Breaking News
Home / ਹਫ਼ਤਾਵਾਰੀ ਫੇਰੀ / ਲਖੀਮਪੁਰ ਖੀਰੀ ਕੇਸ ਦੀ ਸੁਣਵਾਈ ‘ਚ ਲੱਗਣਗੇ ਪੰਜ ਸਾਲ: ਸੈਸ਼ਨ ਜੱਜ

ਲਖੀਮਪੁਰ ਖੀਰੀ ਕੇਸ ਦੀ ਸੁਣਵਾਈ ‘ਚ ਲੱਗਣਗੇ ਪੰਜ ਸਾਲ: ਸੈਸ਼ਨ ਜੱਜ

ਨਵੀਂ ਦਿੱਲੀ : ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਸੁਣਵਾਈ ਕਰ ਰਹੇ ਸੈਸ਼ਨ ਜੱਜ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਸਾਧਾਰਨ ਢੰਗ ਨਾਲ ਮੁਕੱਦਮੇ ਦੀ ਸੁਣਵਾਈ ਪੂਰੀ ਕਰਨ ‘ਚ ਤਕਰੀਬਨ ਪੰਜ ਸਾਲ ਲੱਗ ਸਕਦੇ ਹਨ। ਇਸ ਮਾਮਲੇ ‘ਚ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦਾ ਪੁੱਤਰ ਵੀ ਮੁਲਜ਼ਮ ਹੈ।
ਸਿਖਰਲੀ ਅਦਾਲਤ ਨੂੰ ਭੇਜੇ ਪੱਤਰ ‘ਚ ਵਧੀਕ ਸੈਸ਼ਨ ਜੱਜ ਨੇ ਕਿਹਾ ਕਿ ਇਸਤਗਾਸਾ ਧਿਰ ਦੇ 208 ਗਵਾਹ, 171 ਦਸਤਾਵੇਜ਼ ਅਤੇ ਫੋਰੈਂਸਿਕ ਵਿਗਿਆਨ ਲੈਬਾਰਟਰੀ (ਐੱਫਐੱਸਐੱਲ) ਦੀਆਂ 27 ਰਿਪੋਰਟਾਂ ਹਨ। ਜਸਟਿਸ ਸੂਰਿਆਕਾਂਤ ਤੇ ਜਸਟਿਸ ਵੀ ਰਾਮਾਸੁਬਰਾਮਨੀਅਨ ਦੇ ਬੈਂਚ ਨੇ ਕਿਹਾ, ‘ਉਹ (ਸੈਸ਼ਨ ਜੱਜ) ਕਹਿ ਰਹੇ ਹਨ ਕਿ ਸਾਧਾਰਨ ਹਾਲਾਤ ‘ਚ ਪੰਜ ਸਾਲ ਲੱਗ ਸਕਦੇ ਹਨ।’ ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਸੈਸ਼ਨ ਅਦਾਲਤ ਨੂੰ ਪੁੱਛਿਆ ਸੀ ਕਿ ਉਸ ਅਦਾਲਤ ‘ਚ ਹੋਰ ਪੈਂਡਿੰਗ ਜਾਂ ਤਰਜੀਹ ਵਾਲੇ ਕੇਸਾਂ ਦੀ ਸਮਾਂ ਸਾਰਨੀ ਨਾਲ ਸਮਝੌਤਾ ਕੀਤੇ ਬਿਨਾਂ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਸੁਣਵਾਈ ਪੂਰੀ ਕਰਨ ‘ਚ ਸਾਧਾਰਨ ਤੌਰ ‘ਤੇ ਕਿੰਨਾ ਸਮਾਂ ਲੱਗਣ ਦੀ ਸੰਭਾਵਨਾ ਹੈ। ਬੈਂਚ ਅਕਤੂਬਰ 2021 ‘ਚ ਲਖੀਮਪੁਰੀ ਖੀਰੀ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਐੱਸਯੂਵੀ ਨਾਲ ਦਰੜਨ ਦੇ ਮਾਮਲੇ ‘ਚ ਆਸ਼ੀਸ਼ ਮਿਸ਼ਰਾ ਵੱਲੋਂ ਦਾਇਰ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰ ਰਿਹਾ ਹੈ। ਸੁਣਵਾਈ ਦੌਰਾਨ ਬੈਂਚ ਨੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੇਸ਼ ਵਕੀਲ ਨੂੰ ਇਸ ਗੱਲ ਦੀ ਪੁਸ਼ਟੀ ਕਰਨ ਨੂੰ ਕਿਹਾ ਕਿ ਕੀ ਘਟਨਾ ‘ਚ ਕਥਿਤ ਤੌਰ ‘ਤੇ ਕਿਸਾਨਾਂ ਨੂੰ ਦਰੜਨ ਵਾਲੀ ਐੱਸਯੂਵੀ ‘ਚ ਸਵਾਰ ਤਿੰਨ ਲੋਕਾਂ ਦੀ ਹੱਤਿਆ ਦੇ ਮਾਮਲੇ ‘ਚ ਦਰਜ ਇੱਕ ਵੱਖਰੇ ਕੇਸ ‘ਚ ਨਾਮਜ਼ਦ ਚਾਰ ਮੁਲਜ਼ਮ ਅਜੇ ਵੀ ਹਿਰਾਸਤ ‘ਚ ਹਨ। ਬੈਂਚ ਨੇ ਕੇਸ ਦੀ ਅਗਲੀ ਸੁਣਵਾਈ 19 ਜਨਵਰੀ ਨੂੰ ਪਾ ਦਿੱਤੀ ਹੈ।

 

Check Also

ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …