19.6 C
Toronto
Saturday, October 18, 2025
spot_img
Homeਦੁਨੀਆਤਰਕਸ਼ੀਲ ਸੁਸਾਇਟੀ ਵਲੋਂ ਕਰਵਾਏ ਸੈਮੀਨਾਰ ਨੂੰ ਭਰਵਾਂ ਹੁੰਗਾਰਾ ਮਿਲਿਆ

ਤਰਕਸ਼ੀਲ ਸੁਸਾਇਟੀ ਵਲੋਂ ਕਰਵਾਏ ਸੈਮੀਨਾਰ ਨੂੰ ਭਰਵਾਂ ਹੁੰਗਾਰਾ ਮਿਲਿਆ

tarksheel-pic-copy-copyਬਰੈਂਪਟਨ/ਬਿਊਰੋ ਨਿਊਜ਼
ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਕਰਤਾਰ ਸਿੰਘ ਸਰਾਭਾ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਸੈਮੀਨਾਰ 23 ਅਕਤੂਬਰ ਦਿਨ ਐਤਵਾਰ ਨੂੰ ਲੋਫਰ-ਲੇਕ ਰੀਕਰੀਏਸ਼ਨ ਸੈਂਟਰ ਵਿੱਚ ਹੋਇਆ। ਚਾਹ ਪਾਣੀ ਤੋਂ ਬਾਅਦ ਕਾਰਵਾਈ ਸ਼ੁਰੂ ਕਰਦਿਆਂ ਵਿੱਤ ਕੁਆਰਡੀਨੇਟਰ ਨਛੱਤਰ ਬਦੇਸ਼ਾ ਨੇ ਕਾਫੀ ਗਿਣਤੀ ਵਿੱਚ ਆਏ ਸਰੋਤਿਆਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਇਸ ਸੈਮੀਨਾਰ ਦੀ ਰੂਪ ਰੇਖਾ ਦੱਸਦਿਆਂ ਅਗਾਂਹ ਵਧੂ ਸੋਚ ਦੇ ਧਾਰਨੀ ਪ੍ਰਸਿੱਧ ਗ਼ਜ਼ਲਗੋ ਮਹਿੰਦਰਦੀਪ ਗਰੇਵਾਲ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਜਿੰਨ੍ਹਾਂ ਆਪਣੀ ਗਜ਼ਲ ਲਹੂ ਬੋਲਦਾ ਹੈ ਤਰੱਨਮ ਵਿੱਚ ਗਾ ਕੇ ਸਰੋਤਿਆਂ ਨਾਲ ਸਾਂਝ ਪਾਈ। ਇਸ ਉਪਰੰਤ ਹਰਜੀਤ ਬੇਦੀ ਨੇ ਭਾਅ ਜੀ ਗੁਰਸ਼ਰਨ ਸਿੰਘ ਦੀ ਜੀਵਨੀ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਉਹ ਕਿਸ ਤਰ੍ਹਾਂ ਜ਼ਿੰਦਗੀ ਭਰ ਲੋਕ ਹਿੱਤਾਂ ਲਈ ਕੰਮ ਕਰਦੇ ਹੋਏ ਸਾਡੇ ਸਮੇਂ ਦੇ ਲੋਕ-ਨਾਇਕ ਬਣੇ।
ਭਾਅ ਜੀ ਨੂੰ ਆਪਣਾ ਸਾਰਾ ਜੀਵਨ ਅਤੇ ਸਾਰੀ ਸ਼ਕਤੀ ਮਨੁੱਖਤਾ ਦੀ ਆਜ਼ਾਦੀ ਲਈ ਸੰਗਰਾਮ ਦੇ ਸਰਬ ਉੱਤਮ ਕਾਜ਼ ਦੇ ਲੇਖੇ ਲਾਊਣ ਲਈ ਸ਼ਰਧਾਂਜਲੀ ਭੇਂਟ ਕੀਤੀ। ਇਸ ਉਪਰੰਤ ਸੁਸਾਇਟੀ ਦੇ ਐਜੂਕੇਸ਼ਨ ਕੁਆਰਡੀਨੇਟਰ ਡਾ:ਬਲਜਿੰਦਰ ਸੇਖੋਂ ਨੇ ਹਿੰਦ ਪਾਕ ਸਰਹੱਦੀ ਝਗੜੇ ਬਾਰੇ ਇਤਿਹਾਸਕ ਸਚਾਈਆਂ ਤੋਂ ਸਰੋਤਿਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਦੋਹਾਂ ਦੇਸ਼ਾ ਦੇ ਲੀਡਰ ਆਪਣੀਆਂ ਗੱਦੀਆਂ ਕਾਇਮ ਰੱਖਣ ਅਤੇ ਲੋਕ-ਮੁਦਿੱਆਂ ਤੋਂ ਧਿਆਨ ਲਾਂਭੇ ਕਰਨ ਲਈ  ਸਾਧਾਰਨ ਲੋਕਾਂ ਦਾ ਘਾਣ ਕਰਵਾ ਰਹੇ ਹਨ ਤੇ ਉਹਨਾਂ ਦੀਆਂ ਜਿੰਦਗੀਆਂ ਅਜਾਈਂ ਜਾ ਰਹੀਆਂ ਹਨ। ਇਸ ਸਮਾਗਮ ਦੇ ਮੁੱਖ ਬੁਲਾਰੇ ਡਾ: ਵਰਿਆਮ ਸੰਧੂ ਨੇ ਗਦਰ ਲਹਿਰ ਦੇ ਹਵਾਲੇ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗਦਰ ਪਾਰਟੀ ਦੇ ਸੰਵਿਧਾਨ ਮੁਤਾਬਕ ਗਦਰ ਪਾਰਟੀ ਦਾ ਮੈਂਬਰ ਹਿੰਦੂ , ਸਿੱਖ ਜਾਂ ਮੁਸਲਮਾਨ ਦੇ ਤੌਰ ਤੇ ਨਹੀਂ ਸਗੋਂ ਹਿੰਦੁਸਤਾਨੀ ਜਾਂ ਮਨੁੱਖ ਦੇ ਤੌਰ ਤੇ ਬਣਿਆ ਜਾ ਸਕਦਾ ਸੀ। ਜਿਸ ਆਜ਼ਾਦੀ ਲਈ ਗਦਰੀ ਬਾਬਿਆਂ ਨੇ ਆਪਣੀਆਂ ਜਾਨਾਂ ਵਾਰੀਆ ਅੱਜ ਉਸ ਆਜ਼ਾਦੀ ਦਾ ਆਨੰਦ ਮਾਣ ਰਹੇ ਲੋਕ ਆਪਣੀਆਂ ਗੱਦੀਆਂ ਕਾਇਮ ਰੱਖਣ ਖਾਤਰ ਆਮ ਲੋਕਾਂ ਨੂੰ ਜਾਤ-ਪਾਤ , ਧਰਮ ਅਤੇ ਖਿੱਤਿਆਂ ਦੇ ਨਾਂ ਤੇ ਵੰਡ ਰਹੇ ਹਨ। ਗਦਰ ਪਾਰਟੀ ਦੇ ਮੈਂਬਰਾਂ ਨੂੰ ਆਪਣੀ ਮਰਜੀ ਮੁਤਾਬਕ ਖਾਣ ਪੀਣ ਦੀ ਖੁੱਲ੍ਹ ਸੀ ਪਰ ਅੱਜ ਸ਼ਰੇ-ਆਮ ਕੋਈ ਕੀ ਖਾਵੇ ਤੇ ਕੀ ਪਹਿਣੇ ਦੇ ਸਵਾਲ ਉੱਤੇ ਮਨੁੱਖੀ ਜਾਨਾ ਲਈਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਭੜਕਾ ਕੇ ਇੱਕ ਦੂਜੇ ਨਾਲ ਲੜਾਇਆ ਜਾ ਰਿਹਾ ਹੈ। ਉਹਨਾਂ ਇਹ ਗੱਲ ਜੋਰ ਦੇ ਕੇ ਕਹੀ  ਕਿ ਗਦਰੀ ਸਮੂਹਿਕ ਲੀਡਰਸ਼ਿੱਪ ਵਿੱਚ ਯਕੀਨ ਰਖਦੇ ਸਨ ਪਰ ਅੱਜ ਲੋਕ-ਪੱਖੀ ਕਹਾਉਂਦੀਆਂ ਪਾਰਟੀਆਂ ਵਿੱਚ ਚੌਧਰ ਦੀ ਲੜਾਈ ਚੱਲ ਰਹੀ ਹੈ ਜਿਸ ਨਾਲ ਗਦਰੀ ਬਾਬਿਆਂ ਦੇ ਸੁਪਨਿਆ ਦਾ ਬਰਾਬਰਤਾ ਅਤੇ ਲੁੱਟ ਰਹਿਤ ਸਮਾਜ ਸਿਰਜਣਾ ਅਸੰਭਵ ਹੈ।
ਪ੍ਰਸਿੱਧ ਨਾਟਕ ਲੇਖਕ ਅਤੇ ਕਵੀ ਕੁਲਵਿੰਦਰ ਖਹਿਰਾ ਨੇ ਹਿੰਦ ਪਾਕਿ ਦੀਆਂ ਸਰਹੱਦਾਂ ਉੱਤੇ ਛਾਏ ਜੰਗ ਦੇ ਬਦਲਾਂ ਦਾ ਵਿਰੋਧ ਅਤੇ ਇਸ ਦੇ ਅਸਲੀ ਕਾਰਣਾਂ ਬਾਰੇ ਜਾਗਰੂਕ  ਕਰਨ ਲਈ ਬਣਾਏ ‘ਫੋਰਮ ਫਾਰ ਜਸਟਿਸ ਐਂਡ ਇਕੂਐਲਿਟੀ’ ਦਾ ਸੁਨੇਹਾ ਦਿੰਦਿਆਂ 30 ਅਕਤੂਬਰ ਨੂੰ 12;00 ਤੋਂ 3:00 ਵਜੇ ਸਿੰਗਾਰ ਬੈਂਕੂਅਟ ਹਾਲ ਵਿੱਚ ਹੋ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਪਿੰਸੀਪਲ ਸਰਵਣ ਸਿੰਘ ਨੇ ਮਾਨਸ ਕੀ ਜਾਤ ਸੱਭੈ ੲੋਕੋ ਪਹਿਚਾਨਵੇ ਦੇ ਆਧਾਰ ਤੇ ਆਪਸੀ ਭਾਈਚਾਰਾ ਤੇ ਸਮੁੱਚੀ ਮਾਨਵਤਾ ਲਈ ਪਰੇਮ ਦਾ ਸੁਨੇਹਾ ਦਿੱਤਾ। ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਬਲਰਾਜ ਛੋਕਰ ਨੇ ਗਦਰ ਲਹਿਰ ਨੂੰ ਸਾਮਰਾਜੀਆਂ ਵਿਰੁੱਧ ਸੰਗਰਾਮ ਦਸਦੇ ਹੋਏ ਕਿਹਾ ਕਿ ਅੱਜ ਸਾਮਰਾਜਵਾਦ ਹੋਰ ਵੀ ਤਿੱਖੇ ਢੰਗ ਨਾਲ ਕਿਰਤੀਆਂ ਦੀ ਲੁੱਟ ਕਰ ਰਿਹਾ ਹੈ ਜਦੋਂ ਕਿ ਗਦਰੀਆਂ ਦਾ ਸੁਪਨਾ ਮਨੁੱਖੀ ਬਰਾਬਰੀ ਦਾ ਸਮਾਜ ਸਿਰਜਣਾ ਸੀ। ਉਹਨਾਂ ਕਿਹਾ ਕਿ ਸਮੁੱਚੀ ਮਾਨਵਤਾ ਅਫਰੀਕਨ ਮੂਲ ਨਾਲ ਸਬੰਧਤ ਹੈ ਇਸ ਲਈ ਗੋਰੇ ਕਾਲੇ ਅਤੇ ਜਾਤ-ਪਾਤ ਦੇ ਭਿੰਨ ਭੇਦ ਰਹਿਤ ਸਮਾਜ ਸਿਰਜਣ ਦੀ ਲੋੜ ਹੈ। ਅੰਤ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਨਛੱਤਰ ਬਦੇਸ਼ਾ ਨੇ ਇੱਕ ਬਹੁਤ ਹੀ ਵਧੀਆ ਕਵਿਤਾ ਸੁਣਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ।
ਬਲਰਾਜ ਛੋਕਰ ਜੀ ਵਲੋਂ ਪਰੋਗਰਾਮ ਵਿੱਚ ਸ਼ਾਮਲ ਸਰੋਤਿਆਂ, ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ,ਕਲਮਾਂ ਦਾ ਕਾਫਲਾ, ਚੇਤਨਾ ਕਲਚਰਲ ਮੰਚ, ਸਵਰਾਜ ਅਭਿਆਨ, ਇੰਡੋ ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਮੀਡੀਆ ਦੇ ਦਵਿੰਦਰ ਤੂਰ, ਗੁਰਦਿਆਲ ਬੱਲ, ਹਰਚੰਦ ਬਾਸੀ ਅਤੇ ਹੋਰਨਾਂ ਦਾ ਧੰਨਵਾਦ ਕੀਤਾ ਗਿਆ। ਨਿਰਮਲ ਸੰਧੂ, ਸੋਹਣ ਢੀਂਡਸਾ, ਨਵਕਿਰਣ, ਸੁਰਿੰਦਰ ਛੋਕਰ, ਹਰਬੰਸ ਮੱਲ੍ਹੀ, ਪਰਮਜੀਤ ਸੰਧੂ, ਕਰਤਾਰ ਸੰਘੇੜਾ, ਦਰਸ਼ਨ ਗਰੇਵਾਲ ਅਤੇ ਹੋਰਨਾਂ ਨੇ ਆਏ ਮਹਿਮਾਨਾਂ ਦੀ ਚਾਹ ਪਾਣੀ ਨਾਲ ਸੇਵਾ ਅਤੇ ਆਓ-ਭਗਤ ਕੀਤੀ।
ਇਹ ਪ੍ਰੋਗਰਾਮ ਬਹੁਤ ਹੀ ਸਾਰਥਕ ਸੀ ਅਤੇ ਸਰੋਤਿਆਂ ਨੇ ਬੁਲਾਰਿਆਂ ਨੂੰ ਬਹਤ ਹੀ ਧਿਆਨ ਨਾਲ ਸੁਣਿਆ। ਸਟੇਜ ਤੋਂ ਕੁਲਵਿੰਦਰ ਖਹਿਰਾ ਦੇ ਲਿਖੇ ਅਤੇ ਹੀਰਾ ਰੰਧਾਵਾ ਦੀ ਨਿਰਦੇਸ਼ਨਾ ਵਿਚੱ ਤਿਆਰ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਵਿੱਚ ਪਹੁੰਚਣ ਦਾ ਸ਼ੰਦੇਸ਼ ਦਿੱਤਾ ਗਿਆ ਜਿਸ ਦਾ ਦੂਜਾ ਸ਼ੋਅ 6 ਨਵੰਬਰ ਨੂੰ ਸ਼ਾਮ ਦੇ 5:00 ਵਜੇ ਪੀਅਰਸਨ ਥੀਏਟਰ ਵਿੱਚ ਹੋ ਰਿਹਾ ਹੈ। ਤਰਕਸ਼ੀਲ ਸੁਸਾਇਟੀ ਸਬੰਧੀ ਵਧੇਰੇ ਜਾਣਕਾਰੀ ਲਈ  647-838-4749 ਜਾਂ 416-835-3450 ਤੇ ਫੋਨ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS