Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਵਿਚ ਹਰ ਚੌਥੇ ਵਿਅਕਤੀ ਕੋਲ ਹੈ ਪਾਸਪੋਰਟ

ਪੰਜਾਬ ਵਿਚ ਹਰ ਚੌਥੇ ਵਿਅਕਤੀ ਕੋਲ ਹੈ ਪਾਸਪੋਰਟ

ਵਿਦੇਸ਼ ਜਾਣ ਦਾ ਵਧਿਆ ਰੁਝਾਨ
ਚੰਡੀਗੜ੍ਹ : ਪੰਜਾਬ ਦੇ ਵਸਨੀਕਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ ਅਤੇ ਹੁਣ ਪੰਜਾਬ ਦੇ ਹਰ ਚੌਥੇ ਵਿਅਕਤੀ ਕੋਲ ਪਾਸਪੋਰਟ ਹੈ। ਮੀਡੀਆ ਵਿਚ ਆਈ ਜਾਣਕਾਰੀ ਮੁਤਾਬਕ ਪੰਜਾਬ ਹੁਣ 77.17 ਲੱਖ ਪਾਸਪੋਰਟਾਂ ਨਾਲ ਚੌਥਾ ਸਭ ਤੋਂ ਵੱਡਾ ‘ਪਾਸਪੋਰਟ ਸੂਬਾ’ ਬਣ ਗਿਆ ਹੈ। ਇਸ ਸਾਲ ਨਵੰਬਰ ਤੱਕ 7.40 ਲੱਖ ਪਾਸਪੋਰਟ ਬਣ ਚੁੱਕੇ ਹਨ। ਪਿਛਲੇ ਸਾਲ 6.44 ਲੱਖ ਪਾਸਪੋਰਟ ਬਣਾਏ ਗਏ ਸਨ। ਸਟੱਡੀ ਵੀਜ਼ੇ ਤੋਂ ਇਲਾਵਾ ਪੰਜਾਬੀ ਕੰਮ-ਕਾਜ ਲਈ ਵਿਦੇਸ਼ਾਂ ਵਿੱਚ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਤਾਜ਼ਾ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਕੇਰਲ 1.12 ਕਰੋੜ ਪਾਸਪੋਰਟਾਂ ਨਾਲ ਪਹਿਲੇ ਸਥਾਨ ‘ਤੇ ਹੈ, ਜਦਕਿ 12 ਕਰੋੜ ਤੋਂ ਵੱਧ ਦੀ ਆਬਾਦੀ ਵਾਲਾ ਰਾਜ ਮਹਾਰਾਸ਼ਟਰ 1.4 ਕਰੋੜ ਪਾਸਪੋਰਟਾਂ ਨਾਲ ਦੂਜੇ ਸਥਾਨ ‘ਤੇ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਲੋਕ ਵੀ ਵਿਦੇਸ਼ ਜਾਣ ਵਿਚ ਪਿੱਛੇ ਨਹੀਂ ਹਨ, 87.4 ਲੱਖ ਪਾਸਪੋਰਟਾਂ ਨਾਲ ਇਹ ਸੂਬਾ ਤੀਜੇ ਸਥਾਨ ‘ਤੇ ਹੈ। ਇਸਦੇ ਨਾਲ ਹੀ ਕਰੀਬ ਤਿੰਨ ਕਰੋੜ ਦੀ ਆਬਾਦੀ ਵਾਲਾ ਪੰਜਾਬ ਇਸ ਮਾਮਲੇ ਵਿਚ ਦੇਸ਼ ਭਰ ਵਿਚ ਚੌਥੇ ਸਥਾਨ ‘ਤੇ ਹੈ। ਧਿਆਨ ਰਹੇ ਕਿ ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ ਅਤੇ ਇਟਲੀ ਆਦਿ ਦੇਸ਼ਾਂ ਵਿਚ ਪੰਜਾਬੀਆਂ ਦੀ ਵੱਡੀ ਗਿਣਤੀ ਹੈ।
ਜਲੰਧਰ ਜ਼ਿਲ੍ਹੇ ਵਿਚ ਸਭ ਤੋਂ ਵੱਧ ਪਾਸਪੋਰਟ
ਜਲੰਧਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 9.58 ਲੱਖ ਪਾਸਪੋਰਟ ਹਨ, ਇਸ ਤੋਂ ਬਾਅਦ ਲੁਧਿਆਣਾ (7.28 ਲੱਖ), ਹੁਸ਼ਿਆਰਪੁਰ (5.67 ਲੱਖ), ਪਟਿਆਲਾ (4.88 ਲੱਖ), ਸੰਗਰੂਰ (3.20 ਲੱਖ), ਬਠਿੰਡਾ (2.47 ਲੱਖ) ਅਤੇ ਮਾਨਸਾ ਜ਼ਿਲ੍ਹੇ ਵਿਚ 86,352 ਪਾਸਪੋਰਟ ਹਨ।
5.62 ਲੱਖ ਪਾਸਪੋਰਟਾਂ ਦਾ ਹੋਵੇਗਾ ਨਵੀਨੀਕਰਨ
ਅੰਕੜਿਆਂ ਅਨੁਸਾਰ ਪੰਜਾਬ ਭਰ ਵਿੱਚ 5.62 ਲੱਖ ਪਾਸਪੋਰਟ ਅਜਿਹੇ ਹਨ, ਜਿਨ੍ਹਾਂ ਦਾ ਨਵੀਨੀਕਰਨ ਨਹੀਂ ਹੋਇਆ ਹੈ। ਇਨ੍ਹਾਂ ਵਿੱਚੋਂ ਲੁਧਿਆਣਾ ਜ਼ਿਲ੍ਹੇ ਦੇ 1.10 ਲੱਖ, ਜਲੰਧਰ ਜ਼ਿਲ੍ਹੇ ਦੇ 69,489, ਹੁਸ਼ਿਆਰਪੁਰ ਜ਼ਿਲ੍ਹੇ ਦੇ 35,055, ਮੋਗਾ ਜ਼ਿਲ੍ਹੇ ਦੇ 30,632, ਬਠਿੰਡਾ ਜ਼ਿਲ੍ਹੇ ਦੇ 20,889 ਅਤੇ ਬਰਨਾਲਾ ਜ਼ਿਲ੍ਹੇ ਦੇ 11,994 ਪਾਸਪੋਰਟ ਰੀਨਿਊ ਨਹੀਂ ਹੋਏ ਹਨ।

 

Check Also

ਪੰਜਾਬ ‘ਚੋਂ ਨਸ਼ੇ ਖਤਮ ਕਰਨ ਲਈ ਨਵੀਂ ਵਿਉਂਤਬੰਦੀ

ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰਾਂ ਤੇ ਪੁਲਿਸ ਦਾ ਗੱਠਜੋੜ ਤੋੜਨ ਦਾ ਕੀਤਾ ਵਾਅਦਾ …