ਸਿੱਖ ਵਿਰੋਧੀ ਕਤਲੇਆਮ ਬਾਰੇ ਲੰਡਨ ‘ਚ ਦਿੱਤੇ ਰਾਹੁਲ ਦੇ ਬਿਆਨ ਤੋਂ ਬਾਅਦ ਵਿਵਾਦ
ਲੰਡਨ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੰਡਨ ਸਕੂਲ ਆਫ ਇਕਨਾਮਿਕਸ ਵਿਚ ਸੰਬੋਧਨ ਕਰਦਿਆਂ ਕਿਹਾ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ‘ਚ ਕਾਂਗਰਸ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ ਕਿ 1984 ਦਾ ਸਿੱਖ ਕਤਲੇਆਮ ਬਹੁਤ ਹੀ ਦੁਖਦਾਈ ਘਟਨਾ ਸੀ ਤੇ ਉਹ ਇਨ੍ਹਾਂ ਹਿੰਸਕ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾਵਾਂ ਦੇਣ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ 2019 ਵਿਚ ਹੋਣ ਵਾਲੀਆਂ ਆਮ ਚੋਣਾਂ ਸਿੱਧੇ ਤੌਰ ‘ਤੇ ਵਿਰੋਧੀ ਧਿਰਾਂ ਦੇ ਗੱਠਜੋੜ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਹੋਣਗੀਆਂ ਤੇ ਉਨ੍ਹਾਂ ਦਾ ਮੁੱਖ ਏਜੰਡਾ ਭਾਜਪਾ ਨੂੰ ਹਰਾਉਣਾ ਹੈ। ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਬਰਤਾਨੀਆ ਦੇ ਸੰਸਦ ਮੈਂਬਰਾਂ ਤੇ ਸਥਾਨਕ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1984 ਵਿਚ ਵਾਪਰਿਆ ਸਿੱਖ ਕਤਲੇਆਮ ਕਾਂਡ ਬਹੁਤ ਹੀ ਦੁਖਦਾਈ ਸੀ, ਪਰ ਉਨ੍ਹਾਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਇਸ ਕਤਲੇਆਮ ਵਿਚ ਕਾਂਗਰਸ ਦੀ ਕੋਈ ਸ਼ਮੂਲੀਅਤ ਸੀ। ਉਨ੍ਹਾਂ ਕਿਹਾ, ”ਕਿਸੇ ਵੱਲੋਂ ਵੀ ਕਿਸੇ ‘ਤੇ ਕੀਤੀ ਗਈ ਹਿੰਸਾ ਗਲਤ ਹੈ। ਭਾਰਤ ਵਿੱਚ ਇੱਕ ਕਾਨੂੰਨੀ ਪ੍ਰਕਿਰਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਉਸ ਸਮੇਂ ਜੋ ਹੋਇਆ ਉਹ ਬਹੁਤ ਗਲਤ ਸੀ ਤੇ ਮੈਂ ਇਸ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਹੱਕ ਵਿੱਚ ਹਾਂ। ਮੇਰੇ ਦਿਮਾਗ ਵਿਚ ਇਸ ਗੱਲ ਨੂੰ ਲੈ ਕੇ ਕੋਈ ਵੀ ਦੁੱਚਿਤੀ ਨਹੀਂ ਹੈ ਤੇ ਮੈਂ ਮੰਨਦਾ ਹਾਂ ਕਿ ਇਹ ਇੱਕ ਦੁਖਾਂਤ ਤੇ ਦਰਦਨਾਕ ਤਜਰਬਾ ਸੀ।”
ਇਸੇ ਦੌਰਾਨ ਗਾਂਧੀ ਨੇ ਕਿਹਾ, ”ਅਗਲੀਆਂ ਲੋਕ ਸਭਾ ਚੋਣਾਂ ਵਿਚ ਮੁਕਾਬਲਾ ਸਿੱਧਾ ਹੋਵੇਗਾ। ਇੱਕ ਪਾਸੇ ਭਾਜਪਾ ਤੇ ਦੂਜੇ ਪਾਸੇ ਹਰ ਵਿਰੋਧੀ ਪਾਰਟੀ ਹੈ। ਇਸ ਦਾ ਕਾਰਨ ਇਹ ਹੈ ਕਿ ਪਹਿਲੀ ਵਾਰ ਭਾਰਤੀ ਸੰਸਥਾਵਾਂ ‘ਤੇ ਹਮਲੇ ਹੋ ਰਹੇ ਹਨ। ਇਸੇ ਦੌਰਾਨ ਰਾਹੁਲ ਗਾਂਧੀ ਨੇ ਬਰਤਾਨੀਆ ਦੀ ਮੁੱਖ ਵਿਰੋਧੀ ਪਾਰਟੀ ਦੇ ਆਗੂਆਂ ਨਾਲ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ, ਜਿਨ੍ਹਾਂ ਵਿਚ ਭਾਰਤੀਆਂ ਨੂੰ ਵੀਜ਼ਾ ਸਬੰਧੀ ਆ ਰਹੀਆਂ ਦਿੱਕਤਾਂ ਤੇ ਬ੍ਰੈਗਜ਼ਿਟ ਦੇ ਪ੍ਰਭਾਵ ਸ਼ਾਮਲ ਹਨ।
ਕਾਂਗਰਸੀਆਂ ਨੇ ਖੁਦ ਸਿੱਖ ਕਤਲੇਆਮ ਦੀ ਗੱਲ ਮੰਨੀ: ਫੂਲਕਾ
ਆਮ ਆਦਮੀ ਪਾਰਟੀ ਦੇ ਵਿਧਾਇਕ ਤੇ 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਸਾਲਾਂ ਤੋਂ ਕਾਨੂੰਨੀ ਲੜਾਈ ਲੜਦੇ ਆ ਰਹੇ ਐੱਚਐੱਸ ਫੂਲਕਾ ਨੇ ਕਿਹਾ ਕਿ ਸਿੱਖਾਂ ਦੇ ਕਤਲੇਆਮ ਦੇ ਦੋ ਦਿਨਾਂ ਬਾਅਦ ਹੀ ਕਈ ਕਾਂਗਰਸੀ ਵਰਕਰਾਂ ਨੇ ਖੁਲਾਸੇ ਕੀਤੇ ਸਨ ਕਿ ਪਾਰਟੀ ਦੇ ਵੱਡੇ ਆਗੂਆਂ ਦੀ ਅਗਵਾਈ ਹੇਠ ਸਿੱਖਾਂ ਦੇ ਕਤਲ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ 1984 ਵਿੱਚ ਦਿੱਲੀ ਦੇ ਤਰਲੋਕਪੁਰੀ ਵਿਚ 400, ਕਲਿਆਣਪੁਰੀ ਵਿੱਚ 200, ਸੁਲਤਾਨਪੁਰੀ ਵਿੱਚ 350 ਅਤੇ ਪਾਲਮ ਵਿੱਚ 340 ਸਿੱਖ ਕਤਲ ਕੀਤੇ ਗਏ ਸੀ। ਉਨ੍ਹਾਂ ਦੱਸਿਆ ਕਿ ਉਸ ਵੇਲੇ ਕਤਲੇਆਮ ਤੋਂ ਦੋ ਦਿਨ ਬਾਅਦ ਹੀ ਇਨ੍ਹਾਂ ਖੇਤਰਾਂ ਦੇ ਸੈਂਕੜੇ ਕਾਂਗਰਸੀਆਂ ਨੇ ਪਾਰਟੀ ਦੇ ਵੱਡੇ ਆਗੂਆਂ ਦੇ ਨਾਂ ਲੈ ਕੇ ਕਿਹਾ ਸੀ ਕਿ ਉਨ੍ਹਾਂ ਦੀ ਅਗਵਾਈ ਹੇਠ ਕਤਲੇਆਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਜੱਗ ਜ਼ਾਹਿਰ ਹੈ ਕਿ 1984 ਦੇ ਸਿੱਖ ਕਤਲੇਆਮ ਕਾਂਗਰਸ ਨੇ ਕਰਵਾਏ ਸਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …