ਲੁਧਿਆਣਾ/ਬਿਊਰ ਨਿਊਜ਼
ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਲੁਧਿਆਣਾ ਵੀ ਇਸ ਤੋਂ ਬਚ ਨਹੀਂ ਸਕਿਆ। ਲੁਧਿਆਣਾ ‘ਚ ਅੱਜ 5 ਨਵੇਂ ਕਰੋਨਾ ਵਾਇਰਸ ਤੋਂ ਪੀੜਤ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਫ਼ੋਕਲ ਪੁਆਇੰਟ ਸਥਿਤ ਇੱਕ ਟਾਇਰ ਬਣਾਉਣ ਵਾਲੀ ਫ਼ੈਕਟਰੀ ‘ਚ ਕੰਮ ਕਰਦੇ ਹਨ। ਇਹ ਜਿਹੜੇ 5 ਮੁਲਾਜ਼ਮ ਕਰੋਨਾ ਪਾਜ਼ੀਟਿਵ ਮਿਲੇ ਹਨ, ਉਹ ਕ੍ਰਿਸ਼ਚਨ ਮੈਡੀਕਲ ਕਾਲਜ ਤੇ ਹਸਪਤਾਲ ‘ਚ ਦਾਖ਼ਲ 65 ਸਾਲਾ ਬਜ਼ੁਰਗ ਦੇ ਸੰਪਰਕ ‘ਚ ਆਏ ਸਨ। ਇਸ ਤੋਂ ਪਹਿਲਾਂ ਬਜ਼ੁਰਗ ਦੀ ਪਤਨੀ ਅਤੇ ਬੇਟੇ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਹੁਣ ਲੁਧਿਆਣਾ ‘ਚ ਕੁਲ ਕਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 141 ਹੋ ਗਈ ਹੈ।ਇਥੇ ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਲੁਧਿਆਣਾ ‘ਚ ਹੀ ਸੀਆਰਪੀਐਫ ਦੇ 14 ਜਵਾਨ ਕਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਸਨ। ਇਹ ਜਵਾਨ ਮਜ਼ਦੂਰਾਂ ਦੀ ਘਰ ਵਾਪਸੀ ਲਈ ਲੱਗੀਆਂ ਟਰੇਨਾਂ ‘ਚ ਡਿਊਟੀ ਦੇ ਰਹੇ ਸਨ। ਉਧਰ ਦੂਜੇ ਪਾਸੇ ਪੂਰੇ ਪੰਜਾਬ ਅੰਦਰ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੀ 2 ਹਜ਼ਾਰ ਨੂੰ ਢੁਕ ਗਈ ਹੈ ਜਦਕਿ ਕਰੋਨਾ ਵਾਇਸ ਕਾਰਨ ਹੁਣ ਤੱਕ ਪੰਜਾਬ ਅੰਦਰ 32 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ।