Breaking News
Home / ਦੁਨੀਆ / ਭ੍ਰਿਸ਼ਟ ਮੁਲਕਾਂ ਦੀ ਸੂਚੀ ਵਿੱਚ ਭਾਰਤ ਦਾ 93ਵਾਂ ਸਥਾਨ

ਭ੍ਰਿਸ਼ਟ ਮੁਲਕਾਂ ਦੀ ਸੂਚੀ ਵਿੱਚ ਭਾਰਤ ਦਾ 93ਵਾਂ ਸਥਾਨ

ਭਾਰਤ ਦੇ ਅੰਕਾਂ ‘ਚ ਪਿਛਲੇ ਸਾਲ ਮੁਕਾਬਲੇ ਕੋਈ ਜ਼ਿਆਦਾ ਤਬਦੀਲੀ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਲ 2023 ਲਈ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਜਾਰੀ ਕੀਤੀ ਗਈ 180 ਮੁਲਕਾਂ ਦੀ ਸੂਚੀ ਵਿੱਚ ਭਾਰਤ 93ਵੇਂ ਸਥਾਨ ‘ਤੇ ਹੈ ਕਿਉਂਕਿ ਇਸ ਦਾ ਕੁੱਲ ਸਕੋਰ ਕਾਫੀ ਹੱਦ ਤੱਕ ਪਿਛਲੇ ਸਾਲ ਵਾਲਾ ਹੀ ਰਿਹਾ ਹੈ।
ਮਾਹਿਰਾਂ ਤੇ ਕਾਰੋਬਾਰੀ ਲੋਕਾਂ ਵੱਲੋਂ ਜਨਤਕ ਖੇਤਰ ਦੇ ਭ੍ਰਿਸ਼ਟਾਚਾਰ ਦੇ ਅਨੁਮਾਨਿਤ ਪੱਧਰ ਦੇ ਆਧਾਰ ‘ਤੇ ਤਿਆਰ ਇਹ ਸੂਚੀ 180 ਮੁਲਕਾਂ ਨੂੰ ਰੈਂਕਿੰਗ ਦਿੰਦੀ ਹੈ। ਸਾਲ 2023 ਵਿੱਚ ਭਾਰਤ ਦਾ ਕੁੱਲ ਸਕੋਰ 39 ਰਿਹਾ ਜਦਕਿ ਸਾਲ 2022 ‘ਚ ਇਹ ਸਕੋਰ 40 ਸੀ। ਪਿਛਲੇ ਸਾਲ ਭਾਰਤ ਦਾ ਰੈਂਕ 85 ਸੀ।
ਰਿਪੋਰਟ ਅਨੁਸਾਰ, ‘ਭਾਰਤ (39) ‘ਚ ਸਕੋਰ ਦਾ ਉਤਰਾਅ-ਚੜ੍ਹਾਅ ਇੰਨਾ ਛੋਟਾ ਹੈ ਕਿ ਕਿਸੇ ਵੀ ਅਹਿਮ ਤਬਦੀਲੀ ‘ਤੇ ਕੋਈ ਠੋਸ ਨਤੀਜਾ ਨਹੀਂ ਕੱਢਿਆ ਜਾ ਸਕਦਾ। ਹਾਲਾਂਕਿ ਚੋਣਾਂ ਤੋਂ ਪਹਿਲਾਂ ਭਾਰਤ ‘ਚ ਨਾਗਰਿਕਾਂ ਲਈ ਮੌਲਿਕ ਖੁੱਲ੍ਹ ਦੇ ਦਾਇਰੇ ‘ਚ ਕਮੀ ਦੇਖੀ ਜਾ ਰਹੀ ਹੈ ਜਿਸ ਵਿੱਚ ਇੱਕ (ਦੂਰਸੰਚਾਰ) ਬਿੱਲ ਦਾ ਪਾਸ ਹੋਣਾ ਵੀ ਸ਼ਾਮਲ ਹੈ ਜੋ ਬੁਨਿਆਦੀ ਅਧਿਕਾਰਾਂ ਲਈ ‘ਗੰਭੀਰ ਖਤਰਾ’ ਹੋ ਸਕਦਾ ਹੈ।’ ਦੱਖਣੀ ਏਸ਼ੀਆ ਵਿੱਚ ਪਾਕਿਸਤਾਨ (133) ਅਤੇ ਸ੍ਰੀਲੰਕਾ (115) ਦੋਵੇਂ ਕ੍ਰਮਵਾਰ ਕਰਜ਼ੇ ਤੇ ਸਿਆਸੀ ਬੇਯਕੀਨੀ ਦੀ ਸਥਿਤੀ ਨਾਲ ਨਜਿੱਠ ਰਹੇ ਹਨ। ਰਿਪੋਰਟ ‘ਚ ਕਿਹਾ ਗਿਆ ਹੈ, ‘ਹਾਲਾਂਕਿ ਦੋਵਾਂ ਮੁਲਕਾਂ ‘ਚ ਨਿਆਂ ਪਾਲਿਕਾ ਦੀ ਮਜ਼ਬੂਤ ਨਿਗਰਾਨੀ ਹੈ ਜੋ ਸਰਕਾਰ ਨੂੰ ਕੰਟਰੋਲ ਹੇਠ ਰੱਖਣ ‘ਚ ਮਦਦ ਕਰ ਰਹੀ ਹੈ।
ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਆਪਣੇ ਸੰਵਿਧਾਨ ਦੀ ਧਾਰਾ 19ਏ ਤਹਿਤ ਪਹਿਲਾਂ ਤੋਂ ਪਾਬੰਦੀਸ਼ੁਦਾ ਸੰਸਥਾਵਾਂ ਤੱਕ ਇਸ ਅਧਿਕਾਰ ਦਾ ਵਿਸਤਾਰ ਕਰਕੇ ਨਾਗਰਿਕਾਂ ਦੇ ਸੂਚਨਾ ਅਧਿਕਾਰ ਨੂੰ ਮਜ਼ਬੂਤ ਕੀਤਾ ਹੈ।’ ਰਿਪੋਰਟ ਅਨੁਸਾਰ ਬੰਗਲਾਦੇਸ਼ (149) ਸਭ ਤੋਂ ਘੱਟ ਵਿਕਸਿਤ ਮੁਲਕ (ਐੱਲਡੀਸੀ) ਦੀ ਸਥਿਤੀ ਤੋਂ ਬਾਹਰ ਆ ਗਿਆ ਹੈ।
ਆਰਥਿਕ ਵਿਕਾਸ, ਗਰੀਬੀ ਵਿੱਚ ਲਗਾਤਾਰ ਕਮੀ ਅਤੇ ਜੀਵਨ ਪੱਧਰ ਦੀਆਂ ਸਥਿਤੀਆਂ ‘ਚ ਸੁਧਾਰ ਹੋ ਰਿਹਾ ਹੈ। ਸੂਚੀ ਵਿੱਚ ਚੀਨ ਦਾ 76ਵਾਂ ਰੈਂਕ ਹੈ ਜਿਸ ਨੇ ਪਿਛਲੇ ਦਹਾਕੇ ਦੌਰਾਨ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਨੀਤੀ ਤਹਿਤ 37 ਲੱਖ ਤੋਂ ਵੱਧ ਸਰਕਾਰੀ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਹੈ।
ਇਸ ਸੂਚੀ ਵਿੱਚ ਨਿਊਜ਼ੀਲੈਂਡ ਦਾ ਤੀਜਾ, ਸਿੰਗਾਪੁਰ ਦਾ 5ਵਾਂ, ਆਸਟਰੇਲੀਆ ਦਾ 14ਵਾਂ, ਹਾਂਗਕਾਂਗ ਦਾ 14ਵਾਂ, ਜਾਪਾਨ ਦਾ 16ਵਾਂ, ਭੂਟਾਨ ਦਾ 26ਵਾਂ, ਤਾਇਵਾਨ ਦਾ 28ਵਾਂ, ਦੱਖਣੀ ਕੋਰੀਆ ਦਾ 32ਵਾਂ, ਉੱਤਰੀ ਕੋਰੀਆ ਦਾ 172ਵਾਂ ਅਤੇ ਮਿਆਂਮਾਰ ਤੇ ਅਫਗਾਨਿਸਤਾਨ ਦਾ 162ਵਾਂ ਸਥਾਨ ਹੈ।

Check Also

ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਸਹੁੰ ਚੁੱਕ ਸਮਾਗਮ ਵਿਚ ਨਵਾਜ਼ ਸ਼ਰੀਫ ਵੀ ਰਹੇ ਹਾਜ਼ਰ ਇਸਲਾਮਾਬਾਦ/ਬਿਊਰੋ ਨਿਊਜ਼ ਸ਼ਾਹਬਾਜ਼ ਸ਼ਰੀਫ਼ ਨੇ 2022 …