Breaking News
Home / ਦੁਨੀਆ / ਭਾਰਤੀ ਮੂਲ ਦੀ ਔਰਤ ਅਨੁਜਾ ਧੀਰ ਲੰਡਨ ‘ਚ ਬਣੀ ਜੱਜ

ਭਾਰਤੀ ਮੂਲ ਦੀ ਔਰਤ ਅਨੁਜਾ ਧੀਰ ਲੰਡਨ ‘ਚ ਬਣੀ ਜੱਜ

ਸਕਾਟਲੈਂਡ ਦੀ ਜੰਮਪਲ ਹੈ ਅਨੁਜਾ ਧੀਰ
ਲੰਡਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਔਰਤ ਅਨੁਜਾ ਧੀਰ ਓਲਡ ਬੇਲੀ ਕੋਰਟ, ਲੰਡਨ ਵਿੱਚ ਜੱਜ ਬਣਨ ਵਾਲੀ ਡਿਸਲੈਕਸੀਆ (ਪੜ੍ਹਨ ਲਿਖਣ ਵਿੱਚ ਦਿੱਕਤ ਆਉਣ ਦੀ ਬਿਮਾਰੀ) ਪੀੜਤ ਪਹਿਲੀ ਮਹਿਲਾ ਹੈ। ਉਸ ਨੂੰ ਸਕੂਲ ਵੇਲੇ ਉਸ ਦੀ ਅਧਿਆਪਕਾ ਨੇ ਹੇਅਰ ਡਰੈਸਿੰਗ ਕਰਨ ਦੀ ਸਲਾਹ ਦਿੱਤੀ ਸੀ। ਉਹ ਸਭ ਤੋਂ ਛੋਟੀ ਉਮਰ ਦੀ ਸਰਕਟ ਜੱਜ ਹੈ। ਉਸ ਨੇ ਦੱਸਿਆ ਕਿ ਨਿਆਂਇਕ ਖੇਤਰ ਵਿੱਚ ਆਉਣ ਵੇਲੇ ਲੋਕ ਉਸ ਨੂੰ ਪਛਾਣਨ ਵਿੱਚ ਭੁਲੇਖਾ ਖਾ ਜਾਂਦੇ ਸੀ।
ਉਸ ਨੇ ਇਸ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਕ ਵਾਰ ਉਹ ਲੰਦਨ ਦੀ ਅਦਾਲਤ ਵਿੱਚ ਜਾਣ ਲੱਗੀ ਤਾਂ ਮੁੱਖ ਗੇਟ ‘ਤੇ ਬੈਠੇ ਵਿਅਕਤੀ ਨੂੰ ਇਹ ਯਕੀਨ ਹੀ ਨਹੀਂ ਹੋਇਆ ਕਿ ਉਹ ਇਕ ਬੈਰਿਸਟਰ ਹੈ। ਅਖੀਰ ਉਸ ਵਿਅਕਤੀ ਨੂੰ ਆਪਣੀ ਵਿੱਗ ਅਤੇ ਕੋਟ ਦਿਖਾਉਣਾ ਪਿਆ, ਜਿਸ ਤੋਂ ਬਾਅਦ ਉਸ ਨੂੰ ਇਮਾਰਤ ਦੇ ਅੰਦਰ ਜਾਣ ਦਿੱਤਾ ਗਿਆ। ਉਸ ਦਾ ਜਨਮ ਡੂੰਡੀ ਸਕਾਟਲੈਂਡ ਵਿੱਚ ਪਰਵਾਸੀ ਭਾਰਤੀ ਮਾਪਿਆਂ ਦੇ ਘਰ ਹੋਇਆ। ਉਸ ਨੇ ਡੂੰਡੀ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਅਤੇ ਸਕੌਟ ਲਾਅ ਦੀ ਪੜ੍ਹਾਈ ਕਰਨ ਤੋਂ ਪਹਿਲਾਂ ਆਰੰਭਕ ਸਿੱਖਿਆ ਹੈਰਿਸ ਅਕੈਡਮੀ ਵਿੱਚ ਕੀਤੀ।
ਉਸ ਨੇ ਲੰਦਨ ਵਿੱਚ ਗਰੇਜ਼ ਸਕਾਲਰਸ਼ਿਪ ਵੀ ਹਾਸਲ ਕੀਤੀ ਤੇ 23 ਸਾਲ ਬਤੌਰ ਵਕੀਲ ਪ੍ਰੈਕਟਿਸ ਕੀਤੀ। ਉਸ ਨੇ ਡਿਸਲੈਕਸੀਆ ਦੀ ਬਿਮਾਰੀ, ਜਿਸ ਕਾਰਨ ਅਧਿਆਪਕਾ ਨੇ ਉਸ ਨੂੰ ਨਿਆਂਇਕ ਕਰੀਅਰ ਬਾਰੇ ਨਾ ਸੋਚਣ ਦੀ ਸਲਾਹ ਦਿੱਤੀ ਸੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਉਦੋਂ ਇੰਨੀ ਡਰਦੀ ਸੀ ਕਿ ਉਸ ਨੂੰ ਪੜ੍ਹਨ ਤੇ ਲਿਖਣ ਵਿੱਚ ਔਖ ਹੁੰਦੀ ਸੀ। ਉਸ ਨੇ ਦੱਸਿਆ ਕਿ ਜਦੋਂ 1970 ਵਿੱਚ ਉਹ ਸਕਾਟਲੈਂਡ ਵਿੱਚ ਸਕੂਲ ਵਿਚ ਜਾਂਦੀ ਸੀ, ਉਦੋਂ ਔਰਤਾਂ ਨੂੰ ਵੱਡਾ ਸੋਚਣ ਲਈ ਹੱਲਾਸ਼ੇਰੀ ਨਹੀਂ ਮਿਲਦੀ ਸੀ। ਉਸ ਨੇ ਜਦੋਂ ਪਹਿਲੀ ਵਾਰ ਅਧਿਆਪਕਾ ਨੂੰ ਦੱਸਿਆ ਸੀ ਕਿ ਜਦੋਂ ਉਹ ਵੱਡੀ ਹੋ ਜਾਵੇਗੀ ਤਾਂ ਯੂਨੀਵਰਸਿਟੀ ਜਾਣਾ ਚਾਹੇਗੀ ਤਾਂ ਉਸ ਨੇ ਉਸ ਨੂੰ ਹੇਅਰ ਡਰੈਸਿੰਗ ਕਰਨ ਦੀ ਸਲਾਹ ਦਿੱਤੀ ਸੀ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …