Breaking News
Home / ਦੁਨੀਆ / ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਵਿਵਾਦਾਂ ‘ਚ ਘਿਰੇ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਵਿਵਾਦਾਂ ‘ਚ ਘਿਰੇ

ਡੈਮੋਕ੍ਰੇਟਿਕ ਕਾਂਗਰਸ ਦੀਆਂ 4 ਮਹਿਲਾ ਸੰਸਦ ਮੈਂਬਰਾਂ ਨੂੰ ਕਿਹਾ-ਜਿਥੋਂ ਆਈਆਂ ਹਨ, ਉਥੇ ਹੀ ਪਰਤ ਜਾਣ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਕੁਝ ਵਿਰੋਧੀ ਮਹਿਲਾ ਸੰਸਦ ਮੈਂਬਰਾਂ ‘ਤੇ ਟਿੱਪਣੀ ਕਰਕੇ ਉਹ ਫਿਰ ਵਿਵਾਦਾਂ ਵਿਚ ਘਿਰ ਗਏ ਹਨ। ਡੈਮੋਕਰੇਟ ਪਾਰਟੀ ਦੀਆਂ ਚਾਰ ਘੱਟ ਗਿਣਤੀ ਦੀਆਂ ਮਹਿਲਾ ਸੰਸਦ ਮੈਂਬਰਾਂ ‘ਤੇ ਨਿਸ਼ਾਨਾ ਬੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਕਿਵੇਂ ਚਲਾਈ ਜਾਵੇ, ਅਮਰੀਕੀ ਲੋਕਾਂ ਨੂੰ ਇਹ ਦੱਸਣ ਦੀ ਬਜਾਏ ਉਹ ਜਿਨ੍ਹਾਂ ਦੇਸ਼ਾਂ ਤੋਂ ਆਈਆਂ ਹਨ, ਉਥੇ ਪਰਤ ਜਾਣ। ਵਿਰੋਧੀਆਂ ਨੇ ਟਰੰਪ ਦੇ ਬਿਆਨ ਨੂੰ ਗਲਤ ਤੇ ਨਸਲੀ ਕਰਾਰ ਦਿੰਤਾ ਹੈ।
ਟਰੰਪ ਨੇ ਐਤਵਾਰ ਨੂੰ ਟਵਿੱਟਰ ‘ਤੇ ਲਿਖਿਆ ‘ਇਹ ਉਨ੍ਹਾਂ ਪ੍ਰਗਤੀਸ਼ੀਲ ਡੈਮੋਕਰੇਟਸ ਮਹਿਲਾ ਸੰਸਦ ਮੈਂਬਰਾਂ ਲਈ ਦੇਖਣਾ ਕਿੰਨਾ ਦਿਲਚਸਪ ਹੈ ਕਿ ਉਹ ਮੂਲ ਰੂਪ ਨਾਲ ਜਿਨ੍ਹਾਂ ਦੇਸ਼ਾਂ ਤੋਂ ਆਏ ਹਨ, ਉਥੋਂ ਦੀਆਂ ਸਰਕਾਰਾਂ ਪੂਰੀ ਤਰ੍ਹਾਂ ਤਬਾਹ, ਸਭ ਤੋਂ ਭ੍ਰਿਸ਼ਟ ਅਤੇ ਦੁਨੀਆ ਵਿਚ ਸਭ ਤੋਂ ਆਯੋਗ ਹਨ।
ਉਹ ਅਮਰੀਕੀ ਲੋਕਾਂ ਨੂੰ ਚੀਕ ਅਤੇ ਸਫਲਤਾਪੂਰਵਕ ਤਰੀਕੇ ਨਾਲ ਕਹਿ ਰਹੇ ਹਨ ਕਿ ਸਾਡੀ ਸਰਕਾਰ ਨੂੰ ਕਿਸ ਤਰ੍ਹਾਂ ਚਲਾਇਆ ਜਾਵੇ? ਉਹ ਜਿੱਥੋਂ ਆਏ ਹਨ, ਉਥੇ ਵਾਪਸ ਕਿਉਂ ਨਹੀਂ ਚਲੇ ਜਾਂਦੇ ਅਤੇ ਉਨ੍ਹਾਂ ਤਬਾਹ ਅਤੇ ਅਪਰਾਧ ਪ੍ਰਭਾਵਿਤ ਥਾਵਾਂ ਦੀ ਸਮੱਸਿਆ ਦੂਰ ਕਰਨ ਵਿਚ ਮੱਦਦ ਕਿਉਂ ਨਹੀਂ ਕਰਦੇ?’ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਸਪੀਕਰ ਅਤੇ ਡੈਮੋਕਰੇਟ ਨੇਤਾ ਨੈਂਸੀ ਪੇਲੋਸੀ ਸਮੇਤ ਉਨ੍ਹਾਂ ਦੀ ਪਾਰਟੀ ਦੇ ਕਈ ਨੇਤਾਵਾਂ ਨੇ ਇਸ ‘ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ।
ਇਨ੍ਹਾਂ ਮਹਿਲਾ ਸੰਸਦ ਮੈਂਬਰਾਂ ‘ਤੇ ਲਾਇਆ ਨਿਸ਼ਾਨਾ
ਟਰੰਪ ਨੇ ਕਿਸੇ ਮਹਿਲਾ ਸੰਸਦ ਮੈਂਬਰ ਦਾ ਨਾਂ ਨਹੀਂ ਲਿਆ, ਪਰ ਜ਼ਾਹਰ ਤੌਰ ‘ਤੇ ਉਨ੍ਹਾਂ ਦੇ ਨਿਸ਼ਾਨੇ ‘ਤੇ ਪਹਿਲੀ ਵਾਰ ਸੰਸਦ ਪਹੁੰਚਣ ਵਾਲੀ ਅਲੈਗਜ਼ੈਂਡ੍ਰੀਆ ਓਕਾਸੀਓ-ਕਾਰਟੇਜ, ਇਲਹਾਨ ਉਮਰ, ਰਸ਼ੀਦਾ ਤਾਲਿਬ ਅਤੇ ਅਯਾਨ ਪ੍ਰੈਸਲੀ-ਉਮਰ ਦਾ ਜਨਮ ਸੋਮਾਲੀਆ ‘ਚ ਹੋਇਆ। ਤਾਲਿਬ ਦਾ ਫਲਸਤੀਨ ਤੇ ਅਲੈਗ੍ਰਜ਼ੈਂਡ੍ਰੀਆ ਦਾ ਪਿਓਰ ਟੋਰਿਕੋ ਨਾਲ ਸਬੰਧ ਹੈ। ਪ੍ਰੈਸਲੀ ਪਹਿਲੀ ਅਫਰੀਕੀ ਅਮਰੀਕੀ ਸੰਸਦ ਮੈਂਬਰ ਹਨ।
ਇਸ ਕਾਰਨ ਬਣੀਆਂ ਨਿਸ਼ਾਨਾ
ਮਹਿਲਾ ਸੰਸਦ ਮੈਂਬਰਾਂ ਨੇ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਤੇ ਸ਼ਰਨਾਰਥੀਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੀ ਆਲੋਚਨਾ ਕੀਤੀ ਸੀ। ਅਮਰੀਕਾ ‘ਚ ਨਜਾਇਜ਼ ਤਰੀਕੇ ਨਾਲ ਰਹਿ ਰਹੇ ਸ਼ਰਨਾਰਥੀਆਂ ਨੂੰ ਕੱਢਣ ਲਈ ਐਤਵਾਰ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਤਾਲਿਬ ਕਈ ਵਾਰ ਇਜ਼ਰਾਈਲ ਦੀ ਆਲੋਚਨਾ ਕਰ ਚੁੱਕੀ ਹੈ। ਉਮਰ ਨੇ ਚਿੱਟੇ ਰਾਸ਼ਟਰਵਾਦ ਨੂੰ ਬੜਾਵਾ ਦੇਣ ਦਾ ਦੋਸ਼ ਲਗਾਇਆ ਹੈ।
ਪਹਿਲਾਂ ਵੀ ਦਿੱਤੇ ਕਈ ਵਿਵਾਦਤ ਬਿਆਨ
ਟਰੰਪ ਪਹਿਲਾਂ ਵੀ ਕਈ ਵਾਰੀ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿਚ ਘਿਰ ਚੁੱਕੇ ਹਨ। ਉਨ੍ਹਾਂ ਨੇ ਪਿਛਲੇ ਸਾਲ ਜਨਵਰੀ ਵਿਚ ਹੈਤੀ ਤੇ ਅਫਰੀਕੀ ਦੇਸ਼ਾਂ ਦੇ ਅਪਰਵਾਸੀਆਂ ‘ਤੇ ਨਸਲੀ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਪਿਛਲੇ ਸਾਲ ਅਕਤੂਬਰ ਵਿਚ ਅਮਰੀਕਾ ਵੱਲ ਵਧ ਰਹੇ ਹੋਂਡੂਰਾਸ ਦੇ ਹਜ਼ਾਰਾਂ ਸ਼ਰਨਾਰਥੀਆਂ ਦੇ ਕਾਫਲੇ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਪ੍ਰਗਟਾਇਆ ਸੀ। ਟਰੰਪ ਨੇ ਅਮਰੀਕਾ ਵਿਚ ਨਜਾਇਜ਼ ਤਰੀਕੇ ਨਾਲ ਦਾਖਲ ਹੋਣ ਵਾਲੇ ਸ਼ਰਨਾਰਥੀਆਂ ਨੂੰ ਜਾਨਵਰ ਕਰਾਰ ਦਿੱਤਾ ਸੀ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …