Breaking News
Home / ਹਫ਼ਤਾਵਾਰੀ ਫੇਰੀ / ਭਾਰਤ-ਪਾਕਿ ਸਰਹੱਦ ‘ਤੇ ਕਿਸਾਨਾਂ ਦੀ ਜ਼ਮੀਨ ਤਾਰਬੰਦੀ ਤੋਂ ਹੋਵੇਗੀ ਮੁਕਤ

ਭਾਰਤ-ਪਾਕਿ ਸਰਹੱਦ ‘ਤੇ ਕਿਸਾਨਾਂ ਦੀ ਜ਼ਮੀਨ ਤਾਰਬੰਦੀ ਤੋਂ ਹੋਵੇਗੀ ਮੁਕਤ

ਪਠਾਨਕੋਟ ਵਿਚ ਟਰਾਇਲ ਹੋਇਆ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਰਹੱਦੀ ਖੇਤਰ ਦੇ ਕਿਸਾਨਾਂ ਲਈ ਰਾਹਤ ਵਾਲੀ ਖਬਰ ਹੈ। ਉਨ੍ਹਾਂ ਦੀ ਜ਼ਮੀਨ ਤਾਰਬੰਦੀ ਤੋਂ ਮੁਕਤ ਹੋਵੇਗੀ। ਸਰਹੱਦ ਦੀ ਆਪਣੀ ਜ਼ਮੀਨ ‘ਤੇ ਉਹ ਖੁੱਲ੍ਹ ਕੇ ਖੇਤੀ ਕਰ ਸਕਣਗੇ। ਭਾਰਤ-ਪਾਕਿ ਸਰਹੱਦ ‘ਤੇ ਫੇਂਸਿੰਗ ਲਾਈਨ ਨੂੰ ਅੱਗੇ ਕਰਨ ਦਾ ਪਾਇਲਟ ਪ੍ਰੋਜੈਕਟ ਪਠਾਨਕੋਟ ਖੇਤਰ ਵਿਚ ਸ਼ੁਰੂ ਕਰ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਅਤੇ ਬੀਐਸਐਫ ਸਾਢੇ 8 ਕਿਲੋਮੀਟਰ ਦੇ ਦਾਇਰੇ ਵਿਚ ਪਾਇਲਟ ਪ੍ਰੋਜੈਕਟ ਦਾ ਟਰਾਇਲ ਕਰ ਰਹੇ ਹਨ। ਪ੍ਰੋਜੈਕਟ ਦੇ ਤਹਿਤ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਧਿਆਨ ਵਿਚ ਰੱਖਦੇ ਹੋਏ ਜ਼ੀਰੋ ਲਾਈਨ ਤੋਂ 200 ਮੀਟਰ ਤੱਕ ਕਰਨ ਦੀ ਯੋਜਨਾ ਹੈ। ਹੁਣ ਇਹ ਕਈ ਜਗ੍ਹਾ ‘ਤੇ 400 ਮੀਟਰ ਤੋਂ ਵੀ ਜ਼ਿਆਦਾ ਹੈ। ਅੰਤਰਰਾਸ਼ਟਰੀ ਮਾਪਦੰਡ 150 ਮੀਟਰ ਦਾ ਹੈ। ਪੰਜਾਬ ਸਰਕਾਰ ਨੇ ਵੀ ਇਹ ਸੁਝਾਅ ਦਿੱਤਾ ਸੀ ਕਿ ਇਸ ਨੂੰ 200 ਮੀਟਰ ਤੱਕ ਕਰ ਲੈਣਾ ਚਾਹੀਦਾ ਹੈ। ਕੇਂਦਰ ਅਤੇ ਸੂਬੇ ਦੀ ਸਹਿਮਤੀ ਨਾਲ ਸ਼ੁਰੂ ਹੋਇਆ ਇਹ ਪ੍ਰੋਜੈਕਟ ਜਦੋਂ ਸਫਲ ਹੁੰਦਾ ਹੈ ਤਾਂ ਸਰਹੱਦੀ ਖੇਤਰ ਦੇ ਕਿਸਾਨਾਂ ਦੀ ਵੱਡੀ ਮੁਸ਼ਕਲ ਘੱਟ ਹੋਵੇਗੀ।
ਸਰਕਾਰ ਅਤੇ ਬੀਐਸਐਫ ਦਾ ਉਦੇਸ਼ ਵੀ ਕਿਸਾਨਾਂ ਨੂੰ ਰਾਹਤ ਪਹੁੰਚਾਉਣਾ ਹੈ। ਕਿਸਾਨ ਆਪਣੀ ਜ਼ਮੀਨ ਦਾ ਸਹੀ ਉਪਯੋਗ ਕਰ ਸਕਣਗੇ। ਇਸ ਸਮੇਂ ਕਾਫੀ ਉਪਜਾਊ ਜ਼ਮੀਨ ਜਾਂ ਤਾਂ ਖਾਲੀ ਪਈ ਹੈ ਜਾਂ ਫਿਰ ਕਿਸਾਨ ਉਸ ‘ਤੇ ਸੀਮਤ ਖੇਤੀ ਕਰ ਰਹੇ ਹਨ। ਐਮਐਚਏ ਦੀ ਬਾਰਡਰ ਮੈਨੇਜਮੈਂਟ ਵਿੰਗ ਦੀ ਟੀਮ ਨੇ ਵੀ ਹਾਲ ਵਿਚ ਇੰਜੀਨੀਅਰਾਂ ਦੇ ਨਾਲ ਇਸ ਖੇਤਰ ਦਾ ਦੌਰਾ ਕਰਕੇ ਸੰਭਾਵਨਾਵਾਂ ਦਾ ਵਿਸ਼ੇਸ਼ਲੇਸ਼ਣ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਣੇ ਰਾਜਸਥਾਨ ਦੇ ਕਈ ਸਰਹੱਦੀ ਖੇਤਰਾਂ ਵਿਚ ਕਈ ਸਾਲਾਂ ਤੋਂ ਕਿਸਾਨ ਇਸ ਜ਼ਮੀਨ ਉਪਯੋਗ ਕਰਨ ਦੀ ਮੰਗ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਇਹ ਮਤਾ ਰੱਖਿਆ ਸੀ ਕਿ ਜੇਕਰ ਕੇਂਦਰ ਇਹ ਫੈਸਲਾ ਕਰਦਾ ਹੈ ਤਾਂ ਹਜ਼ਾਰਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ।
ਕਿਸਾਨਾਂ ਨੂੰ ਜ਼ਮੀਨ ਖੇਤੀ ਲਈ ਮਿਲੇਗੀ : ਭਗਵੰਤ ਮਾਨ : ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਕੇਂਦਰੀ ਮੰਤਰਾਲਾ ਅਤੇ ਬੀਐਸਐਫ ਪਠਾਨਕੋਟ ਵਿਚ ਪਾਇਲਟ ਪ੍ਰੋਜੈਕਟ ਕਰ ਰਹੇ ਹਨ। ਤਾਰਬੰਦੀ ਨੂੰ ਅੱਗੇ ਕਰਨ ਨਾਲ ਹਜ਼ਾਰਾਂ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਖੇਤੀ ਲਈ ਮਿਲੇਗੀ। ਅਜੇ ਤੱਕ ਬਹੁਤ ਸਾਰੇ ਕਿਸਾਨ ਖੇਤੀ ਕਰ ਹੀ ਨਹੀਂ ਸਕਦੇ। ਉਨ੍ਹਾਂ ਕਿਸਾਨਾਂ ਦੀ ਪ੍ਰੇਸ਼ਾਨੀ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਰੱਖਿਆ ਗਿਆ ਹੈ। ਕੇਂਦਰ ਨੇ ਇਸ ਨੂੰ ਸਕਾਰਾਤਮਕ ਤੌਰ ‘ਤੇ ਲਿਆ ਹੈ। ਰਾਜ ਸਰਕਾਰ ਪੂਰਾ ਸਹਿਯੋਗ ਕਰ ਰਹੀ ਹੈ। ਬੀਐਸਐਫ ਨੂੰ ਵੀ ਸਰਹੱਦ ‘ਤੇ ਸੁਰੱਖਿਆ ਕਰਨ ਵਿਚ ਅਸਾਨੀ ਹੋਵੇਗੀ।

 

Check Also

ਮੌਤ ਦਾ ਸਤਸੰਗ ਜ਼ਿੰਮੇਵਾਰ ਕੌਣ?

‘ਭੋਲੇ ਬਾਬਾ’ ਦੇ ਨਾਮ ਨਾਲ ਮਸ਼ਹੂਰ ਸੂਰਜਪਾਲ ਹੋਇਆ ਫਰਾਰ, ਪ੍ਰਬੰਧਕਾਂ ‘ਤੇ ਐਫਆਈਆਰ ਲਖਨਊ/ਬਿਊਰੋ ਨਿਊਜ਼ : …