-1.2 C
Toronto
Sunday, December 7, 2025
spot_img
Homeਹਫ਼ਤਾਵਾਰੀ ਫੇਰੀਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ 'ਚ ਹੋਏ ਸਫਲ

ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ ਸਫਲ ਹੋ ਗਏ ਹਨ। ਕੰਸਰਵੇਟਿਵਜ਼ ਇਕ ਵਾਰ ਫਿਰ ਪ੍ਰਧਾਨ ਮੰਤਰੀ ਟਰੂਡੋ ਦੀ ਲਿਬਰਲ ਸਰਕਾਰ ਡੇਗਣ ਵਿਚ ਨਾਕਾਮ ਰਹੇ ਹਨ। ਵਿਰੋਧੀ ਧਿਰ ਦੇ ਆਗੂ ਪੀਅਰੇ ਪੌਲੀਵਰ ਨੇ ਟਰੂਡੋ ਸਰਕਾਰ ਖਿਲਾਫ ਹਾਊਸ ਆਫ ਕਾਮਨਜ਼ ਵਿਚ ਮੁੜ ਬੇਭਰੋਸਗੀ ਮਤਾ ਰੱਖਿਆ ਸੀ। ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਤੇ ਬਲਾਕ ਕਿਊਬਕ ਨੇ ਬੇਭਰੋਸਗੀ ਮਤੇ ਦੇ ਖਿਲਾਫ ਵੋਟ ਪਾਈ। ਮਤੇ ਦੇ ਵਿਰੋਧ ਵਿਚ 207 ਤੇ ਇਸਦੀ ਹਮਾਇਤ ਵਿਚ 120 ਵੋਟਾਂ ਪਈਆਂ। ਬਲਾਕ ਕਿਊਬਕ ਅਤੇ ਐੱਨਡੀਪੀ ਦੇ ਮੌਜੂਦਾ ਰੁਖ ਦੇ ਮੱਦੇਨਜ਼ਰ ਹਾਲ ਦੀ ਘੜੀ ਨਵੇਂ ਸਿਰਿਓਂ ਆਮ ਚੋਣਾਂ ਹੋਣ ਦੀ ਫਿਲਹਾਲ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ। ਉਂਝ ਮਤੇ ‘ਤੇ ਬਹਿਸ ਦੌਰਾਨ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਕੰਸਰਵੇਟਿਵ ਆਗੂ ਪੀਅਰੇ ਪੌਲੀਵਰ ਨੂੰ ਸਿਆਸੀ ਖੇਡਾਂ ਖੇਡਣ ਦੀ ਇਜਾਜ਼ਤ ਨਹੀਂ ਦੇ ਸਕਦੇ ਤੇ ਉਸਦੇ ਹਰ ਮਤੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
ਐੱਨਡੀਪੀ ਵੱਲੋਂ ਲਿਬਰਲ ਸਰਕਾਰ ਨਾਲ ਹਮਾਇਤ ਸਮਝੌਤਾ ਰੱਦ ਕੀਤੇ ਜਾਣ ਤੋਂ ਬਾਅਦ ਪੌਲੀਵਰ ਨੇ ਪਿਛਲੇ ਮਹੀਨੇ ਟਰੂਡੋ ਸਰਕਾਰ ਖਿਲਾਫ ਪਹਿਲੀ ਵਾਰ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ। ਐੱਨਡੀਪੀ ਤੇ ਬਲਾਕ ਕਿਊਬਕ ਨੇ ਹਾਲਾਂਕਿ ਉਦੋਂ ਵੀ ਮਤੇ ਦੇ ਵਿਰੋਧ ‘ਚ ਵੋਟ ਪਾਈ ਸੀ। ਪੌਲੀਵਰ ਨੇ ਉਦੋਂ ਜਗਮੀਤ ਸਿੰਘ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ। ਕੈਨੇਡੀਅਨ ਪਾਰਲੀਮੈਂਟ ਦੀਆਂ 338 ਸੀਟਾਂ ਵਿੱਚੋਂ ਸੱਤਾਧਾਰੀ ਲਿਬਰਲਜ਼ ਕੋਲ 154, ਐੱਨਡੀਪੀ ਕੋਲ 25 ਅਤੇ ਬਲਾਕ ਕਿਊਬਕ ਕੋਲ 33 ਤੇ ਗ੍ਰੀਨ ਪਾਰਟੀ ਕੋਲ ਸਿਰਫ਼ ਦੋ ਸੀਟਾਂ ਹਨ। ਮੁੱਖ ਵਿਰੋਧੀ ਧਿਰ ਟੋਰੀਜ਼ ਕੋਲ 124 ਸੀਟਾਂ ਹਨ। ਕੰਸਰਵੇਟਿਵ ਪਾਰਟੀ ਤੀਜੀ ਕੋਸ਼ਿਸ਼ ਵਜੋਂ ਕ੍ਰਿਸਮਸ ਤੋਂ ਪਹਿਲਾਂ ਘੱਟੋ-ਘੱਟ ਇਕ ਹੋਰ ਬੇਭਰੋਸਗੀ ਮਤਾ ਸੰਸਦ ਵਿਚ ਲਿਆ ਸਕਦੀ ਹੈ। ਕੰਸਰਵੇਟਿਵ ਪਾਰਟੀ ਜਲਦੀ ਚੋਣਾਂ ਚਾਹੁੰਦੀ ਹੈ ਕਿਉਂਕਿ ਸਰਵੇਖਣਾਂ ਮੁਤਾਬਕ ਇਸ ਸਮੇਂ ਉਨ੍ਹਾਂ ਕੋਲ ਸਭ ਤੋਂ ਵੱਧ ਜਨ ਸਮਰਥਨ ਹੈ।
ਬਲਾਕ ਕਿਊਬਕ ਨੇ 29 ਅਕਤੂਬਰ ਤੱਕ ਦੀ ਮੋਹਲਤ ਦਿੱਤੀ
ਬਲਾਕ ਕਿਊਬਕ, ਜੋ ਕਿਊਬਿਕ ਸੂਬੇ ਦੀ ਆਜ਼ਾਦੀ ਚਾਹੁੰਦਾ ਹੈ, ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਬਜ਼ੁਰਗਾਂ ਦੀਆਂ ਪੈਨਸ਼ਨਾਂ ਵਧਾਉਣ ਦੇ ਬਦਲੇ ਘੱਟੋ-ਘੱਟ ਇਸ ਮਹੀਨੇ ਦੇ ਅੰਤ ਤੱਕ ਟਰੂਡੋ ਸਰਕਾਰ ਦੀ ਹਮਾਇਤ ਕਰੇਗੀ। ਬਲਾਕ ਕਿਊਬਕ ਨੇ ਲਿਬਰਲਾਂ ਨੂੰ ਹਮਾਇਤ ਦੇਣ ਬਦਲੇ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ 29 ਅਕਤੂਬਰ ਤੱਕ ਦੀ ਮੋਹਲਤ ਦਿੱਤੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਟਰੂਡੋ ਸਰਕਾਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਡਿੱਗਦੀ ਹੈ ਤਾਂ ਕਾਫੀ ਐੱਮਪੀ’ਜ਼ ਪੈਨਸ਼ਨਾਂ ਤੋਂ ਵਾਂਝੇ ਹੋ ਸਕਦੇ ਹਨ।

 

RELATED ARTICLES
POPULAR POSTS