ਹੁਣ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ’ਤੇ ਦੇਸ਼ ਨੂੰ ਸੰਕਟ ’ਚੋਂ ਉਭਾਰਨ ਦਾ ਜਿੰਮਾ
ਕੋਲੰਬੋ/ਬਿਊਰੋ ਨਿਊਜ਼ : ਦਿਨੇਸ਼ ਗੁਣਾਵਰਧਨੇ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਵੱਲੋਂ ਗੁਣਾਵਰਧਨੇ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ। ਗੁਣਾਵਰਧਨੇ ਸ੍ਰੀਲੰਕਾ ਸਰਕਾਰ ’ਚ ਸਿੱਖਿਆ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਸਾਲ 2020 ਦੀਆਂ ਸੰਸਦੀ ਚੋਣਾਂ ਤੋਂ ਬਾਅਦ ਵਿਦੇਸ਼ ਸਬੰਧ ਮੰਤਰੀ ਦੇ ਰੂਪ ਵਿਚ ਵੀ ਨਿਯੁਕਤ ਕੀਤਾ ਗਿਆ ਸੀ। ਹੁਣ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਅਤੇ ਪ੍ਰਧਾਨ ਮੰਤਰੀ ਦਿਨੇਸ਼ ਗੁਣਾਵਰਧਨੇ ਦੀ ਜੋੜੀ ’ਤੇ ਸ੍ਰੀਲੰਕਾ ਨੂੰ ਆਰਥਿਕ ਸੰਕਟ ਵਿਚੋਂ ਉਭਾਰਨ ਦਾ ਭਾਰ ਹੈ। ਉਧਰ ਵਿਕਰਮਸਿੰਘੇ ਨੂੰ ਰਾਸ਼ਟਰਪਤੀ ਬਣਾਏ ਜਾਣ ਤੋਂ ਬਾਅਦ ਵੀ ਸ੍ਰੀਲੰਕਾ ’ਚ ਸ਼ਾਂਤੀ ਬਹਾਲ ਨਹੀਂ ਹੋ ਰਹੀ। ਕਿਉਂਕਿ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਦਾ ਮੋਹਰਾ ਦੱਸਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਅੰਦੋਲਨ ਫਿਰ ਤੋਂ ਤੇਜ਼ ਕਰ ਦਿੱਤਾ ਹੈ।