਤਲਵੰਡੀ ਸਾਬੋ : ਇਥੋਂ ਦੇ ਪਿੰਡ ਭਾਗੀਵਾਂਦਰ ‘ਚ ਪਿੰਡ ਵਾਸੀਆਂ ਵਲੋਂ ਇਕ ਨਸ਼ਾ ਤਸਕਰ ਦੇ ਹੱਥ-ਪੈਰ ਵੱਢ ਦਿੱਤੇ ਗਏ ਸਨ, ਜਿਸ ਤੋਂ ਬਾਅਦ ਉਸ ਦੀ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਨਸ਼ਾ ਤਸਕਰੀ ਦੇ ਨਾਲ-ਨਾਲ ਲੜਕੀਆਂ ਨਾਲ ਵੀ ਛੇੜਛਾੜ ਕਰਦਾ ਸੀ। ਚਿੱਟਾ ਬਰਾਮਦ ਹੋਣ ਦੇ ਦੋਸ਼ਾਂ ਹੇਠ ਇਕ ਮਾਮਲੇ ‘ਚ ਫਸਿਆ ਇਹ ਨੌਜਵਾਨ ਇਨ੍ਹੀਂ ਦਿਨੀਂ ਜ਼ਮਾਨਤ ‘ਤੇ ਚੱਲ ਰਿਹਾ ਸੀ।
ਭਾਗੀਵਾਂਦਰ ‘ਚ ਇਸ ਨੌਜਵਾਨ ਨੂੰ ਨਸ਼ਾ ਤਸਕਰ ਦਸ ਕੇ ਵੱਢਣ ਦੇ ਦੋਸ਼ ਹੇਠ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਤਲਵੰਡੀ ਸਾਬੋ ਦੀ ਪੁਲਿਸ ਜਦੋਂ ਜ਼ਖ਼ਮੀ ਨੂੰ ਹਸਪਤਾਲ ਲਿਆਈ ਤਾਂ ਪਿੰਡ ਵਾਸੀਆਂ ਨੇ ਹਸਪਤਾਲ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਆ ਕੇ ਸਥਿਤੀ ਸੰਭਾਲੀ। ਪੁਲਿਸ ਨੇ ਦੱਸਿਆ ਕਿ ਵੀਰਵਾਰ ਨੂੰ ਥਾਣਾ ਤਲਵੰਡੀ ਸਾਬੋ ‘ਚ ਇੱਕ ਫੋਨ ਆਇਆ ਕਿ ਵਿਨੋਦ ਕੁਮਾਰ ਉਰਫ ਸੋਨੂੰ ਅਰੋੜਾ (30) ਵਾਸੀ ਤਲਵੰਡੀ ਸਾਬੋ ਨੂੰ ਪਿੰਡ ਭਾਗੀਵਾਂਦਰ ਦੀ ਵਾਂਦਰ ਪੱਤੀ ਦੀ ਸੱਥ ਕੋਲ ਵੱਢ ਕੇ ਸੁੱਟਿਆ ਪਿਆ ਹੈ। ਏਐੱਸਆਈ ਗੁਰਮੇਜ ਸਿੰਘ ਤੇ ਏਐੱਸਆਈ ਗੁਰਜੰਟ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਸੋਨੂੰ ਅਰੋੜਾ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਇਸੇ ਦੌਰਾਨ ਪਿੰਡ ਦੀ ਮਹਿਲਾ ਸਰਪੰਚ ਚਰਨਜੀਤ ਕੌਰ ਤੇ ਅਕਾਲੀ ਆਗੂ ਮਨਦੀਪ ਕੌਰ ਬਰਾੜ ਦੀ ਅਗਵਾਈ ‘ਚ ਪਹੁੰਚੇ ਪਿੰਡ ਵਾਸੀਆਂ ਨੇ ਇਹ ਕਹਿੰਦਿਆਂ ਹਸਪਤਾਲ ਦਾ ਘਿਰਾਓ ਕਰ ਲਿਆ ਕਿ ਪੁਲਿਸ ਇਸ ਮਾਮਲੇ ਵਿੱਚ ਮਹਿਲਾ ਸਰਪੰਚ ਦੇ ਪੁੱਤਰ ਅਮਰਿੰਦਰ ਸਿੰਘ ਰਾਜੂ ‘ਤੇ ਕੇਸ ਦਰਜ ਕਰ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਮਰਿੰਦਰ ਸਿੰਘ ਰਾਜੂ ਦੀ ਅਗਵਾਈ ਵਿੱਚ ਚਾਰ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਸੋਨੂੰ ਅਰੋੜਾ ਪਿੰਡ ਦੇ ਨੌਜਵਾਨਾਂ ਨੂੰ ਕਥਿਤ ਤੌਰ ‘ਤੇ ਨਸ਼ੇ ਵੇਚਦਾ ਹੈ, ਪਰ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਉਲਟ ਦੋ ਦਿਨ ਪਹਿਲਾਂ ਮਹਿਲਾ ਸਰਪੰਚ ਚਰਨਜੀਤ ਕੌਰ ਦੇ ਦੂਜੇ ਪੁੱਤਰ ਉੱਪਰ ਸੋਨੂੰ ਅਰੋੜਾ ਦੇ ਘਰ ਜਾ ਕੇ ਉਸ ਦੀ ਕੁੱਟਮਾਰ ਤੇ ਘਰ ਦੀਆਂ ਔਰਤਾਂ ਦੇ ਕੱਪੜੇ ਪਾੜਨ ਦਾ ਝੂਠਾ ਕੇਸ ਦਰਜ ਕਰ ਦਿੱਤਾ ਗਿਆ। ਸਥਿਤੀ ਤਣਾਅਪੂਰਨ ਹੁੰਦੀ ਦੇਖ ਕੇ ਐੱਸ.ਪੀ (ਐੱਚ) ਭੁਪਿੰਦਰ ਸਿੰਘ, ਥਾਣਾ ਮੁਖੀ ਜਗਦੀਸ਼ ਕੁਮਾਰ ਬਾਅਦ, ਡੀਐੱਸਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਤੇ ਥਾਣਾ ਰਾਮਾਂ ਮੁਖੀ ਮਨੋਜ ਕੁਮਾਰ ਵੀ ਹਸਪਤਾਲ ਪਹੁੰਚੇ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਐੱਫਆਈਆਰ ਸੌਂਪਣ ਤੇ ਪਿੰਡ ਵਾਸੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਭਰੋਸੇ ਮਗਰੋਂ ਲੋਕਾਂ ਨੇ ਜ਼ਖ਼ਮੀ ਨੂੰ ਅਗਲੇਰੇ ਇਲਾਜ ਲਈ ਜਾਣ ਦਿੱਤਾ। ਦੂਜੇ ਪਾਸੇ ਜ਼ਖ਼ਮੀ ਨੌਜਵਾਨ ਦੀ ਭਰਜਾਈ ਜਸਪ੍ਰੀਤ ਕੌਰ ਨੇ ਮਹਿਲਾ ਸਰਪੰਚ ਦੇ ਪੁੱਤਰ ਅਮਰਿੰਦਰ ਸਿੰਘ ਰਾਜੂ ‘ਤੇ  ਸੋਨੂੰ ਅਰੋੜਾ ਦੀ ਵੱਢ ਟੁੱਕ ਦਾ ਦੋਸ਼ ਲਾਇਆ ਹੈ।

RELATED ARTICLES
POPULAR POSTS