Breaking News
Home / ਦੁਨੀਆ / ਰੂਸੀ ਹਮਲਿਆਂ ਤੇ ਮਹਿੰਗਾਈ ‘ਤੇ ਰੋਕ ਲਾਉਣ ਦਾ ਬਾਇਡਨ ਨੇ ਪ੍ਰਗਟਾਇਆ ਤਹੱਈਆ

ਰੂਸੀ ਹਮਲਿਆਂ ਤੇ ਮਹਿੰਗਾਈ ‘ਤੇ ਰੋਕ ਲਾਉਣ ਦਾ ਬਾਇਡਨ ਨੇ ਪ੍ਰਗਟਾਇਆ ਤਹੱਈਆ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕਰਦਿਆਂ ਆਖਿਆ ਕਿ ਉਹ ਯੂਕਰੇਨ ਵਿੱਚ ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕਰਨਗੇ, ਮਹਿੰਗਾਈ ਨੂੰ ਕਾਬੂ ਕਰਨ ਦਾ ਉਪਰਾਲਾ ਕਰਨਗੇ ਤੇ ਮੱਠੇ ਪੈ ਚੁੱਕੇ ਪਰ ਅਜੇ ਵੀ ਖਤਰਨਾਕ ਕਰੋਨਾ ਵਾਇਰਸ ਨਾਲ ਸਿੱਝਣਗੇ। ਬਾਇਡਨ ਨੇ ਕਿਹਾ ਕਿ ਉਹ ਖੁਦ ਤੇ ਕਾਂਗਰਸ ਦੇ ਸਾਰੇ ਮੈਂਬਰਜ਼, ਆਪਣੇ ਮਤਭੇਦਾਂ ਨੂੰ ਪਾਸੇ ਰੱਖ ਕੇ ਇਹ ਪ੍ਰਣ ਕਰਨਗੇ ਕਿ ਆਜ਼ਾਦੀ ਸਰਵੋਪਰੀ ਹੈ ਤੇ ਉਹ ਇਸ ਲਈ ਰਲ ਕੇ ਯੂਕਰੇਨ ਦੀ ਮਦਦ ਕਰਨਗੇ, ਹਰ ਹਾਲ ਜ਼ੁਲਮ ਖਿਲਾਫ ਇਸਦੀ ਜਿੱਤ ਹੋਵੇਗੀ।
ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਹਾਊਸ ਚੈਂਬਰ ਵਿੱਚ ਇੱਕਠੇ ਹੋਏ ਨੀਤੀਘਾੜਿਆਂ ਨੂੰ ਯੂਕਰੇਨੀਅਨਜ਼ ਦੀ ਹਿੰਮਤ ਲਈ ਉਨ੍ਹਾਂ ਨੂੰ ਸਲੂਟ ਕਰਨ ਲਈ ਆਖਿਆ। ਰੂਸ ਦਾ ਸਾਹਮਣਾ ਕਰ ਰਹੇ ਯੂਕਰੇਨ ਵਾਸੀਆਂ ਦੀ ਬਹਾਦਰੀ ਤੇ ਹੌਸਲੇ ਦੀ ਸ਼ਲਾਘਾ ਕਰਦਿਆਂ ਬਾਇਡਨ ਨੇ ਆਖਿਆ ਕਿ ਉਹ ਯੂਕਰੇਨੀ ਫੌਜ ਨੂੰ ਹਥਿਆਰ ਮੁਹੱਈਆ ਕਰਵਾ ਕੇ ਉਨ੍ਹਾਂ ਦੇ ਹੱਥ ਮਜ਼ਬੂਤ ਕਰਨਗੇ ਤੇ ਪਾਬੰਦੀਆਂ ਲਗਾ ਕੇ ਰੂਸੀ ਅਰਥਚਾਰੇ ਦਾ ਲੱਕ ਤੋੜਨਗੇ। ਉਨ੍ਹਾਂ ਆਖਿਆ ਕਿ ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਇਸ ਨਾਲ ਅਮਰੀਕਾ ਦੇ ਅਰਥਚਾਰੇ ਨੂੰ ਵੀ ਢਾਹ ਲੱਗੇਗੀ ਪਰ ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀ ਸਖਤੀ ਤੋਂ ਬਿਨਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਸੈਨਾਵਾਂ ਦੇ ਯੂਕਰੇਨ ਵੱਲ ਵੱਧਦੇ ਕਦਮਾਂ ਨੂੰ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਆਖਿਆ ਕਿ ਰੂਸ ਦੀ ਇਸ ਹਰਕਤ ਕਾਰਨ ਸਿਰਫ ਯੂਕਰੇਨ ਨੂੰ ਹੀ ਖਤਰਾ ਨਹੀਂ ਹੈ ਸਗੋਂ ਅਮਰੀਕਾ ਤੇ ਪੂਰੀ ਦੁਨੀਆ ਨੂੰ ਇਸ ਨਾਲ ਖਤਰਾ ਹੈ।
ਬਾਇਡਨ ਨੇ ਆਖਿਆ ਕਿ ਅਮਰੀਕਾ ਰੂਸੀ ਜਹਾਜ਼ਾਂ ਉੱਤੇ ਪਾਬੰਦੀ ਲਾਉਣ ਲਈ ਕੈਨੇਡਾ ਤੇ ਯੂਰਪੀਅਨ ਯੂਨੀਅਨ ਦੀ ਤਰਜ਼ ਉੱਤੇ ਕੰਮ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਜਸਟਿਸ ਮੰਤਰਾਲੇ ਵੱਲੋਂ ਇੱਕ ਟਾਸਕ ਫਰਸ ਤਿਆਰ ਕੀਤੀ ਗਈ ਹੈ ਜਿਹੜੀ ਰੂਸ ਦੇ ਧਨਾਢਾਂ ਦੇ ਜੁਰਮਾਂ ਦੀ ਪੜਚੋਲ ਕਰੇਗੀ। ਬਾਈਡਨ ਨੇ ਆਖਿਆ ਕਿ ਇਨ੍ਹਾਂ ਧਨਾਢਾਂ ਨੇ ਆਪਣੇ ਹੀ ਲੋਕਾਂ ਤੋਂ ਪੈਸਾ ਖੋਹ ਖੋਹ ਕੇ ਤਿਜੋਰੀਆਂ ਭਰੀਆਂ ਹਨ। ਬਾਇਡਨ ਨੇ ਇਹ ਵੀ ਆਖਿਆ ਕਿ ਭਾਵੇਂ ਪੁਤਿਨ ਕੀਵ ਦੇ ਦੁਆਲੇ ਟੈਂਕਾਂ ਨਾਲ ਘੇਰਾ ਪਾ ਲਵੇ ਪਰ ਯੂਕਰੇਨ ਵਾਸੀਆਂ ਦੇ ਦਿਲ ਨਹੀਂ ਜਿੱਤ ਸਕਦਾ।
ਇਸ ਦੌਰਾਨ ਬਾਇਡਨ ਨੇ ਆਖਿਆ ਕਿ ਉਹ ਅਮਰੀਕਾ ਦੀ ਉਤਪਾਦਨ ਸਮਰੱਥਾ ਵਿੱਚ ਮੁੜ ਨਿਵੇਸ਼ ਕਰਕੇ, ਸਪਲਾਈ ਚੇਨ ਵਿੱਚ ਵਾਧਾ ਕਰਕੇ ਤੇ ਵਰਕਰਜ਼ ਉੱਤੇ ਚਾਈਲਡ ਕੇਅਰ ਤੇ ਐਲਡਰਕੇਅਰ ਦੇ ਬੋਝ ਨੂੰ ਘੱਟ ਕਰਨ ਲਈ ਪਲੈਨ ਲਿਆ ਰਹੇ ਹਨ। ਬਾਇਡਨ ਬਿਨਾਂ ਮਾਸਕ ਤੋਂ ਹਾਊਸ ਚੇਂਬਰ ਵਿੱਚ ਦਾਖਲ ਹੋਏ ਤੇ ਉਨ੍ਹਾਂ ਇਹ ਸੰਕੇਤ ਦਿੱਤਾ ਕਿ ਹੁਣ ਇੱਕ ਵਾਰੀ ਫਿਰ ਅਮਰੀਕਾ ਸਮੇਤ ਪੂਰੀ ਦੁਨੀਆ ਮਹਾਂਮਾਰੀ ਤੋਂ ਪਹਿਲਾਂ ਵਾਲੇ ਦੌਰ ਵਾਂਗ ਖੁੱਲ੍ਹ ਕੇ ਵਿਚਰਨ ਲਈ ਤਿਆਰ ਹੈ। ਪਰ ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਕਿ ਕਰੋਨਾਵਾਇਰਸ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ, ਇਸ ਲਈ ਸਾਨੂੰ ਅਜੇ ਵੀ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਹੈ।

 

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …