ਪੈਨਲਟੀ ਸ਼ੂਟਆਊਟ ‘ਚ ਫਰਾਂਸ ਨੂੰ 4-2 ਨਾਲ ਹਰਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਜਨਟੀਨਾ ਦੀ ਟੀਮ ਨੂੰ ਦਿੱਤੀ ਵਧਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਤਰ ਵਿਚ ਖੇਡੇ ਗਏ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿਚ 4-2 ਨਾਲ ਹਰਾ ਕੇ ਟਰਾਫੀ ਉਤੇ ਕਬਜ਼ਾ ਕਰ ਲਿਆ। ਅਰਜਨਟੀਨਾ ਨੇ 36 ਸਾਲਾਂ ਬਾਅਦ ਤੀਜੀ ਵਾਰ ਫੁੱਟਬਾਲ ਦੇ ਵਿਸ਼ਵ ਕੱਪ ਉਤੇ ਕਬਜ਼ਾ ਕੀਤਾ ਹੈ।
ਇਸ ਤੋਂ ਪਹਿਲਾਂ 1978 ਤੇ 1986 ਵਿਚ ਟੀਮ ਨੇ ਵਿਸ਼ਵ ਕੱਪ ਜਿੱਤਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਫਰਾਂਸ ਦੀ ਹਾਰ ਤੋਂ ਬਾਅਦ ਫਰਾਂਸ ਵਿਚ ਭੰਨਤੋੜ ਵੀ ਹੋਈ ਹੈ ਅਤੇ ਕਈ ਥਾਈਂ ਫੁੱਟਬਾਲ ਖੇਡ ਨੂੰ ਚਾਹੁਣ ਵਾਲਿਆਂ ਨੇ ਗੱਡੀਆਂ ਨੂੰ ਅੱਗ ਵੀ ਲਗਾ ਦਿੱਤੀ। ਕਈ ਥਾਈਂ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਵੀ ਛੱਡਣੀ ਪਈ।
ਦੱਸਣਯੋਗ ਹੈ ਕਿ ਦੋ-ਦੋ ਗੋਲਾਂ ਨਾਲ ਮੁਕਾਬਲਾ ਬਰਾਬਰ ਰਹਿਣ ਉਤੇ ਕਈ ਵਾਰ ਵਾਧੂ ਸਮਾਂ ਦਿੱਤਾ ਗਿਆ। ਇਸੇ ਦੌਰਾਨ ਅਰਜਨਟੀਨਾ ਵੱਲੋਂ ਲਿਓਨਲ ਮੈਸੀ ਨੇ ਗੋਲ ਕਰ ਕੇ ਆਪਣੀ ਟੀਮ ਨੂੰ 3-2 ਨਾਲ ਅੱਗੇ ਕਰ ਦਿੱਤਾ। ਹਾਲਾਂਕਿ ਫਰਾਂਸ ਦੇ ਖਿਡਾਰੀ ਕਾਇਲੀਅਨ ਐਮਬਾਪੇ ਨੇ ਮੈਚ ਦਾ ਆਪਣਾ ਤੀਜਾ ਗੋਲ ਕਰਦਿਆਂ ਫਰਾਂਸ ਨੂੰ ਬਰਾਬਰੀ ਉਤੇ ਲਿਆ ਖੜ੍ਹਾ ਕੀਤਾ ਸੀ। ਮੁਕਾਬਲਾ ਤਿੰਨ-ਤਿੰਨ ਨਾਲ ਬਰਾਬਰ ਹੋਣ ਅਤੇ ਵਾਧੂ ਸਮਾਂ ਦੇਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਫੈਸਲਾ ਲਿਆ ਗਿਆ ਜਿਸ ਵਿਚ ਫਰਾਂਸ ਦੋ ਗੋਲ ਕਰਨ ਤੋਂ ਖੁੰਝ ਗਿਆ।
ਇਸ ਤੋਂ ਪਹਿਲਾਂ ਅਰਜਨਟੀਨਾ ਵੱਲੋਂ ਸਟਾਰ ਫੁਟਬਾਲਰ ਲਿਓਨਲ ਮੈਸੀ ਤੇ ਏਂਜਲ ਡੀ ਮਾਰੀਆ ਨੇ ਪਹਿਲੇ ਅੱਧ ਵਿਚ ਹੀ ਇਕ-ਇਕ ਗੋਲ ਕਰਕੇ ਆਪਣੀ ਟੀਮ ਨੂੰ ਦੋ ਗੋਲਾਂ ਨਾਲ ਅੱਗੇ ਕਰ ਦਿੱਤਾ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀ ਇਸ ਮੌਕੇ ਮੈਦਾਨ ਵਿਚ ਹਾਜ਼ਰ ਸਨ ਤੇ ਉਨ੍ਹਾਂ ਜੋਸ਼ ਨਾਲ ਆਪਣੀ ਟੀਮ ਦਾ ਹੌਸਲਾ ਵਧਾਇਆ। ਫਰਾਂਸ ਦੀ ਹਾਰ ਤੋਂ ਬਾਅਦ ਮੈਂਕਰੋ ਨੇ ਕਿਹਾ ਕਿ ਫਰਾਂਸ ਦੀ ਟੀਮ ਨੂੰ ਉਸਦੇ ਕਰੀਅਰ ਅਤੇ ਇਸ ਵਰਲਡ ਕੱਪ ਵਿਚ ਉਸਦੇ ਜੂਝਾਰੂਪਣ ਲਈ ਵਧਾਈ। ਉਨ੍ਹਾਂ ਕਿਹਾ ਕਿ ਫਰਾਂਸ ਦੀ ਟੀਮ ਨੇ ਆਪਣੇ ਦੇਸ਼ ਅਤੇ ਦੁਨੀਆ ਭਰ ਦੇ ਸਮਰਥਕਾਂ ਨੂੰ ਰੋਮਾਂਚਿਤ ਕਰ ਦਿੱਤਾ ਹੈ। ਉਥੇ ਉਨ੍ਹਾਂ ਨੇ ਅਰਜਨਟੀਨਾ ਦੀ ਟੀਮ ਨੂੰ ਵੀ ਜਿੱਤ ਲਈ ਵਧਾਈ ਦਿੱਤੀ। ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਫੁੱਟਬਾਲ ਦਾ ਵਿਸ਼ਵ ਕੱਪ ਜਿੱਤਣ ਲਈ ਅਰਜਨਟੀਨਾ ਦੀ ਟੀਮ ਨੂੰ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਫੀਫਾ ਵਿਸ਼ਵ ਕੱਪ ਦੀ ਜੇਤੂ ਟੀਮ ਨੂੰ 42 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਮਿਲੀ ਤੇ ਦੂਜੇ ਸਥਾਨ ਵਾਲੀ ਟੀਮ ਨੂੰ 30 ਮਿਲੀਅਨ ਡਾਲਰ ਦਾ ਇਨਾਮ ਮਿਲਿਆ ਹੈ।
ਇਸ ਫੁੱਟਬਾਲ ਵਿਸ਼ਵ ਕੱਪ ਦੌਰਾਨ 8 ਗੋਲ ਕਰਨ ਵਾਲੇ ਫਰਾਂਸ ਦੇ ਖਿਡਾਰੀ ਕਿਲੀਅਨ ਐਮਥਾਪੇ ਨੂੰ ਗੋਲਡਨ ਬੂਟ ਮਿਲਿਆ ਹੈ। ਇਸੇ ਤਰ੍ਹਾਂ ਗੋਲਡਨ ਗਲੱਵਜ਼ ਅਰਜਨਟੀਨਾਂ ਦੇ ਗੋਲਕੀਪਰ ਐਮਿਲਿਆਨੋ ਮਾਰਟੀਨੇਜ਼ ਨੂੰ ਮਿਲੇ ਹਨ ਅਤੇ ਯੰਗ ਪਲੇਅਰ ਦਾ ਖਿਤਾਬ ਅਰਜਨਟੀਨਾ ਦੇ ਖਿਡਾਰੀ ਐਨਜ਼ੋ ਫਰਨਾਂਡੇਜ਼ ਨੂੰ ਮਿਲਿਆ ਹੈ।