ਦਲਜੀਤ ਚੀਮਾ ਦੇ ਮਨਾਉਣ ‘ਤੇ ਵੀ ਨਹੀਂ ਮੰਨੇ, ਪ੍ਰਗਟ ਸਿੰਘ ਦੀ ਨਰਾਜ਼ਗੀ ਨੂੰ ਬਾਦਲ ਨੇ ਦੱਸਿਆ ਪਰਿਵਾਰਕ ਮਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਲੋਂ ਵੀਰਵਾਰ ਨੂੰ ਚੰਡੀਗੜ੍ਹ ਵਿਚ ਕਰਵਾਏ ਗਏ ਸੰਸਦੀ ਸਕੱਤਰਾਂ ਦੇ ਸਹੁੰ ਚੁੱਕ ਸਮਾਗਮ ਵਿਚ ਪ੍ਰਗਟ ਸਿੰਘ ਨਹੀਂ ਪਹੁੰਚੇ। ਪ੍ਰਗਟ ਸਿੰਘ ਨੇ ਸੰਸਦੀ ਸਕੱਤਰ ਵਜੋਂ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪ੍ਰਗਟ ਸਿੰਘ ਦੀ ਰਿਹਾਇਸ਼ ‘ਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੀ ਪਹੁੰਚੇ ਸਨ, ਉਹ ਵੀ ਪ੍ਰਗਟ ਸਿੰਘ ਨੂੰ ਮਨਾਉਣ ਵਿਚ ਅਸਫਲ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਦਲਜੀਤ ਸਿੰਘ ਚੀਮਾ ਵੀਰਵਾਰ ਨੂੰ ਤੜਕੇ ਛੇ ਵਜੇ ਹੀ ਪ੍ਰਗਟ ਸਿੰਘ ਦੇ ਘਰ ਉਹਨਾਂ ਨੂੰ ਮਨਾਉਣ ਪਹੁੰਚ ਗਏ ਤੇ ਉਹਨਾਂ ਦੀ ਇਹ ਮਨਾਉਣ ਦੀ ਜੱਦੋ ਜਹਿਦ ਨੌਂ ਵਜੇ ਤੱਕ ਚੱਲਦੀ ਰਹੀ, ਪਰ ਆਖਰ ਚੀਮਾ ਖਾਲੀ ਹੱਥ ਪਰਤ ਆਏ। ਦੂਜੇ ਪਾਸੇ ਪੰਜਾਬ ਦੇ 6 ਵਿਧਾਇਕਾਂ ਗੁਰਤੇਜ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸ਼ਿਵਾਲਿਕ, ਮਨਜੀਤ ਸਿੰਘ ਮੀਆਂਵਿੰਡ, ਗੁਰਪ੍ਰਤਾਪ ਸਿੰਘ ਵਡਾਲਾ, ਸੁਖਜੀਤ ਕੌਰ ਸ਼ਾਹੀ ਤੇ ਸੀਮਾ ਦੇਵੀ ਨੇ ਮੁੱਖ ਸੰਸਦੀ ਸਕੱਤਰ ਵਜੋਂ ਸਹੁੰ ਚੁੱਕੀ ਲਈ ਹੈ। ਪ੍ਰਗਟ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਸੰਸਦੀ ਸਕੱਤਰ ਵਜੋਂ ਅਹੁਦਾ ਨਾ ਚੁੱਕਣ ਤੋਂ ਅਸਮਰਥਤਾ ਪ੍ਰਗਟਾਈ ਸੀ। ਪ੍ਰਗਟ ਸਿੰਘ ਆਪਣੇ ਹਲਕੇ ਦੇ ਪਿੰਡ ਜਮਸ਼ੇਰ ਵਿੱਚ ਲਾਏ ਜਾਣ ਵਾਲੇ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਹਨ। ਚਿੱਠੀ ਵਿੱਚ ਇਸ ਗੱਲ ਦਾ ਜ਼ਿਕਰ ਉਨ੍ਹਾਂ ਖ਼ਾਸ ਤੌਰ ਉੱਤੇ ਕੀਤਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਗਟ ਸਿੰਘ ਦੇ ਸਹੁੰ ਨਾ ਚੁੱਕਣ ‘ਤੇ ਸਫਾਈ ਦਿੱਤੀ ਹੈ। ਉਹਨਾਂ ਕਿਹਾ ਕਿ ਪ੍ਰਗਟ ਸਿੰਘ ਸਾਡਾ ਪਰਿਵਾਰਕ ਮੈਂਬਰ ਹੈ ਤੇ ਉਸ ਨੂੰ ਘਰ ਵਿਚ ਸਮਝਾ ਲਵਾਂਗੇ। ਪਾਰਟੀ ਪਰਿਵਾਰ ਤੇ ਘਰ ਦੀ ਤਰ੍ਹਾਂ ਹੀ ਹੁੰਦੀ ਹੈ।” ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਮੁੱਖ ਸੰਸਦੀ ਸਕੱਤਰਾਂ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਇਹ ਗੱਲ ਕਹੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …