Breaking News
Home / ਦੁਨੀਆ / ਵਿਦੇਸ਼ਾਂ ‘ਚ ਰਹਿਣ ਵਾਲੇ ਪਰਵਾਸੀਆਂ ‘ਚ ਭਾਰਤੀ ਸਭ ਤੋਂ ਅੱਗੇ

ਵਿਦੇਸ਼ਾਂ ‘ਚ ਰਹਿਣ ਵਾਲੇ ਪਰਵਾਸੀਆਂ ‘ਚ ਭਾਰਤੀ ਸਭ ਤੋਂ ਅੱਗੇ

1.70 ਕਰੋੜ ਭਾਰਤੀ ਰਹਿ ਹਨ ਦੂਜੇ ਦੇਸ਼ਾਂ ‘ਚ
ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਵਿਦੇਸ਼ ਵਿਚ ਰਹਿਣ ਵਾਲੇ ਪਰਵਾਸੀਆਂ ਵਿਚ ਭਾਰਤੀ ਸਭ ਤੋਂ ਅੱਗੇ ਹਨ। 1.70 ਕਰੋੜ ਭਾਰਤੀ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਰਹਿ ਰਹੇ ਹਨ। ਇਨ੍ਹਾਂ ਵਿਚੋਂ 50 ਲੱਖ ਲੋਕ ਭਾਰਤੀ ਖਾੜੀ ਖੇਤਰ ‘ਚ ਰਹਿੰਦੇ ਹਨ। ਸਾਲ 2017 ‘ਇੰਟਰਨੈਸ਼ਨਲ ਮਾਈਗ੍ਰੇਸ਼ਨ ਰਿਪੋਰਟ’ ਅਨੁਸਾਰ ਭਾਰਤ ਤੋਂ ਬਾਅਦ ਮੈਕਸੀਕੋ ਦੂਜਾ ਅਜਿਹਾ ਦੇਸ਼ ਹੈ ਜਿੱਥੋਂ ਦੇ ਲੋਕ ਵਿਦੇਸ਼ ਜਾ ਕੇ ਵੱਸ ਰਹੇ ਹਨ। ਰੂਸ, ਚੀਨ, ਬੰਗਲਾਦੇਸ਼, ਸੀਰੀਆ, ਪਾਕਿਸਤਾਨ ਤੇ ਯੂਕਰੇਨ ਤੋਂ ਵੀ ਲੋਕ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿਚ ਜਾ ਕੇ ਵੱਸ ਰਹੇ ਹਨ। ਇਨ੍ਹਾਂ ਦੇਸ਼ਾਂ ਦੇ 60 ਲੱਖ ਤੋਂ 1.10 ਕਰੋੜ ਲੋਕ ਦੂਜੇ ਦੇਸ਼ਾਂ ਵਿਚ ਰਹਿੰਦੇ ਹਨ। ਸਾਲ 2017 ਤੱਕ ਭਾਰਤ ਤੋਂ ਸਭ ਤੋਂ ਜ਼ਿਆਦਾ 1.70 ਕਰੋੜ ਲੋਕ ਆਪਣਾ ਦੇਸ਼ ਛੱਡ ਕੇ ਹੋਰ ਦੇਸ਼ਾਂ ਵਿਚ ਜਾ ਵਸੇ। ਮੈਕਸੀਕੋ ਦੇ 1.30 ਕਰੋੜ ਲੋਕ ਵਿਦੇਸ਼ਾਂ ਵਿਚ ਰਹਿੰਦੇ ਹਨ। ਵੱਡੀ ਪਰਵਾਸੀ ਜਨਸੰਖਿਆ ਵਾਲੇ ਹੋਰ ਦੇਸ਼ਾਂ ਵਿਚ ਰੂਸ ਜਿਸ ਦੇ ਇਕ ਕਰੋੜ 10 ਲੱਖ ਲੋਕ, ਚੀਨ ਦੇ ਇਕ ਕਰੋੜ ਲੋਕ, ਬੰਗਲਾਦੇਸ਼ ਤੇ ਪਾਕਿਸਤਾਨ ਦੇ 70 ਲੱਖ ਅਤੇ ਯੂਕਰੇਨ ਦੇ 60 ਲੱਖ ਲੋਕ ਆਪਣਾ ਦੇਸ਼ ਛੱਡ ਦੂਜੇ ਦੇਸ਼ਾਂ ਵਿਚ ਰਹਿੰਦੇ ਹਨ। ਰਿਪੋਰਟ ਅਨੁਸਾਰ ਸੰਯੁਕਤ ਅਰਬ ਅਮੀਰਾਤ ਵਿਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀ ਪਰਵਾਸੀਆਂ ਦੀ ਹੈ ਜੋ ਕਿ 30 ਲੱਖ ਹੈ ਜੋ ਕਿ ਸਾਲ 2000 ਵਿਚ 978992 ਸੀ। ਅਮਰੀਕਾ ਤੇ ਸਾਊਦੀ ਅਰਬ ਵਿਚ 20-20 ਲੱਖ ਭਾਰਤੀ ਲੋਕ ਰਹਿੰਦੇ ਹਨ। ਇਕ ਅਨੁਮਾਨ ਅਨੁਸਾਰ ਹੁਣ ਕਰੀਬ 25.80 ਕਰੋੜ ਲੋਕ ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ਾਂ ਵਿਚ ਰਹਿ ਰਹੇ ਹਨ। ਸਾਲ 2000 ਤੋਂ ਬਾਅਦ ਤੋਂ ਇਨ੍ਹਾਂ ਅੰਕੜਿਆਂ ਵਿਚ 49 ਫ਼ੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇੰਟਰਨੈਸ਼ਨਲ ਮਾਈਗ੍ਰੇਸ਼ਨ ਸਥਿਰ ਵਿਕਾਸ ਦੇ ਸਾਲ 2030 ਦੇ ਏਜੰਡੇ ਨੂੰ ਲਾਗੂ ਕਰਨ ਦੇ ਲਿਹਾਜ਼ ਨਾਲ ਚਿੰਤਾ ਦਾ ਵਿਸ਼ਾ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …