ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਵਿੱਚ ਹਾਲ ਹੀ ਵਿੱਚ ਐੱਮਬੀਏ ਦੀ ਡਿਗਰੀ ਹਾਸਲ ਕਰਨ ਵਾਲੇ ਹਰਿਆਣਾ ਦੇ 25 ਸਾਲਾ ਵਿਦਿਆਰਥੀ ਨੂੰ ਜਾਰਜੀਆ ਸੂਬੇ ਦੇ ਲਿਥੋਨੀਆ ਸ਼ਹਿਰ ਵਿੱਚ ਉਸ ਬੇਘਰ ਨਸ਼ੇੜੀ ਨੇ ਕੁੱਟ-ਕੁੱਟ ਕੇ ਮਾਰ ਦਿੱਤਾ, ਜਿਸ ਦੀ ਉਹ ਪਿਛਲੇ ਕੁਝ ਦਿਨਾਂ ਤੋਂ ਮਦਦ ਕਰ ਰਿਹਾ ਸੀ ਤੇ ਉਸ ਨੂੰ ਰਹਿਣ ਲਈ ਥਾਂ ਦਿੱਤੀ ਸੀ। ਇਹ ਭਿਆਨਕ ਘਟਨਾ ਕੈਮਰੇ ‘ਚ ਕੈਦ ਹੋ ਗਈ, ਜਦੋਂ ਹਮਲਾਵਰ ਜੂਲੀਅਨ ਫਾਕਨਰ ਨੇ ਵਿਵੇਕ ਸੈਣੀ ਦੇ ਸਿਰ ‘ਤੇ ਹਥੌੜੇ ਨਾਲ ਕਰੀਬ 50 ਵਾਰ ਕੀਤੇ। ਸੈਣੀ ਸਟੋਰ ਵਿੱਚ ਪਾਰਟ-ਟਾਈਮ ਕਲਰਕ ਸੀ। ਉਹ ਆਮ ਤੌਰ ‘ਤੇ ਬੇਘਰ ਨਸ਼ੇੜੀ ਦੀ ਮਦਦ ਕਰਦਾ ਸੀ। 16 ਜਨਵਰੀ ਨੂੰ ਜਦੋਂ ਫਾਕਨਰ ਨੂੰ ਥਾਂ ਖਾਲ੍ਹੀ ਕਰਨ ਲਈ ਕਿਹਾ ਤਾਂ ਉਹ ਗੁੱਸੇ ‘ਚ ਆ ਗਿਆ ਤੇ ਉਸ ਨੇ ਵਿਵੇਕ ‘ਤੇ ਹਮਲਾ ਕਰ ਦਿੱਤਾ।
ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨੌਜਵਾਨ ਆਪਣੀ ਬੀਟੈੱਕ ਪੂਰੀ ਕਰਨ ਤੋਂ ਬਾਅਦ ਦੋ ਸਾਲ ਪਹਿਲਾਂ ਅਮਰੀਕਾ ਪਰਵਾਸ ਕਰ ਗਿਆ ਸੀ। ਉਸ ਨੇ ਹਾਲ ਹੀ ਵਿੱਚ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੈ।

