ਸਿੱਖ ਗੁਰਦੁਆਰਾ ਐਕਟ 1925 ‘ਚ ਕੀਤੀ ਸੋਧ, ਵਿਰੋਧ ਵਜੋਂ ਐਸਜੀਪੀਸੀ ਨੇ 26 ਜੂਨ ਨੂੰ ਬੁਲਾਇਆ ਇਜਲਾਸ
ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਹੋਣਗੇ ਮੁੱਖ ਮੰਤਰੀ, ਬਿਲ ਪਾਸ, ਰਾਜਪਾਲ ਦੀ ਮੋਹਰ ਲੱਗਣੀ ਬਾਕੀ
ਦੋ ਸਾਲਾਂ ਤੋਂ ਪੇਂਡੂ ਵਿਕਾਸ ਫੰਡ ਰੋਕਣ ‘ਤੇ ਕੇਂਦਰ ਖਿਲਾਫ਼ ਮਤਾ ਕੀਤਾ ਪਾਸ,ਅਕਾਲੀ-ਬਸਪਾ ਨੇ ਵੀ ਦਿੱਤਾ ਸਾਥ
ਪੰਜਾਬ ਪੁਲਿਸ ਸੋਧ ਬਿਲ 2023 ਪਾਸ, ਸਰਕਾਰ ਹੁਣ ਆਪਣੀ ਮਰਜ਼ੀ ਦਾ ਚੁਣ ਸਕੇਗੀ ਡੀਜੀਪੀ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੰਘੇ ਮੰਗਲਵਾਰ ਨੂੰ ਵਿਧਾਨ ਸਭਾ ਵਿਚ ਸਿੱਖ ਗੁਰਦੁਆਰਾ ਐਕਟ 1925 ਵਿਚ ਸੋਧ ਕਰਨ ਦਾ ਮਤਾ ਪਾਸ ਕਰਦਿਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦਾ ਰਾਹ ਸਭਨਾਂ ਚੈਨਲਾਂ ਲਈ ਮੁਫ਼ਤ ਖੋਲ੍ਹਣ ਦਾ ਦਮ ਭਰਿਆ। ਜਦੋਂਕਿ ਐਸਜੀਪੀਸੀ ਨੇ ਇਸ ਨੂੰ ਸਿੱਖ ਮਾਮਲਿਆਂ ‘ਚ ਦਖਲ ਕਰਾਰ ਦਿੰਦਿਆਂ 26 ਜੂਨ ਨੂੰ ਆਮ ਇਜਲਾਸ ਸੱਦ ਲਿਆ ਹੈ। ਇਸੇ ਸੈਸ਼ਨ ਦੌਰਾਨ ਪੇਂਡੂ ਵਿਕਾਸ ਫੰਡ ਰੋਕਣ ਕਾਰਨ ਕੇਂਦਰ ਦੇ ਖਿਲਾਫ ਅਤੇ ਪੰਜਾਬ ਯੂਨੀਵਰਸਿਟੀਆਂ ਦੇ ਚਾਂਸਲਰ ਹੁਣ ਰਾਜਪਾਲ ਨਹੀਂ ਮੁੱਖ ਮੰਤਰੀ ਹੋਇਆ ਕਰਨਗੇ ਦਾ ਮਤਾ ਪਾਸ ਕੀਤਾ ਗਿਆ, ਜਿਸ ਵਿਚ ਅਕਾਲੀ ਦਲ ਅਤੇ ਬਸਪਾ ਨੇ ਵੀ ਸਾਥ ਦਿੱਤਾ। ਪੰਜਾਬ ਪੁਲਿਸ ਸੋਧ ਬਿਲ ‘ਤੇ ਵੀ ਸੈਸ਼ਨ ਦੌਰਾਨ ਮੋਹਰ ਲਾਉਂਦਿਆਂ ਪੰਜਾਬ ‘ਚ ਰੈਗੂਲਰ ਡੀਜੀਪੀ ਲਗਾਉਣ ਦੀ ਪ੍ਰਕਿਰਿਆ ਦੇ ਅਧਿਕਾਰ ਵੀ ਸਰਕਾਰ ਨੇ ਆਪਣੇ ਹੱਥ ਵਿਚ ਕਰ ਲਏ ਹਨ। ਇਹ ਸੈਸ਼ਨ ਚਰਚਾ ਵਿਚ ਵੀ ਰਿਹਾ, ਵਿਵਾਦਾਂ ਵਿਚ ਵੀ।
”ਰਾਜਪਾਲ ਦਾ ਕੰਮ ਤਾਂ ਸਹੁੰ ਚੁਕਾਉਣਾ ਹੈ ਪਰ ਉਹ ਮੈਨੂੰ ਚਿੱਠੀਆਂ ਲਿਖਦੇ ਰਹਿੰਦੇ ਹਨ, ਮੈਂ ਉਨ੍ਹਾਂ ਦੇ ਲਵ ਲੈਟਰ ਲੈ ਕੇ ਆਇਆ ਹਾਂ, ਉਹ ਮੇਰਾ ਜਹਾਜ਼ ਲੈ ਜਾਂਦੇ ਹਨ ਪਰ ਸਾਨੂੰ ਕੰਮ ਕਰਨ ਨਹੀਂ ਦਿੰਦੇ, ਜ਼ਿਆਦਾ ਸ਼ੌਕ ਹੈ ਤਾਂ ਚੋਣ ਲੜ ਕੇ ਦੇਖ ਲੈਣ।” -ਮੁੱਖ ਮੰਤਰੀ ਭਗਵੰਤ ਮਾਨ
ਹੁਣ ਮੈਂ ਨਹੀਂ ਮੇਰੇ ਵਕੀਲ ਗੱਲ ਕਰਨਗੇ : ਰਾਜਪਾਲ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਮੁੱਖ ਮੰਤਰੀ ਭੱਦੀ ਸ਼ਬਦਾਵਲੀ ਵਰਤ ਰਹੇ ਹਨ, ਜੇ ਹੁਣ ਇਕ ਵੀ ਅਜਿਹਾ ਬੋਲ ਬੋਲਿਆ ਫਿਰ ਮੈਂ ਨਹੀਂ ਮੇਰੇ ਵਕੀਲ ਹੀ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਨਿੱਜੀ ਕੰਮ ਲਈ ਨਹੀਂ ਲੈ ਕੇ ਜਾਂਦਾ ਤੁਹਾਡਾ ਹੈਲੀਕਾਪਟਰ, ਪਰ ਹੁਣ ਸਰਕਾਰੀ ਕੰਮ ਲਈ ਵੀ ਨਹੀਂ ਵਰਤਾਂਗਾ। ਰਾਜਪਾਲ ਬੋਲੇ ਕਿ ਬਿਲ ਤਾਂ ਤੁਸੀਂ ਪਾਸ ਕਰ ਲਏ ਪਰ ਮੋਹਰ ਲੱਗਣ ਲਈ ਮੇਰੇ ਕੋਲ ਹੀ ਆਉਣੇ ਹਨ ਚਿੰਤਾ ਨਾ ਕਰੋ।