24.8 C
Toronto
Wednesday, September 17, 2025
spot_img
Homeਹਫ਼ਤਾਵਾਰੀ ਫੇਰੀਜ਼ਿਮਨੀ ਚੋਣਾਂ : ਹਿਮਾਚਲ 'ਚ 1 ਲੋਕ ਸਭਾ ਅਤੇ 3 ਵਿਧਾਨ ਸਭਾ...

ਜ਼ਿਮਨੀ ਚੋਣਾਂ : ਹਿਮਾਚਲ ‘ਚ 1 ਲੋਕ ਸਭਾ ਅਤੇ 3 ਵਿਧਾਨ ਸਭਾ ਸੀਟਾਂ ‘ਤੇ ਭਾਜਪਾ ਹਾਰੀ

ਭਾਜਪਾ ਚਾਰੋਂ ਖਾਨੇ ਚਿੱਤ-ਕਾਂਗਰਸ ਦਾ ਹੱਥ ਉਚਾ
ਨਵੀਂ ਦਿੱਲੀ : ਤਿੰਨ ਲੋਕ ਸਭਾ ਅਤੇ 13 ਰਾਜਾਂ ਦੀਆਂ 29 ਵਿਧਾਨ ਸਭਾ ਸੀਟਾਂ ‘ਤੇ ਲੰਘੀ 30 ਅਕਤੂਬਰ ਨੂੰ ਹੋਈ ਜ਼ਿਮਨੀ ਚੋਣ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਅਗਲੇ ਸਾਲ ਵਿਧਾਨ ਸਭਾ ਚੋਣਾਂ ਦਾ ਸਾਹਮਣਾ ਕਰਨ ਜਾ ਰਹੇ ਹਿਮਾਚਲ ਵਿਚ ਭਾਜਪਾ ਨੂੰ ਕਰਾਰੀ ਹਾਰ ਮਿਲੀ। ਮੰਡੀ ਸੰਸਦੀ ਸੀਟ ਅਤੇ ਫਤਹਿਪੁਰ, ਅਕਰੀ ਅਤੇ ਜੁਬਲ ਕੋਟਖਾਈ ਵਿਧਾਨ ਸਭਾ ਸੀਟਾਂ ‘ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਮੰਡੀ ਲੋਕ ਸਭਾ ਸੀਟ ‘ਤੇ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੇ ਜਿੱਤ ਹਾਸਲ ਕੀਤੀ ਹੈ ਅਤੇ ਉਨ੍ਹਾਂ ਭਾਜਪਾ ਦੇ ਉਮੀਦਵਾਰ ਰਿਟਾ. ਬਿਰਗੇਡੀਅਰ ਖੁਸ਼ਹਾਲ ਸਿੰਘ ਨੂੰ ਹਰਾਇਆ। ਇਸੇ ਦੌਰਾਨ ਵਿਧਾਨ ਸਭਾ ਹਲਕਾ ਅਕਰੀ ਤੋਂ ਸੰਜੇ ਅਵਸਥੀ, ਜੁਬਲ ਕੋਟਖਾਈ ਤੋਂ ਰੋਹਿਤ ਠਾਕੁਰ ਅਤੇ ਫਤਹਿਪੁਰ ਤੋਂ ਭਵਾਨੀ ਸਿੰਘ ਪਠਾਨੀਆ ਨੇ ਜਿੱਤ ਹਾਸਲ ਕੀਤੀ ਹੈ।
ਉੱਤਰੀ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੱਡਾ ਝਟਕਾ ਦਿੰਦਿਆਂ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ‘ਚ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ ਸ਼ਿਵ ਸੈਨਾ ਨੇ ਮਹਾਰਾਸ਼ਟਰ ਤੋਂ ਬਾਹਰ ਪੈਰ ਪਸਾਰਦਿਆਂ ਦਾਦਰਾ ਤੇ ਨਗਰ ਹਵੇਲੀ ਦੀ ਲੋਕ ਸਭਾ ਸੀਟ ਜਿੱਤ ਲਈ ਹੈ।
ਇਸੇ ਤਰ੍ਹਾਂ ਮਹਾਰਾਸ਼ਟਰ ‘ਚ ਦੇਗਲੁਰ ਵਿਧਾਨ ਸਭਾ ਸੀਟ ‘ਤੇ ਕਾਂਗਰਸ ਉਮੀਦਵਾਰ ਜਿਤੇਸ਼ ਰਾਓਸਾਹਿਬ ਅੰਤਾਪੁਰਕਰ ਨੇ ਭਾਜਪਾ ਉਮੀਦਵਾਰ ਸੁਭਾਸ਼ ਪੀਰਾਜੀਰਾਓ ਸਾਬਨੇ ਨੂੰ ਹਰਾਇਆ। ਆਂਧਰਾ ਪ੍ਰਦੇਸ਼ ਦੇ ਕਡੱਪਾ ਜ਼ਿਲ੍ਹੇ ਵਿਚਲੀ ਬਦਵੇਲ ਵਿਧਾਨ ਸਭਾ ਸੀਟ ‘ਤੇ ਵਾਈਐੱਸਆਰ ਕਾਂਗਰਸ ਦੇ ਉਮੀਦਵਾਰ ਦਸਾਰੀ ਸੁਧਾ ਨੇ ਜਿੱਤ ਹਾਸਲ ਕੀਤੀ ਹੈ।
ਪੱਛਮੀ ਬੰਗਾਲ ‘ਚ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
ਕੋਲਕਾਤਾ : ਪੱਛਮੀ ਬੰਗਾਲ ‘ਚ ਹਾਕਮ ਪਾਰਟੀ ਤ੍ਰਿਣਾਮੂਲ ਕਾਂਗਰਸ ਨੇ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ‘ਚ ਆਪਣੇ ਵਿਰੋਧੀਆਂ ਨੂੰ ਰਿਕਾਰਡ ਫਰਕ ਨਾਲ ਹਰਾਉਂਦਿਆਂ 4-0 ਨਾਲ ਜਿੱਤ ਦਰਜ ਕੀਤੀ ਜਦਕਿ ਤਿੰਨ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਪੱਛਮੀ ਬੰਗਾਲ ਦੀ 294 ਮੈਂਬਰੀ ਵਿਧਾਨ ਸਭਾ ‘ਚ ਟੀਐੱਮਸੀ ਨੇ ਕੂਚਬਿਹਾਰ ਤੇ ਨਾਡੀਆ ਜ਼ਿਲ੍ਹੇ ‘ਚ ਕ੍ਰਮਵਾਰ ਦਿਨਹਾਟਾ ਤੇ ਸ਼ਾਂਤੀਪੁਰ ਸੀਟ ਤੋਂ ਭਾਜਪਾ ਨੂੰ ਵੱਡੇ ਫਰਕ ਨਾਲ ਹਰਾਇਆ। ਹੁਣ ਵਿਧਾਨ ਸਭਾ ‘ਚ ਭਾਜਪਾ ਦੇ ਮੈਂਬਰਾਂ ਦੀ ਗਿਣਤੀ 77 ਤੋਂ ਘਟ ਕੇ 75 ਹੋ ਗਈ ਹੈ। ਟੀਐੱਮਸੀ ਨੇ ਉੱਤਰੀ 24 ਪਰਗਨਾ ਤੇ ਦੱਖਣੀ 24 ਪਰਗਨਾ ਜ਼ਿਲ੍ਹੇ ‘ਚ ਖਰਦਾਹ ਤੇ ਗੋਸਾਬਾ ਵਿਧਾਨ ਸਭਾ ਸੀਟਾਂ ‘ਤੇ ਜਿੱਤ ਦਾ ਵੱਡਾ ਫਰਕ ਕਾਇਮ ਰੱਖਿਆ। ਦੂਜੇ ਪਾਸੇ ਗੋਸਾਬਾ, ਖਰਦਾਹ ਤੇ ਦਿਨਹਾਟਾ ‘ਚ ਭਾਜਪਾ ਦੇ ਉਮੀਦਵਾਰ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾ ਸਕੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਦੀ ਵਧਾਈ ਦਿੱਤੀ ਹੈ।
ਹਾਰ ਤੋਂ ਸਬਕ ਲੈ ਕੇ ਖੇਤੀ ਕਾਨੂੰਨ ਰੱਦ ਕਰੇ ਭਾਜਪਾ : ਮੋਰਚਾ
ਲੋਕ ਸਭਾ ਤੇ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਹੋਈ ਜ਼ਿਮਨੀ ਚੋਣ ‘ਚ ਭਾਜਪਾ ਨੂੰ ਮਿਲੀ ਨਮੋਸ਼ੀਜਨਕ ਤੇ ਕਰਾਰੀ ਹਾਰ ਮਗਰੋਂ ਦਿੱਲੀ ‘ਚ ਲੱਗੇ ਮੋਰਚਿਆਂ ‘ਤੇ ਡਟੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਭਾਜਪਾ ਦੀਆਂ ਜੜ੍ਹਾਂ ਖੋਖਲੀਆਂ ਕਰ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਚੋਣ ਨਤੀਜਿਆਂ ਤੋਂ ਸਾਫ਼ ਹੈ ਕਿ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਖਫ਼ਾ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਸਬਕ ਲੈ ਕੇ ਅਜੇ ਵੀ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲਵੇ।

 

RELATED ARTICLES
POPULAR POSTS