Breaking News
Home / ਹਫ਼ਤਾਵਾਰੀ ਫੇਰੀ / ਮੁਲਾਇਮ ਯਾਦਵ, ਜਾਕਿਰ ਹੁਸੈਨ ਅਤੇ ਡਾ. ਰਤਨ ਸਿੰਘ ਜੱਗੀ ਸਣੇ 106 ਨੂੰ ਪਦਮ ਪੁਰਸਕਾਰ

ਮੁਲਾਇਮ ਯਾਦਵ, ਜਾਕਿਰ ਹੁਸੈਨ ਅਤੇ ਡਾ. ਰਤਨ ਸਿੰਘ ਜੱਗੀ ਸਣੇ 106 ਨੂੰ ਪਦਮ ਪੁਰਸਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ 74ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ਮੌਕੇ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ (ਮਰਨ ਉਪਰੰਤ), ਯੂਪੀਏ ਸਰਕਾਰ ‘ਚ ਸਾਬਕਾ ਵਿਦੇਸ਼ ਮੰਤਰੀ ਐੱਸ.ਐੱਮ.ਕ੍ਰਿਸ਼ਨਾ, ਬਾਲਕ੍ਰਿਸ਼ਨ ਦੋਸ਼ੀ (ਮਰਨ ਉਪਰੰਤ), ਅਮਰੀਕਾ ਅਧਾਰਿਤ ਗਣਿਤ ਮਾਹਿਰ ਸ੍ਰੀਨਿਵਾਸ ਵਰਧਨ, ਡਾ. ਦਿਲੀਪ ਮਹਾਲਾਨਾਬਿਸ (ਮਰਨ ਉਪਰੰਤ) ਤੇ ਤਬਲਾ ਵਾਦਕ ਜ਼ਾਕਿਰ ਹੁਸੈਨ ਉਨ੍ਹਾਂ ਛੇ ਸ਼ਖ਼ਸੀਅਤਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ‘ਪਦਮ ਵਿਭੂਸ਼ਣ’ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਪਦਮ ਭੂਸ਼ਣ ਲਈ 15 ਤੇ ਪਦਮਸ੍ਰੀ ਲਈ 91 ਸ਼ਖ਼ਸੀਅਤਾਂ ਦੀ ਚੋਣ ਕੀਤੀ ਗਈ ਹੈ। ਦੇਸ਼ ਦੇ ਸਿਖਰਲੇ ਨਾਗਰਿਕ ਸਨਮਾਨ ‘ਭਾਰਤ ਰਤਨ’ ਲਈ ਐਤਕੀਂ ਕਿਸੇ ਨੂੰ ਵੀ ਨਾਮਜ਼ਦ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਪਦਮ ਪੁਰਸਕਾਰਾਂ ਲਈ ਚੁਣੀਆਂ ਹਸਤੀਆਂ ਨੂੰ ਵਧਾਈ ਦਿੱਤੀ ਹੈ। ਸਰਕਾਰੀ ਬਿਆਨ ਮੁਤਾਬਕ ਪੱਛਮੀ ਬੰਗਾਲ ਨਾਲ ਸਬੰਧਤ ਡਾ. ਮਹਾਲਨਾਬਿਸ 1971 ਦੀ ਬੰਗਲਾਦੇਸ਼ ਜੰਗ ਰਫਿਊਜੀ ਕੈਂਪ ਵਿੱਚ ਸੇਵਾਵਾਂ ਦੇਣ ਲਈ ਅਮਰੀਕਾ ਤੋਂ ਪਰਤੇ ਸਨ ਤੇ ਉਨ੍ਹਾਂ ਆਲਮੀ ਪੱਧਰ ‘ਤੇ ਪੰਜ ਕਰੋੜ ਤੋਂ ਵੱਧ ਜਾਨਾਂ ਬਚਾਉਣ ਲਈ ਓਰਲ ਰੀਹਾਈਡ੍ਰੇਸ਼ਨ ਸੌਲਿਊਸ਼ਨ (ਓਆਰਐੱਸ) ਦਾ ਪ੍ਰਚਾਰ ਪਾਸਾਰ ਕੀਤਾ ਸੀ।
ਅੰਡੇਮਾਨ ਨਾਲ ਸਬੰਧਤ ਸੇਵਾਮੁਕਤ ਸਰਕਾਰੀ ਡਾਕਟਰ ਰਤਨ ਚੰਦਰਾ ਕਾਰ, ਜਿਨ੍ਹਾਂ ਨਿਕੋਬਾਰ ਟਾਪੂਆਂ ਵਿੱਚ ਜਾਰਾਵਾ ਕਬੀਲੇ ਨਾਲ ਕੰਮ ਕੀਤਾ, ਗੁਜਰਾਤ ਤੋਂ ਸਿੱਧੀ ਕਬਾਇਲੀ ਸਮਾਜਿਕ ਵਰਕਰ ਹੀਰਾਬਾਈ ਲੋਬੀ, ਮੱਧ ਪ੍ਰਦੇਸ਼ ਵਿੱਚ ਦੱਬੇ ਕੁਚਲੇ ਤੇ ਕਮਜ਼ੋਰ ਵਰਗਾਂ ਦਾ ਇਲਾਜ ਕਰਨ ਵਾਲੇ ਸਾਬਕਾ ਫੌਜੀ ਮੁਨੀਸ਼ਵਰ ਚੰਦਰ ਡਾਵਰ ਨੂੰ ਪਦਮਸ੍ਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸੇ ਤਰ੍ਹਾਂ ਨਾਗਾ ਸੋਸ਼ਲ ਵਰਕਰ ਰਾਮਕੁਈਵਾਂਗਬੇ ਨਿਊਮੇ, ਜਿਨ੍ਹਾਂ ਜਾਗਰੂਕਤਾ ਕੈਂਪਾਂ ਤੇ ਪ੍ਰੋਗਰਾਮਾਂ ਜ਼ਰੀਏ ਹੇਰਾਕਾ ਭਾਰਤੀ ਸਭਿਆਚਾਰ ਨੂੰ ਬਚਾਉਣ ਤੇ ਇਸ ਦੇ ਪ੍ਰਚਾਰ ਪਸਾਰ ‘ਚ ਮਦਦ ਕੀਤੀ, ਨੂੰ ਸਰਕਾਰ ਨੇ ਪਦਮਸ੍ਰੀ ਦੇਣ ਦਾ ਫੈਸਲਾ ਕੀਤਾ ਹੈ।
ਪਦਮਸ੍ਰੀ ਲਈ ਚੁਣੀਆਂ ਗਈਆਂ ਹੋਰਨਾਂ ਸ਼ਖ਼ਸੀਅਤਾਂ ਵਿੱਚ ‘ਕੰਨੂਰ ਕੇ ਗਾਂਧੀ’ ਵਜੋਂ ਮਕਬੂਲ ਵੀ.ਪੀ.ਅੱਪੂਕੁੱਟਨ ਪੋਡੁਵਲ, ਤਾਮਿਲਨਾਡੂ ਦੇ ਇਰੁਲਾ ਕਬੀਲੇ ਨਾਲ ਸਬੰਧਤ ਦੋ ਸਪੇਰੇ ਵਡੀਵੇਲ ਗੋਪਾਲ ਤੇ ਮਸੀ ਸਦਾਇਨ ਤੇ ਸਿੱਕਮ ਦਾ 98 ਸਾਲਾ ਛੋਟਾ ਆਰਗੈਨਿਕ ਕਿਸਾਨ ਤੁਲਾ ਰਾਮ ਉਪਰੇਤੀ ਤੇ ਹਿਮਾਚਲ ਦੇ ਨੇਕ ਰਾਮ ਸ਼ਰਮਾ ਸ਼ਾਮਲ ਹਨ। ਸਰਕਾਰ ਨੇ ਪਦਮਸ੍ਰੀ ਪੁਰਸਕਾਰ ਲਈ ਕੁੱਲ ਮਿਲਾ ਕੇ 91 ਨਾਵਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਰਾਕੇਸ਼ ਝੁਨਝੁਨਵਾਲਾ (ਮਰਨ ਉਪਰੰਤ), ਬੌਲੀਵੁੱਡ ਅਦਾਕਾਰਾ ਰਵੀਨਾ ਟੰਡਨ, ਮਨੀਪੁਰ ਭਾਜਪਾ ਦੇ ਪ੍ਰਧਾਨ ਥੋਨਾਓਜਾਮ ਚਾਓਬਾ ਸਿੰਘ ਵੀ ਸ਼ਾਮਲ ਹਨ।
ਪਦਮ ਭੂਸ਼ਨ ਹਾਸਲ ਕਰਨ ਵਾਲੀਆਂ ਨੌਂ ਹਸਤੀਆਂ ਵਿੱਚ ਉੱਘੇ ਸਨਅਤਕਾਰ ਕੁਮਾਰ ਮੰਗਲਮ ਬਿਰਲਾ, ਨਾਵਲਕਾਰ ਐੱਸ.ਐੱਲ.ਭਈਰੱਪਾ, ਸੁਧਾ ਮੂਰਤੀ, ਦੀਪਕ ਧਰ, ਵਾਨੀ ਜੈਰਾਮ, ਸਵਾਮੀ ਚਿੰਨਾ ਜੀਯਾਰ, ਸੁਮਨ ਕਲਿਆਣਪੁਰੀ, ਕਪਿਲ ਕਪੂਰ ਤੇ ਕਮਲੇਸ਼ ਡੀ.ਪਟੇਲ ਸ਼ਾਮਲ ਹਨ।
ਡਾ. ਰਤਨ ਸਿੰਘ ਜੱਗੀ ਨੂੰ ਪਦਮਸ੍ਰੀ : ਪਦਮਸ੍ਰੀ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ਵਿੱਚ ਪੰਜਾਬ ਤੋਂ ਉੱਘੇ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਾਹਿਤ ਤੇ ਸਿੱਖਿਆ ਦੇ ਖੇਤਰ ਵਿਚ ਇਹ ਮਾਣਮੱਤਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਡਾ. ਜੱਗੀ ਪੰਜਾਬੀ ਤੇ ਹਿੰਦੀ ਸਾਹਿਤ ਜਗਤ ਅਤੇ ਵਿਸ਼ੇਸ਼ ਤੌਰ ‘ਤੇ ਗੁਰਮਤਿ ਸਾਹਿਤ ਦੇ ਉੱਘੇ ਵਿਦਵਾਨ ਹਨ।
ਛੇ ਨੂੰ ਕੀਰਤੀ ਅਤੇ 15 ਨੂੰ ਸ਼ੌਰਿਆ ਚੱਕਰ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 412 ਬਹਾਦਰੀ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਛੇ ਕੀਰਤੀ ਚੱਕਰ ਤੇ 15 ਸ਼ੌਰਿਆ ਚੱਕਰ ਸ਼ਾਮਲ ਹਨ। ਚਾਰ ਕੀਰਤੀ ਚੱਕਰ ਮਰਨ ਉਪਰੰਤ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾਂ ਦੋ ਸ਼ੌਰਿਆ ਚੱਕਰ ਮਰਨ ਉਪਰੰਤ ਦਿੱਤੇ ਜਾ ਰਹੇ ਹਨ।
ਮੇਜਰ ਸ਼ੁਭਾਂਗ, ਨਾਇਕ ਜਿਤੇਂਦਰ ਸਿੰਘ, ਰੋਹਿਤ ਕੁਮਾਰ, ਦੀਪਕ ਭਾਰਦਵਾਜ, ਸੋਢੀ ਨਾਰਾਇਣ, ਸ਼ਰਵਣ ਕਸ਼ਯਪ ਨੂੰ ਕੀਰਤੀ ਚੱਕਰ ਮਿਲੇਗਾ। ਉਧਰ ਸ਼ੌਰਿਆ ਚੱਕਰ ਹਾਸਲ ਕਰਨ ਵਾਲਿਆਂ ‘ਚ ਮੇਜਰ ਆਦਿੱਤਿਆ ਭਦੌਰਿਆ, ਕੈਪਟਨ ਅਰੁਣ ਕੁਮਾਰ, ਕੈਪਟਨ ਯੁੱਧਵੀਰ ਸਿੰਘ, ਕੈਪਟਨ ਰਾਕੇਸ਼ ਟੀ.ਆਰ, ਨਾਇਕ ਜਸਬੀਰ ਸਿੰਘ, ਕਾਂਸਟੇਬਲ ਮੁਦਾਸਿਰ ਅਹਿਮਦ ਸ਼ੇਖ, ਲਾਂਸ ਨਾਇਕ ਵਿਕਾਸ ਚੌਧਰੀ, ਕੈਪਟਨ ਯੋਗੇਸ਼ਵਰ ਕ੍ਰਿਸ਼ਨਾਰਾਓ ਕੰਡਾਲਕਰ, ਫਲਾਈਟ ਲੈਫੀਟੀਨੈਂਟ ਤੇਜਪਾਲ, ਸਕੁਐਡਰਨ ਲੀਡਰ ਸੰਦੀਪ ਕੁਮਾਰ ਝਾਝਰੀਆ, ਆਨੰਦ ਸਿੰਘ (ਆਈਏਐੱਫ ਗਰੁੜ), ਸੁਨੀਲ ਕੁਮਾਰ (ਆਈਏਐੱਫ), ਅਸਿਸਟੈਂਟ ਕਮਾਂਡੈਂਟ ਸਤੇਂਦਰ ਸਿੰਘ (ਐੱਮਐੱਚਏ), ਡਿਪਟੀ ਕਮਾਂਡੈਂਟ ਵਿੱਕੀ ਕੁਮਾਰ ਪਾਂਡੇ (ਐੱਮਐੱਚਏ), ਕਾਂਸਟੇਬਲ ਵਿਜੈ ਓਰਾਓਂ ਸ਼ਾਮਲ ਹਨ।
ਇਸ ਦੌਰਾਨ 92 ਨੂੰ ਸੈਨਾ ਮੈਡਲ ਅਤੇ 29 ਨੂੰ ਪਰਮ ਵਸ਼ਿਸ਼ਟ ਸੇਵਾ ਮੈਡਲ, 52 ਨੂੰ ਅਤਿ ਵਸ਼ਿਸ਼ਟ ਸੇਵਾ ਮੈਡਲ, 10 ਨੂੰ ਯੁੱਧ ਸੇਵਾ ਮੈਡਲ, 36 ਨੂੰ ਸੈਨਾ ਮੈਡਲ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
144 ਪੁਸਤਕਾਂ ਲਿਖ ਚੁੱਕੇ ਹਨ ਡਾ. ਜੱਗੀ
ਨਵੀਂ ਦਿੱਲੀ : ਭਾਰਤ ਸਰਕਾਰ ਵਲੋਂ ਪੰਜਾਬ ਦੇ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿਚ ਪਦਮਸ੍ਰੀ ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ 74ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਦੇ ਅਵਸਰ ‘ਤੇ ਪਦਮ ਸਨਮਾਨ 2023 ਦੀ ਸੂਚੀ ਨੂੰ ਮਨਜੂਰੀ ਦਿੱਤੀ ਗਈ ਹੈ। ਇਹ ਪੁਰਸਕਾਰ ਹਰ ਸਾਲ ਮਾਰਚ ਜਾਂ ਅਪ੍ਰੈਲ ‘ਚ ਰਾਸ਼ਟਰਪਤੀ ਭਵਨ ਵਿਖੇ ਹੋਣ ਵਾਲੇ ਸਮਾਗਮ ਦੌਰਾਨ ਪ੍ਰਦਾਨ ਕੀਤੇ ਜਾਂਦੇ ਹਨ। ਪਦਮਸ੍ਰੀ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ਵਿੱਚ ਪੰਜਾਬ ਤੋਂ ਉੱਘੇ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਾਹਿਤ ਤੇ ਸਿੱਖਿਆ ਦੇ ਖੇਤਰ ਵਿਚ ਇਹ ਮਾਣਮੱਤਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਡਾ. ਜੱਗੀ ਪੰਜਾਬੀ ਤੇ ਹਿੰਦੀ ਸਾਹਿਤ ਜਗਤ ਅਤੇ ਵਿਸ਼ੇਸ਼ ਤੌਰ ‘ਤੇ ਗੁਰਮਤਿ ਸਾਹਿਤ ਦੇ ਉੱਘੇ ਵਿਦਵਾਨ ਹਨ। ਉਨ੍ਹਾਂ ਨੇ ਆਪਣੇ ਜੀਵਨ ਦਾ 70 ਸਾਲ ਤੋਂ ਜ਼ਿਆਦਾ ਸਮਾਂ ਪੰਜਾਬੀ, ਹਿੰਦੀ ਸਾਹਿਤ ਅਤੇ ਗੁਰਮਤਿ ਸਾਹਿਤ ਦੀ ਸੇਵਾ ਲਈ ਸਮਰਪਿਤ ਕੀਤਾ ਹੈ। ਡਾ. ਰਤਨ ਸਿੰਘ ਜੱਗੀ 95 ਸਾਲਾਂ ਦੀ ਉਮਰ ਵਿਚ ਵੀ ਸਮਾਜ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਡਾ. ਜੱਗੀ ਹੁਣ ਤੱਕ ਕਰੀਬ 144 ਪੁਸਤਕਾਂ ਲਿਖ ਚੁੱਕੇ ਹਨ। ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਡਾ. ਰਤਨ ਸਿੰਘ ਜੱਗੀ ਹੋਰਾਂ ਨੂੰ ਲਾਈਫ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …