ਕਾਬੁਲ/ਬਿਊਰੋ ਨਿਊਜ਼ : ਪੂਰਬੀ ਅਫਗਾਨਿਸਤਾਨ ਦੇ ਦਿਹਾਤੀ ਤੇ ਪਹਾੜੀ ਇਲਾਕੇ ਨੇੜੇ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਘੱਟ ਤੋਂ ਘੱਟ ਇਕ ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਅਤੇ 1500 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵਧ ਸਕਦੀ ਹੈ।
ਮੰਗਲਵਾਰ ਦੇਰ ਰਾਤ ਨੂੰ ਪਾਕਿਸਤਾਨ ਦੀ ਸਰਹੱਦ ਨੇੜੇ ਆਏ ਇਸ 6.1 ਸ਼ਿੱਦਤ ਦੇ ਭੂਚਾਲ ਕਾਰਨ ਹੋਏ ਨੁਕਸਾਨ ਬਾਰੇ ਅਜੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਇਲਾਕੇ ‘ਚ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਹੈ ਕਿਉਂਕਿ ਇਸ ਦੂਰ ਦਰਾਜ ਦੇ ਇਲਾਕੇ ‘ਚ ਮਕਾਨ ਤੇ ਇਮਾਰਤਾਂ ਖਸਤਾ ਹਾਲ ਹਨ ਤੇ ਇੱਥੇ ਪਹਾੜ ਖਿਸਕਣ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਹਨ। ਅਫਗਾਨਿਸਤਾਨ ‘ਚ ਰਾਹਤ ਕਾਰਜ ਚਲਾਉਣ ‘ਚ ਮੁਸ਼ਕਿਲਾਂ ਆ ਸਕਦੀਆਂ ਹਨ ਕਿਉਂਕਿ ਅਮਰੀਕੀ ਫੌਜਾਂ ਦੇ ਵਾਪਸ ਜਾਣ ਮਗਰੋਂ ਤਾਲਿਬਾਨ ਦੇ ਕਬਜ਼ੇ ਹੇਠ ਆਏ ਇਸ ਮੁਲਕ ਦੀ ਮਦਦ ਕਰਨ ਤੋਂ ਕੌਮਾਂਤਰੀ ਸਹਾਇਤਾ ਏਜੰਸੀਆਂ ਨੇ ਦੂਰੀ ਬਣਾ ਲਈ ਹੈ। ਬਚਾਅ ਦਸਤੇ ਹੈਲੀਕਾਪਟਰਾਂ ਰਾਹੀਂ ਪ੍ਰਭਾਵਿਤ ਇਲਾਕੇ ‘ਚ ਪਹੁੰਚ ਰਹੇ ਹਨ। ਪਕਟਿਕਾ ਤੋਂ ਮਿਲੀਆਂ ਤਸਵੀਰਾਂ ਅਨੁਸਾਰ ਲੋਕਾਂ ਨੂੰ ਹੈਲੀਕਾਪਟਰਾਂ ਦੀ ਮਦਦ ਨਾਲ ਇਸ ਇਲਾਕੇ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ।
ਅਫਗਾਨਿਸਤਾਨ ਦੇ ਹੰਗਾਮੀ ਸੇਵਾਵਾਂ ਬਾਰੇ ਅਧਿਕਾਰੀ ਸ਼ਰਾਫੂਦੀਨ ਮਸਲਿਮ ਨੇ ਮ੍ਰਿਤਕਾਂ ਦੀ ਗਿਣਤੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਭੂਚਾਲ 2002 ‘ਚ ਆਏ ਭੂਚਾਲ ਮਗਰੋਂ ਦੂਜਾ ਵੱਡਾ ਹਾਦਸਾ ਹੈ ਜਿਸ ਵਿੱਚ 1000 ਦੇ ਕਰੀਬ ਵਿਅਕਤੀਆਂ ਦੀ ਮੌਤ ਹੋਈ ਸੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭੂਚਾਲ ਕਾਰਨ ਮਚੀ ਤਬਾਹੀ ‘ਤੇ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦੇਸ਼ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਸਹਾਇਤਾ ਦੇਵੇਗਾ। ਗੁਆਂਢੀ ਮੁਲਕ ਪਾਕਿਸਤਾਨ ਦੇ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਕਿ ਪਾਕਿਸਤਾਨ ਦੇ ਪੇਸ਼ਾਵਰ, ਇਸਲਾਮਾਬਾਦ, ਲਾਹੌਰ ਤੇ ਪੰਜਾਬ ਦੇ ਹੋਰਨਾਂ ਹਿੱਸਿਆਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸੇ ਦੌਰਾਨ ਸੰਯੁਕਤ ਰਾਸ਼ਟਰ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਅਫ਼ਗਾਨਿਸਤਾਨ ‘ਚ ਭੂਚਾਲ ਪੀੜਤਾਂ ਦੀ ਮਦਦ ਦੀ ਕੋਈ ਸਮਰੱਥਾ ਨਹੀਂ ਹੈ। ਅਫ਼ਗਾਨਿਸਤਾਨ ‘ਚ ਸੰਯੁਕਤ ਰਾਸ਼ਟਰ ਦੇ ਦੂਤ ਰਮੀਜ਼ ਅਲਾਕਬਰੋਵ ਨੇ ਕਿਹਾ, ‘ਅਸੀਂ ਇਸ ਸਬੰਧੀ ਤੁਰਕੀ ਦੀ ਅੰਬੈਸੀ ਨਾਲ ਗੱਲ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਰਸਮੀ ਦਰਖਾਸਤ ਦੀ ਉਡੀਕ ਹੈ।’
ਨਰਿੰਦਰ ਮੋਦੀ ਵੱਲੋਂ ਅਫਗਾਨਿਸਤਾਨ ਦੀ ਮਦਦ ਦਾ ਭਰੋਸਾ
ਅਫਗਾਨਿਸਤਾਨ ‘ਚ ਆਏ ਭਿਆਨਕ ਭੂਚਾਲ ‘ਚ ਵੱਡੀ ਗਿਣਤੀ ‘ਚ ਹੋਈਆਂ ਮੌਤਾਂ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ‘ਚ ਭਾਰਤ, ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮਦਦ ਤੇ ਹਮਾਇਤ ਦੇਣ ਲਈ ਵਚਨਬੱਧ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, ‘ਭਾਰਤ, ਅਫ਼ਗਾਨਿਸਤਾਨ ‘ਚ ਆਏ ਭਿਆਨਕ ਭੂਚਾਲ ਦੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਸਾਰੇ ਲੋਕਾਂ ਪ੍ਰਤੀ ਹਮਦਰਦੀ ਜ਼ਾਹਿਰ ਕਰਦਾ ਹੈ।’ ਉਨ੍ਹਾਂ ਕਿਹਾ ਕਿ ਅਸੀਂ ਅਫ਼ਗਾਨਿਸਤਾਨ ਦੇ ਲੋਕਾਂ ਦਾ ਦੁੱਖ ਸਾਂਝਾ ਕਰਦੇ ਹਾਂ ਅਤੇ ਇਸ ਜ਼ਰੂਰਤ ਦੇ ਸਮੇਂ ‘ਚ ਉਨ੍ਹਾਂ ਨੂੰ ਮਦਦ ਤੇ ਹਮਾਇਤ ਦੇਣ ਦੀ ਪ੍ਰਤੀਬੱਧਤਾ ਜ਼ਾਹਿਰ ਕਰਦੇ ਹਾਂ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …