ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਛੇ ਹੋਰ ਸਕੂਲਾਂ ਵਿੱਚ ਕੋਵਿਡ-19 ਆਊਟਬ੍ਰੇਕ ਦੀ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਟੋਰਾਂਟੋ ਪਬਲਿਕ ਹੈਲਥ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਗੇ ਦੱਸੇ ਗਏ ਸਕੂਲਾਂ ਵਿੱਚ ਦੋ ਤੋਂ ਵੱਧ ਕੇਸ ਮਿਲੇ ਹਨ : ਦਾਂਤੇ ਅਲੀਘਿਏਰੀ ਅਕੈਡਮੀ, ਸਟੀਫਨ ਲੀਕੌਕ ਕਾਲਜੀਏਟ ਇੰਸਟੀਚਿਊਟ, ਸੇਂਟ ਜੂਡ ਕੈਥੋਲਿਕ ਸਕੂਲ, ਸੇਂਟ ਆਗਸਟਿਨ ਕੈਥੋਲਿਕ ਸਕੂਲ, ਮਿੱਲਵੁੱਡ ਜੂਨੀਅਰ ਸਕੂਲ ਤੇ ਹੁਰੌਨ ਸਟਰੀਟ ਜੂਨੀਅਰ ਪਬਲਿਕ ਸਕੂਲ। ਅਧਿਕਾਰੀਆਂ ਨੇ ਟਵੀਟ ਕਰਕੇ ਦੱਸਿਆ ਕਿ ਸਾਡੇ ਵੱਲੋਂ ਇਨ੍ਹਾਂ ਸੈਟਿੰਗਜ ਵਿੱਚ ਆਊਟਬ੍ਰੇਕ ਡਿਕਲੇਅਰ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਇਹ ਵੀ ਆਖਿਆ ਕਿ ਅਸੀਂ ਇਨ੍ਹਾਂ ਮਾਮਲਿਆਂ ਦੀ ਧਿਆਨ ਨਾਲ ਜਾਂਚ ਕਰ ਰਹੇ ਹਾਂ ਤੇ ਸਕੂਲ ਕਮਿਊਨਿਟੀਜ ਨਾਲ ਰਲ ਕੇ ਕੰਮ ਕਰ ਰਹੇ ਹਾਂ, ਸਬੰਧਤ ਪਾਜੀਟਿਵ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਵੀ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਘਰਾਂ ਵਿੱਚ ਹੀ ਰਹਿ ਕੇ ਆਪਣੇ ਲੱਛਣਾਂ ਦੀ ਜਾਂਚ ਕਰਨ ਤੇ ਆਪਣੇ ਟੈਸਟ ਕਰਵਾਉਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ।
ਪਰ ਇਸ ਸਭ ਦੇ ਬਾਵਜੂਦ ਸਕੂਲ ਖੁੱਲ੍ਹੇ ਰੱਖੇ ਜਾ ਰਹੇ ਹਨ। ਇਸ ਦੌਰਾਨ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਆਪਣੇ ਸਕੂਲਾਂ ਵਿੱਚ ਕੋਵਿਡ-19 ਕੇਸਾਂ ਨਾਲ ਸਿੱਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤੱਕ ਚੈਸਟਰ ਲੀ ਜੂਨੀਅਰ ਪਬਲਿਕ ਸਕੂਲ ਤੇ ਕਲੇਅਰਲੀਅ ਪਬਲਿਕ ਸਕੂਲ ਵਿੱਚ ਹੀ ਸਭ ਤੋਂ ਵੱਧ ਕੋਵਿਡ-19 ਮਾਮਲੇ ਪਾਏ ਗਏ ਹਨ। ਚੈਸਟਰ ਲੀ ਵਿਖੇ ਸੱਤ ਵਿਦਿਆਰਥੀਆਂ ਤੇ ਇੱਕ ਸਟਾਫ ਮੈਂਬਰ ਕੋਵਿਡ-19 ਪਾਜੀਟਿਵ ਪਾਏ ਗਏ ਜਦਕਿ ਕਲੇਅਰਲੀਅ ਵਿਖੇ ਵੀ ਸੱਤ ਮਾਮਲੇ ਪਾਜੀਟਿਵ ਆਏ। ਇੱਥੇ ਕੋਵਿਡ-19 ਪਾਜੀਟਿਵ ਆਉਣ ਵਾਲੇ ਸਾਰੇ ਵਿਦਿਆਰਥੀ ਦੱਸੇ ਜਾਂਦੇ ਹਨ। ਇਹ ਦੋਵੇਂ ਸਕੂਲ ਵੀ ਖੁੱਲ੍ਹੇ ਹੋਏ ਹਨ।