Breaking News
Home / ਦੁਨੀਆ / ਖਾਲਿਸਤਾਨ ਸਮਰਥਕਾਂ ਨੇ ਰਾਹੁਲ ਗਾਂਧੀ ਦਾ ਕੀਤਾ ਵਿਰੋਧ

ਖਾਲਿਸਤਾਨ ਸਮਰਥਕਾਂ ਨੇ ਰਾਹੁਲ ਗਾਂਧੀ ਦਾ ਕੀਤਾ ਵਿਰੋਧ

ਖਾਲਿਸਤਾਨ ਜਿੰਦਾਬਾਦ ਦੇ ਲਗਾਏ ਨਾਅਰੇ
ਲੰਡਨ/ਬਿਊਰੋ ਨਿਊਜ਼ : ਖਾਲਿਸਤਾਨ ਤੇ ਤਿੰਨ ਸਮਰਥਕਾਂ ਨੇ ਬ੍ਰਿਟੇਨ ਵਿਚ ਰਾਹੁਲ ਗਾਂਧੀ ਦੇ ਪ੍ਰੋੇਗਰਾਮ ਵਿਚ ਦਾਖਲ ਹੋ ਕੇ ਉਸ ‘ਚ ਰੁਕਾਵਟ ਪਾਉਣ ਦਾ ਯਤਨ ਕੀਤਾ, ਪ੍ਰੰਤੂ ਸਕਾਟਲੈਂਡ ਯਾਰਡ ਨੇ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਕੱਢ ਦਿੱਤਾ। ਲੰਡਨ ਦੇ ਰਾਈਸਲਿਪ ‘ਚ ਭਾਰਤੀ ਮੂਲ ਦੇ ਲੋਕਾਂ ਲਈ ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਮੈਗਾ ਕਾਨਫਰੰਸ ਕਰਵਾਈ ਸੀ। ਖਾਲਿਸਤਾਨ ਦੇ ਤਿੰਨ ਸਮਰਥਕ ਕਾਨਫਰੰਸ ਵਾਲੀ ਥਾਂ ‘ਤੇ ਪੁੱਜੇ ਅਤੇ ਉਨ੍ਹਾਂ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਰਾਹੁਲ ਦੇ ਪੁੱਜਣ ਤੋਂ ਪਹਿਲਾਂ ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਸਮਾਰੋਹ ਵਿਚ ਰੁਕਾਵਟ ਪਾਉਣ ਦੀਆਂ ਕੋਸ਼ਿਸ਼ਾਂ ਦੇ ਜਵਾਬ ਵਿਚ ਲੋਕਾਂ ਨੇ ‘ਕਾਂਗਰਸ ਪਾਰਟੀ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਕਾਂਗਰਸ ਦੇ ਓਵਰਸੀਜ਼ ਵਿਭਾਗ ਦੇ ਪ੍ਰਧਾਨ ਸੈਮ ਪ੍ਰਿਤੋਦਾ ਨੇ ਕਿਹਾ ਕਿ 2019 ਦੇ ਚੋਣ ਨਤੀਜੇ ਭਾਰਤ ਦੀ ਦਿਸ਼ਾ ਤੈਅ ਕਰਨਗੇ। ਜ਼ਿਕਰਯੋਗ ਇਸ ਤੋਂ ਪਹਿਲਾਂ ਰਾਹੁਲ 1984 ਕਤਲੇਆਮ ਬਾਰੇ ਬਿਆਨ ਦੇ ਬੁਰੀ ਤਰ੍ਹਾਂ ਘਿਰ ਗਏ ਸਨ।
ਕੈਪਟਨ ਨੇ ਰਾਹੁਲ ਗਾਂਧੀ ਦਾ ਕੀਤਾ ਬਚਾਅ
ਸਾਕਾ ਨੀਲਾ ਤਾਰਾ ਸਮੇਂ ਰਾਹੁਲ ਪੜ੍ਹਦਾ ਸੀ ਸਕੂਲ ‘ਚ : ਕੈਪਟਨ ਅਮਰਿੰਦਰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ 1984 ਸਿੱਖ ਕਤਲੇਆਮ ਦੇ ਦੋਸ਼ੀ ਭਾਵੇਂ ਕਿਸੇ ਪਾਰਟੀ ਨਾਲ ਸਬੰਧ ਰੱਖਦੇ ਹੋਣ ਉਨ੍ਹਾਂ ਨੂੰ ਫਾਂਸੀ ‘ਤੇ ਲਟਕਾ ਦੇਣਾ ਚਾਹੀਦਾ ਹੈ ਪਰ ਜੋ ਲੋਕ ਇਸ ਕਤਲੇਆਮ ਲਈ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾ ਰਹੇ ਨੇ ਉਹ ਪਹਿਲਾਂ ਇਹ ਸਮਝ ਲੈਣ ਕਿ ਜਦੋਂ ਸਾਕਾ ਨੀਲਾ ਤਾਰਾ ਹੋਇਆ ਸੀ ਉਸ ਵੇਲੇ ਰਾਹੁਲ ਗਾਂਧੀ ਸਕੂਲ ਵਿਚ ਪੜ੍ਹਦਾ ਸੀ । ਇਸ ਲਈ ਜੋ ਲੋਕ ਰਾਹੁਲ ਗਾਂਧੀ ਬਾਰੇ ਅਜਿਹੀਆਂ ਬੇਤੁਕੀਆਂ ਟਿੱਪਣੀਆਂ ਕਰ ਰਹੇ ਹਨ ਉਨ੍ਹਾਂ ਨੂੰ ਬਾਜ ਆਉਣਾ ਚਾਹੀਦਾ ਹੈ । ਕੈਪਟਨ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਪਾਰਟੀ ਕਤਲੇਆਮ ਵਿੱਚ ਕਦੇ ਵੀ ਸ਼ਾਮਲ ਹੀ ਨਹੀਂ ਹੋਈ ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਿੱਜੀ ਤੌਰ ‘ਤੇ ਅਜਿਹੀ ਹਿੰਸਾ ਵਿੱਚ ਸ਼ਾਮਲ ਹੋਇਆ ਸੀ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ । ਕੈਪਟਨ ਅਨੁਸਾਰ ਕੁਝ ਲੋਕਾਂ ਕਾਰਨ ਪੂਰੀ ਪਾਰਟੀ ਨੂੰ ਦੋਸ਼ੀ ਠਹਿਰਾਉਣਾ ਸੁਖਬੀਰ ਵਰਗੇ ਆਗੂ ਦੀ ਮੂਰਖਤਾਪੂਰਨ ਅਤੇ ਬਚਕਾਨਾ ਸੋਚ ਹੈ । ਉਨ੍ਹਾਂ ਕਿਹਾ ਕਿ ਜੋ ਲੋਕ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾ ਰਹੇ ਨੇ ਉਹ ਸਮਝ ਲੈਣ ਰਾਹੁਲ ਨੇ ਆਪਣੇ ਬਿਆਨ ਵਿੱਚ 1984 ਸਿੱਖ ਕਤਲੇਆਮ ਸਣੇ ਹਰ ਕਿਸਮ ਦੀ ਹਿੰਸਾ ਦੀ ਨਿੰਦਾ ਕੀਤੀ ਹੈ ਤੇ ਇਥੋਂ ਤੱਕ ਕਿ ਅਜਿਹੀਆਂ ਘਟਨਾਵਾਂ ਲਈ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਖਿਲਾਫ ਸਖਤ ਸਜਾਵਾਂ ਦੀ ਵਿਵਸਥਾ ਕੀਤੇ ਜਾਣ ਦੀ ਵੀ ਹਮਾਇਤ ਕੀਤੀ ਹੈ। ਕੈਪਟਨ ਅਨੁਸਾਰ ਉਨ੍ਹਾਂ ਨੂੰ ਅਫਸੋਸ ਹੈ ਕਿ 84 ਕਤਲੇਆਮ ਦੇ ਪੀੜਤਾਂ ਨੂੰ ਲੰਮੀ ਅਦਾਲਤੀ ਕਾਰਜ ਪ੍ਰਣਾਲੀ ਕਾਰਨ 34 ਸਾਲ ਬੀਤ ਜਾਣ ‘ਤੇ ਵੀ ਇਨਸਾਫ ਨਹੀਂ ਮਿਲਿਆ ਹੈ ।
ਨਿਆਪਾਲਿਕਾ ਨੂੰ ਵੰਡ ਰਹੇ ਨੇ ਮੋਦੀ : ਰਾਹੁਲ ਗਾਂਧੀ
ਵਿਦੇਸ਼ ਦੌਰੇ ‘ਤੇ ਗਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਭਾਜਪਾ ਸਰਕਾਰ ‘ਤੇ ਹਮਲਾ ਜਾਰੀ ਹੈ। ਐਤਵਾਰ ਨੂੰ ਲੰਡਨ ਵਿਚ ‘ਇੰਡੀਅਨ ਓਵਰਸੀਜ਼ ਕਾਂਗਰਸ’ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਭਾਜਪਾ ਸਰਕਾਰ ‘ਚ ਨਿਆਂਪਾਲਿਕਾ, ਚੋਣ ਕਮਿਸ਼ਨ ਅਤੇ ਰਿਜ਼ਰਵ ਬੈਂਕ ਨੂੰ ਵੰਡਿਆ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਗੰਭੀਰ ਮੁੱਦਿਆਂ ਨੂੰ ਲੈ ਕੇ ਚੁੱਪੀ ਸਾਧੇ ਹੋਏ ਹਨ। ਰਾਹੁਲ ਨੇ ਕਿਹਾ ਕਿ ਸੁਪਰੀਮ ਕੋਰਟ, ਚੋਣ ਕਮਿਸ਼ਨ, ਭਾਰਤੀ ਰਿਜ਼ਰਵ ਬੈਂਕ ਵਰਗੀਆਂ ਸੰਸਥਾਵਾਂ ਜੋ ਸਾਡੀਆਂ ਦੀਵਾਰਾਂ ਹਨ, ਉਨ੍ਹਾਂ ਨੂੰ ਵੰਡਿਆ ਜਾ ਰਿਹਾ ਹੈ। ਇਹ ਪਹਿਲ ਵਾਰ ਸੀ ਜਦੋਂ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਨੂੰ ਜਨਤਕ ਤੌਰ ‘ਤੇ ਕਹਿਣਾ ਪਿਆ ਸੀ ਕਿ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਦਬਾਈ ਜਾ ਰਹੀ ਹੈ ਘੱਟ ਗਿਣਤੀ ਦੀ ਅਵਾਜ਼ : ਰਾਹੁਲ ਗਾਂਧੀ ਨੇ ਕਿਹਾ ਕਿ ਮੌਜੂਦਾ ਸਮੇਂ ਭਾਰਤ ਵਿਚ ਦਲਿਤਾਂ, ਕਿਸਾਨਾਂ, ਜਨਜਾਤੀ ਲੋਕਾਂ, ਘੱਟ ਗਿਣਤੀਆਂ ਅਤੇ ਗਰੀਬਾਂ ਦੀ ਅਵਾਜ਼ ਚੁੱਕਣ ‘ਤੇ ਕੁੱਟਮਾਰ ਕੀਤੀ ਜਾਂਦੀ ਹੈ। ਐਸਸੀ/ਐਸਟੀ ਐਕਟ ਨੂੰ ਨਸ਼ਟ ਕਰ ਦਿੱਤਾ ਗਿਆ ਤੇ ਵਿਦਿਆਰਥੀਆਂ ਦੇ ਵਜ਼ੀਫੇ ਬੰਦ ਕਰ ਦਿੱਤੇ ਗਏ ਹਨ। ਲੋਕਾਂ ਨਾਲ ਜਾਤ ਅਤੇ ਧਰਮ ਦੇ ਅਧਾਰ ‘ਤੇ ਭੇਦਭਾਵ ਕੀਤਾ ਜਾ ਰਿਹਾ ਹੈ। ਹਾਸ਼ੀਏ ‘ਤੇ ਪਏ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ, ਜਦਕਿ ਅਨਿਲ ਅੰਬਾਨੀ ਵਰਗੇ ਲੋਕਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਦੋਂ ਪ੍ਰਧਾਨ ਮੰਤਰੀ ਦੀ ਪਾਰਟੀ ਦੇ ਵਿਧਾਇਕ ਨੇ ਔਰਤ ਨਾਲ ਜਬਰ ਜਨਾਹ ਕੀਤਾ ਅਤੇ ਨੀਰਵ ਮੋਦੀ ਜਨਤਾ ਦਾ ਪੈਸਾ ਲੈ ਕੇ ਭੱਜ ਗਿਆ ਤਾਂ ਉਹ ਚੁੱਪੀ ਸਾਧ ਕੇ ਬੈਠੇ ਰਹੇ।
ਕਾਂਗਰਸ ’84 ਵਾਲੇ ਦਾਗ ਧੋ ਨਹੀਂ ਸਕੇਗੀ: ਸੁਖਬੀਰ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ 1984 ਵਿੱਚ ਸਿੱਖਾਂ ਦੇ ਹੋਏ ਯੋਜਨਾਬੱਧ ਕਤਲੇਆਮ ਵਿੱਚ ਕਾਂਗਰਸ ਪਾਰਟੀ ਦੀ ਭੂਮਿਕਾ ਤੋਂ ਇਨਕਾਰ ਕਰਕੇ ਜਿੱਥੇ ਗਾਂਧੀ ਪਰਿਵਾਰ ਦੀ ਕਥਿਤ ਕਾਤਲ ਮਾਨਸਿਕਤਾ ਨੂੰ ਸਹੀ ਠਹਿਰਾਇਆ ਹੈ ਉਥੇ ਉਹ ਖੁਦ ਇਸ ਅਣਮਨੁੱਖੀ ਅਤੇ ਘਿਣਾਉਣੇ ਕਾਰੇ ਵਿੱਚ ਭਾਗੀਦਾਰ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ‘ਤੇ 1984 ਵਾਲਾ ਲੱਗਾ ਦਾਗ ਕਦੇ ਨਹੀਂ ਧੋਤਾ ਜਾ ਸਕਦਾ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …