ਸਾਨ ਫਰਾਂਸਿਸਕੋ/ਬਿਊਰੋ ਨਿਊਜ਼ : ਕੈਲੀਫੋਰਨੀਆ ‘ਚ ਅੱਠ ਮਹੀਨਿਆਂ ਦੀ ਬੱਚੀ ਸਮੇਤ ਭਾਰਤੀ ਮੂਲ ਦੇ ਸਿੱਖ ਪਰਿਵਾਰ ਨੂੰ ਅਗਵਾ ਕਰਕੇ ਹੱਤਿਆ ਕਰਨ ‘ਚ ਸ਼ਾਮਲ ਵਿਅਕਤੀ ਨੂੰ ਪਹਿਲਾਂ ਵੀ ਡਕੈਤੀ ਦੇ ਦੋਸ਼ ‘ਚ ਜੇਲ੍ਹ ਭੇਜਿਆ ਗਿਆ ਸੀ, ਕਿਉਂਕਿ 17 ਸਾਲ ਪਹਿਲਾਂ ਉਸ ਨੇ ਇਕ ਪਰਿਵਾਰ ਨੂੰ ਬੰਦੂਕ ਦੇ ਜ਼ੋਰ ਨਾਲ ਡਰਾਇਆ ਅਤੇ ਲੁੱਟਿਆ ਸੀ। ਕੈਲੀਫੋਰਨੀਆ ਦੇ ਸੁਧਾਰ ਅਤੇ ਮੁੜਵਸੇਬਾ ਵਿਭਾਗ ਨੇ ਦੱਸਿਆ ਕਿ ਜੀਸਸ ਸਾਲਗਾਡੋ, ਜਿਸ ਨੂੰ ਸਿੱਖ ਪਰਿਵਾਰ ਦੇ 4 ਮੈਂਬਰਾਂ ਨੂੰ ਅਗਵਾ ਕਰਨ ਅਤੇ ਹੱਤਿਆ ਕਰਨ ਦੇ ਸ਼ੱਕ ‘ਚ ਗ੍ਰਿਫਤਾਰ ਕੀਤਾ ਗਿਆ, ਨੂੰ 2007 ‘ਚ 11 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ 2015 ‘ਚ ਰਿਹਾਅ ਹੋਇਆ ਸੀ ਅਤੇ ਉਸ ਨੂੰ 3 ਸਾਲ ਬਾਅਦ ਪੈਰੋਲ ‘ਤੇ ਛੁੱਟੀ ਮਿਲੀ ਸੀ।
ਵਿਭਾਗ ਨੇ ਕਿਹਾ ਕਿ ਉਸ ‘ਤੇ ਪਾਬੰਦੀਸ਼ੁਦਾ ਪਦਾਰਥ ਰੱਖਣ ਦਾ ਵੀ ਆਰੋਪ ਸੀ। ਪਰਿਵਾਰ ਦੇ ਮੈਂਬਰਾਂ ਨੇ ਲਾਸ ਏਂਜਲਸ ਟਾਈਮਸ ਨੂੰ ਦੱਸਿਆ ਕਿ ਕਰੀਬ ਦੋ ਦਹਾਕੇ ਪਹਿਲਾਂ ਸਾਲਗਾਡੋ ਉਸ ਪਰਿਵਾਰ ਲਈ ਕੰਮ ਕਰਦਾ ਸੀ, ਜਿਨ੍ਹਾਂ ਦੀ ਆਪਣੀ ਟਰੱਕ ਕੰਪਨੀ ਵੀ ਸੀ, ਪਰ 2004 ‘ਚ ਪਰਿਵਾਰ ਨੇ ਪੈਸੇ ਚੋਰੀ ਕਰਨ ਦੇ ਸ਼ੱਕ ‘ਚ ਉਸ ਨੂੰ ਕੱਢ ਦਿੱਤਾ ਸੀ। ਕੈਥੀ ਅਤੇ ਉਸ ਦੀ ਬੇਟੀ ਕੈਟਰੀਨਾ ਨੇ ਸਾਲਗਾਡੋ ਦੀ ਤਸਵੀਰ ਸਾਹਮਣੇ ਆਉਣ ‘ਤੇ ਪਹਿਲਾਂ ਤਾਂ ਉਸ ਨੂੰ ਨਹੀਂ ਪਛਾਣਿਆ। ਸਾਲਗਾਡੋ (ਜੋ ਕਿ ਹੁਣ 48 ਸਾਲ ਦਾ ਹੈ), ਨੂੰ ਦੇਖਣ ਬਾਅਦ ਕੈਥੀ ਤੇ ਕੈਟਰੀਨਾ ਨੂੰ ਯਕੀਨ ਨਹੀਂ ਹੋਇਆ ਕਿ ਉਹੀ ਵਿਅਕਤੀ ਸੀ ਜਿਸ ਨੇ 17 ਸਾਲ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੇ ਗੈਰਾਜ ਵਿਚ ਲੁੱਟਿਆ ਸੀ। ਉਨ੍ਹਾਂ ਨੇ ਦੇਖਿਆ ਕਿ ਦੋਵੇਂ ਅਪਰਾਧਾਂ ‘ਚ ਅਪਣਾਇਆ ਤਰੀਕਾ ਇਕੋ ਜਿਹਾ ਸੀ, ਬੰਦੂਕ ਦਿਖਾ ਕੇ ਇਕ ਪਰਿਵਾਰ ਨੂੰ ਉਨ੍ਹਾਂ ਦੀ ਸੰਪਤੀ ‘ਚ ਡਰਾਉਣਾ ਅਤੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦੇ ਕੇ ਆਦੇਸ਼ ਮੰਨਣ ਲਈ ਮਜਬੂਰ ਕਰਨਾ। ਕੈਟਰੀਨਾ, ਜੋ ਕਿ ਘਟਨਾ ਦੇ ਸਮੇਂ 16 ਸਾਲ ਦੀ ਸੀ, ਨੇ ਯਾਦ ਕਰਦਿਆਂ ਦੱਸਿਆ ਕਿ 19 ਦਸੰਬਰ 2005 ਦੀ ਰਾਤ ਨੂੰ ਉਹ (ਅਪਰਾਧੀ) ਮਾਸਕ ਪਹਿਨੀ ਉਨ੍ਹਾਂ ਦੇ ਘਰ ਦਾਖਲ ਹੋਇਆ ਅਤੇ ਉਸ ਦੇ ਪਿਤਾ ਦੇ ਸਿਰ ‘ਤੇ ਬੰਦੂਕ ਰੱਖ ਕੇ ਟੇਪ ਨਾਲ ਉਸ ਦੇ ਹੱਥ ਬੰਨ੍ਹ ਦਿੱਤੇ। ਸਾਲਗਾਡੋ ਪਰਿਵਾਰ ਦੇ ਨਾਲ-ਨਾਲ ਕੈਟਰੀਨਾ ਦੇ ਦੋਸਤ, ਜੋ ਉਸ ਦੇ ਘਰ ਮਿਲਣ ਆਇਆ ਸੀ, ਨੂੰ ਵੀ ਗੈਰਾਜ ਵਿਚ ਲੈ ਗਿਆ, ਜਿਥੇ ਪਰਿਵਾਰ ਨੇ ਨਕਦੀ ਅਤੇ ਗਹਿਣੇ ਸੁਰੱਖਿਅਤ ਰੱਖੇ ਸਨ। ਕੈਟਰੀਨਾ ਨੇ ਕਿਹਾ ਕਿ ਉਹ ਕੈਥੀ ਦੇ ਵਿਆਹ ਦੀ ਮੁੰਦਰੀ ਵੀ ਲੈ ਗਿਆ ਸੀ, ਬਾਅਦ ਵਿਚ ਸਾਲਗਾਡੋ ਪਰਿਵਾਰ ਨੂੰ ਵਿਹੜੇ ‘ਚ ਪੂਲ ਕੋਲ ਲੈ ਗਿਆ ਅਤੇ ਉਨ੍ਹਾਂ ਨੂੰ ਪੂਲ ‘ਚ ਛਾਲ ਮਾਰਨ ਲਈ ਮਜਬੂਰ ਕੀਤਾ ਅਤੇ ਭੱਜ ਗਿਆ। ਸਾਲਗਾਡੋ ਨੂੰ 2007 ਵਿਚ ਆਰੋਪੀ ਠਹਿਰਾਇਆ ਗਿਆ ਸੀ।
Check Also
ਜਿੰਦਰ ਨੂੰ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ
ਸੁਰਿੰਦਰ ਨੀਰ ਅਤੇ ਸ਼ਹਿਜ਼ਾਦ ਅਸਲਮ ਦਾ ਵੀ ਕੀਤਾ ਸਨਮਾਨ ਵੈਨਕੂਵਰ/ਬਿਊਰੋ ਨਿਊਜ਼ : ਨਵਾਂ ਸ਼ਹਿਰ ਜ਼ਿਲ੍ਹੇ …