Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਦੇ ਹੱਕ ‘ਚ ਆਈ ਐਸਜੀਪੀਸੀ

ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਦੇ ਹੱਕ ‘ਚ ਆਈ ਐਸਜੀਪੀਸੀ

ਵਿਦਿਆਰਥੀਆਂ ਦੀ ਮੁਸ਼ਕਲਾਂ ਹੱਲ ਕਰਨ ਦੀ ਕੀਤੀ ਗਈ ਮੰਗ
ਟੋਰਾਂਟੋ, ਅੰਮ੍ਰਿਤਸਰ/ਬਿਊਰੋ ਨਿਊਜ਼ : ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੀ ਚਰਚਾ ਹੁਣ ਚਾਰੇ ਪਾਸੇ ਹੋਣ ਲੱਗੀ ਹੈ। ਇਸ ਨੂੰ ਲੈ ਕੇ ਵਿਦਿਆਰਥੀਆਂ ਨੇ ਕਈ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤਾ ਹੈ, ਜਿਸ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਨੋਟਿਸ ਵੀ ਲਿਆ ਹੈ। ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੇ ਮਸਲੇ ਸੁਲਝਾਏ ਜਾਣੇ ਚਾਹੀਦੇ ਹਨ।
ਕੈਨੇਡਾ ਭਾਰਤੀ ਵਿਦਿਆਰਥੀਆਂ ਵਿੱਚ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਬਹੁਤ ਖਾਸ ਹੈ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਭਾਰਤੀਆਂ ਲਈ ਕੈਨੇਡਾ ‘ਚ ਰਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਕਦੇ ਵੀਜ਼ਾ ਨਿਯਮਾਂ ਵਿੱਚ ਬਦਲਾਅ ਕੀਤੇ ਜਾ ਰਹੇ ਹਨ ਅਤੇ ਕਦੇ ਸਟੱਡੀ ਪਰਮਿਟ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਭਾਰਤੀ ਵਿਦਿਆਰਥੀਆਂ ਨੂੰ ਆਪਣੇ ਕਾਲਜਾਂ ਤੋਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਸਤ ਵਿੱਚ ਬਰੈਂਪਟਨ ਵਿੱਚ ਸੈਂਕੜੇ ਭਾਰਤੀ ਵਿਦਿਆਰਥੀ ਫੇਲ੍ਹ ਕਰ ਦਿੱਤੇ ਗਏ ਸਨ, ਜਿਸ ਦੇ ਚੱਲਦਿਆਂ ਵਿਦਿਆਰਥੀਆਂ ਨੇ ਆਪਣੇ ਕਾਲਜਾਂ ਖਿਲਾਫ ਪ੍ਰਦਰਸ਼ਨ ਵੀ ਕੀਤਾ ਸੀ। ਹਾਲਾਂਕਿ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਹਾਲਤ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਕਾਫੀ ਨਰਾਜ਼ ਹੈ। ਸ਼੍ਰੋਮਣੀ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ। ਪੰਜਾਬ ‘ਚੋਂ ਵੱਡੀ ਗਿਣਤੀ ਵਿਦਿਆਰਥੀ ਕੈਨੇਡਾ ਪੜ੍ਹਨ ਲਈ ਜਾਂਦੇ ਹਨ।
ਐਸਜੀਪੀਸੀ ਨੇ ਕੈਨੇਡਾ ਸਰਕਾਰ ਅਤੇ ਉਥੋਂ ਦੇ ਸਿੱਖ ਆਗੂਆਂ ਦੇ ਨਾਲ-ਨਾਲ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਖਾਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ। ਧਾਮੀ ਨੇ ਇਸ ਮਸਲੇ ‘ਤੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡਾ ਦੇ ਸਿੱਖ ਆਗੂਆਂ ਤੇ ਗੁਰਦੁਆਰਾ ਕਮੇਟੀਆਂ ਨੂੰ ਵਿਦਿਆਰਥੀਆਂ ਦੀ ਮਦਦ ਵਾਸਤੇ ਦਖ਼ਲ ਦੇਣ ਅਪੀਲ ਕੀਤੀ।
ਬਰੈਂਪਟਨ ਵਿੱਚ ਕੀ ਹੋਇਆ? : ਬਰੈਂਪਟਨ ਦੇ ਸੇਂਟ ਕਲੇਅਰ ਕਾਲਜ ਵਿੱਚ ਪੜ੍ਹ ਰਹੇ 200 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ 28 ਅਗਸਤ ਨੂੰ ਆਪਣੀਆਂ ਪ੍ਰੀਖਿਆਵਾਂ ਵਿੱਚ ਫੇਲ੍ਹ ਹੋਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕੀਤਾ। ਪੋਸਟ ਗ੍ਰੈਜੂਏਟ ਕਈ ਵਿਦਿਆਰਥੀ ਗਾਰਡਨ ਸਕੁਏਅਰ, ਬਰੈਂਪਟਨ ਵਿੱਚ ਇਕੱਠੇ ਹੋਏ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਪਾਸ ਕਰਨ ਲਈ ਗ੍ਰੇਸ ਅੰਕ ਦਿੱਤੇ ਜਾਣ। ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਕਾਲਜ ਨੇ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਫੇਲ੍ਹ ਕਰ ਦਿੱਤਾ ਹੈ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਵਿਦਿਆਰਥੀ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ।

Check Also

ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …