ਦੋਵਾਂ ਦੇਸ਼ਾਂ ਦੇ ਡੀਜੀਐਮਓ ਨੇ ਹਾਟ ਲਾਈਟ ‘ਤੇ ਕੀਤੀ ਗੱਲਬਾਤ
ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦੇ ਫ਼ੌਜੀ ਕਾਰਵਾਈਆਂ ਸਬੰਧੀ ਡਾਇਰੈਕਟਰ ਜਨਰਲਾਂ (ਡੀਜੀਐਮਓਜ਼) ਨੇ ਜੰਮੂ-ਕਸ਼ਮੀਰ ਵਿੱਚ ਸਰਹੱਦ ਪਾਰੋਂ ਗੋਲਾਬਾਰੀ ਬੰਦ ਕਰਨ ਲਈ ਸਹਿਮਤੀ ਜਤਾਈ ਹੈ। ਦੋਵਾਂ ਧਿਰਾਂ ਨੇ ਸਰਹੱਦ ਉਤੇ ਗੋਲੀਬੰਦੀ ਲਈ 2003 ਵਿੱਚ ਹੋਏ ਸਮਝੌਤੇ ਨੂੰ ‘ਕਹਿਣੀ ਤੇ ਕਰਨੀ ਵਿੱਚ’ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤੀ ਫ਼ੌਜ ਨੇ ਕਿਹਾ ਕਿ ਦੋਵਾਂ ਫ਼ੌਜੀ ਕਮਾਂਡਰਾਂ ਨੇ ਮੰਗਲਵਾਰ ਨੂੰ ਹੌਟਲਾਈਨ ਉਤੇ ਹੋਈ ਗੱਲਬਾਤ ਦੌਰਾਨ ਕੌਮਾਂਤਰੀ ਸਰਹੱਦ ਅਤੇ ਐਲਓਸੀ ਦੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ। ਇਸ ਵਿਸ਼ੇਸ਼ ਹੌਟਲਾਈਨ ਗੱਲਬਾਤ ਦੀ ਸ਼ੁਰੂਆਤ ਪਾਕਿਸਤਾਨੀ ਡੀਜੀਐਮਓ ਨੇ ਕੀਤੀ ਸੀ। ਭਾਰਤੀ ਡੀਜੀਐਮਓ ਲੈਫ਼ਟੀਨੈਂਟ ਜਨਰਲ ਅਨਿਲ ਚੌਹਾਨ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਮੇਜਰ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਦੀ ਇਸ ਗੱਲਬਾਤ ਤੋਂ ਬਾਅਦ ਦੋਵਾਂ ਫ਼ੌਜਾਂ ਨੇ ਸਬੰਧਤ ਬਿਆਨ ਜਾਰੀ ਕੀਤੇ ਹਨ। ਭਾਰਤੀ ਫ਼ੌਜ ਨੇ ਆਪਣੇ ਬਿਆਨ ਵਿੱਚ ਕਿਹਾ, ”ਦੋਵੇਂ ਡੀਜੀਐਮਓਜ਼ ਨੇ 2003 ਦੀ ਜੰਗਬੰਦੀ ਸਬੰਧੀ ਰਜ਼ਾਮੰਦੀ ਨੂੰ ਕਹਿਣੀ ਤੇ ਕਰਨੀ ਪੱਖੋਂ ਪੂਰੀ ਤਰ੍ਹਾਂ ਲਾਗੂ ਕਰਨ ਲਈ ਸਹਿਮਤੀ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਇਸ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਗੋਲੀਬੰਦੀ ਦਾ ਉਲੰਘਣ ਨਹੀਂ ਕੀਤਾ ਜਾਵੇਗਾ।” ਪਾਕਿਸਤਾਨੀ ਫ਼ੌਜ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਦੋਵਾਂ ਡੀਜੀਐਮਓਜ਼ ਨੇ ਸਰਹੱਦ ਉਤੇ ਹਾਲਾਤ ਸੁਧਾਰਨ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਸਰਹੱਦ ਦੇ ਦੋਵੇਂ ਪਾਸੀਂ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਬਚਿਆ ਜਾ ਸਕੇ।
Check Also
ਭਾਰਤ ’ਚ ਸਭ ਕੁਝ ਮੇਡ ਇਨ ਚਾਈਨਾ ਤਾਂ ਹੀ ਰੁਜ਼ਗਾਰ ਦੀ ਕਮੀ : ਰਾਹੁਲ ਗਾਂਧੀ
ਰਾਹੁਲ ਨੇ ਅਮਰੀਕਾ ’ਚ ਭਾਰਤੀ ਭਾਈਚਾਰੇ ਦੇ ਵਿਅਕਤੀਆਂ ਨਾਲ ਕੀਤੀ ਮੁਲਾਕਾਤ ਟੈਕਸਾਸ/ਬਿਊਰੋ ਨਿਊਜ਼ ਕਾਂਗਰਸ ਪਾਰਟੀ …