ਮਿਸੀਸਾਗਾ : ਪਹਿਲੀ ਜੁਲਾਈ 2016 ਵਾਲੇ ਦਿਨ ਦਰਿਆ ਦੇ ਕੰਢੇ ਰਮਣੀਕ ਅਕਾਸ਼ ਛੋਂਹਦੇ ਰੁੱਖਾਂ ਦੀ ਹਰੀ ਕਚੂਰ ਚਾਰਦਵਾਰੀ ਅੰਦਰ ਸਥਿਤ ਏਰਿਨਡੇਲ ਪਾਰਕ ਮਿਸੀਸਾਗਾ ਵਿਖੇ ਕੈਨੇਡਾ ਡੇਅ ਦਾ ਸੁਭਾਗਾ ਦਿਵਸ ਅਤੇ ਮਿਸੀਸਾਗਾ ਸਿਨੀਅਰਜ਼ ਕਲੱਬ ਦੀ ਪਿਕਨਿਕ ਇੱਕੋ ਦਿਨ ਮਨਾਈ ਗਈ। ਪ੍ਰਬੰਧਕਾਂ ਦੀ ਸੁੰਦਰ ਸੋਚ ਤੇ ਸੂਝ ਅਨੁਸਾਰ ਵਿਉਂਤੀ ਪਿਰਤ ਮਆਨੀਖ਼ੇਜ਼ ਹੈ ਤੇ ਮੁਬਾਰਕਾਂ ਲੱਦੀ ਵੀ। ਮੌਸਮ ਅਨੁਸਾਰ ਰੰਗ ਬਰੰਗੇ ਪਹਿਰਾਵਿਆਂ ਵਿੱਚ ਮਲਬੂਸ ਦੂਹਰੇ ਚਾਅ ਤੇ ਮਲਹਾਰ ਦੀਆਂ ਮੁਸਕਾਨਾਂ ਖਲੇਰਦੇ 300 ਨਾਲੋਂ ਵੱਧ ਮਿਸੀਸਾਗਾ ਸਿਨੀਰਜ਼ ਕਲੱਬ ਦੇ ਮੈਂਬਰ ਤੇ ਮਹਿਮਾਨ ਇਸ ਸ਼ੁਭ ਮੌਕੇ ਸ਼ਾਮਲ ਹੋਏ।
ਪ੍ਰੋਗਰਾਮ 11 ਵਜੇ ਸਵੇਰੇ ਅਰੰਭ ਹੋਇਆ ਅਤੇ ਵੇਹਦਿਆਂ ਵੇਹਦਿਆਂ ਮੇਲਾ ਭਰ ਗਿਆ। ਸਵੇਰ ਦੀ ਚਾਹ ਪਾਣੀ, ਸਨੈਕਸ (ਸਮੋਸੇ, ਚਨੇ, ਜਲੇਬੀ ਅਤੇ ਮਟਰੀ ਆਦਿ) ਨੇ ਸ਼ਮੂਲੀਅਤ ਕਰਨ ਵਾਲਿਆਂ ਦਾ ਸੁਆਗਤ ਕੀਤਾ। ਹਰ ਕੋਈ ਜਸ਼ਨਮਈ ਤੇ ਮੇਲਾ ਮੂਡ ਵਿੱਚ ਨਜ਼ਰੀ ਆ ਰਿਹਾ ਸੀ। ਇੱਕ ਦੋ ਵਾਰੀ ਮੌਸਮ ਨੇ ਬੇਮਲੂਮ ਲਹਿਜੇ ਵਿੱਚ ਭਬਕੀਆਂ ਮਾਰੀਆਂ ਤੇ ਸਾਰੇ ਸ਼ੈੱਡ ਦੀ ਸ਼ਰਨ ਲੈਣ ਲਈ ਮਜਬੂਰ ਹੋ ਗਏ ਪਰ ਸਮੁਚੇ ਤੌਰ ਤੇ ਮੌਸਮ ਪ੍ਰਬੰਧਕਾਂ, ਮੈਂਬਰਾਂ ਤੇ ਮਹਿਮਾਨਾਂ ਦੀਆਂ ਆਸ਼ਾਵਾਂ ਤੇ ਇਛਾਵਾਂ ਪ੍ਰਤੀ ਦਿਆਲੂ ਈ ਰਿਹਾ। ਇਸ ਮੌਕੇ ਇਕਰਾ ਖ਼ਾਲਿਦ ਐਮ. ਪੀ. ਏਰਿਨਡੇਲ, ਗਗਨ ਸਿਕੰਦ ਐਮ.ਪੀ. ਸਟਰੀਟਸਵਿੱਲ, ਹਰਿੰਦਰ ਤੱਖੜ ਐਮ.ਪੀ. ਪੀ. ਏਰਿਨਡੇਲ, ਬਾਬ ਡਿਲੇਨੀ ਐਮ.ਪੀ. ਪੀ. ਸਟਰੀਟਸਵਿੱਲ, ਮੈਟ ਮਾਹੋਣੀ ਕੌਂਸਲਰ (ਵਾਰਡ 8 ਏਰਿਨਡੇਲ) ਅਤੇ ਨੀਨਾ ਟਾਂਗੜੀ ਨੇ ਜਸ਼ਨ ਤੇ ਰਸਮਾਂ ਵਿੱਚ ਸ਼ਾਮਲ ਹੋ ਕੇ ਕੈਨੇਡਾ ਡੇਅ ਅਤੇ ਕਲੱਬ ਦੀ ਪਿਕਨਿਕ ਦੀ ਅਹਿਮੀਅਤ ਨੂੰ ਮਾਨਤਾ ਦਿੱਤੀ। ਇਨ੍ਹਾਂ ਪਤਵੰਤਿਆਂ ਨੇ ਇਸ ਸਮੇਂ ਸ਼ਾਮਲ ਹੋਣ ਵਾਲਿਆਂ ਨੂੰ ਵਧਾਈਆਂ ਦਿੱਤੀਆਂ ਤੇ ਕੈਨੇਡਾ ਡੇਅ ਸਮੇਂ ਚਾਵਾਂ ਭਰਪੂਰ ਸ਼ੁਭ ਇਛਾਵਾਂ ਭੇਟ ਕੀਤੀਆਂ। ਇਸ ਮੌਕੇ ਪਤਵੰਤਿਆਂ ਤੇ ਮੈਂਬਰਾਂ ਵੱਲੋਂ ਕੈਨੇਡਾ ਦਾ ਰਾਸ਼ਟਰੀ ਤਰਾਨਾ ਵੀ ਗਾਇਆ ਗਿਆ, ਕੈਨੇਡਾ ਦਾ ਰਾਸ਼ਟਰੀ ਝੰਡਾ ਵੀ ਲਹਿਰਾਇਆ ਗਿਆ। ਇਸ ਰਸਮ ਨੂੰ ਸਾਰਿਆਂ ਨੇ ਤਾੜੀਆਂ ਤੇ ਪ੍ਰਸੰਤਾ ਸਹਿਤ ਸਲਾਹਿਆ। ਬਾਰਬਿਕਿਊ, ਫ਼ਰੂਟ ਤੇ ਚਾਹ ਆਦਿ ਦੇ ਨਾਲ ਨਾਲ ਮੇਲ ਮਿਲਾਪ ਤੇ ਮੁਸਕਾਨਾਂ ਦੀ ਛਹਿਬਰ ਨੇ ਮਾਹੌਲ ਨੂੰ ਗਰਮਾ ਕੇ ਰੱਖਿਆ। ਕੁਝ ਹਲ਼ਕੇ ਫ਼ੁਲਕੇ ਫ਼ੁਟਕਲ ਆਈਟਮਾਂ ਤੋਂ ਇਲਾਵਾ ਲੇਡੀਜ਼ ਨੇ ਗਿੱਧੇ/ਭੰਗੜੇ ਦੀ ਵੰਨਗੀ ਵੀ ਪੇਸ਼ ਕੀਤੀ।ਜਿੱਧਰ ਨਜ਼ਰ ਪੈਂਦੀ ਸੀ ਪ੍ਰਸੰਨ ਚਿਹਰਿਆਂ ਦਾ ਹੜ੍ਹ ਦਿਸਦਾ ਸੀ।
ਇੰਜ 4 ਵਜੇ ਸ਼ਾਮ ਰਸਮਾਂ ਤੇ ਪਿਕਨਿਕ ਦਾ ਅੰਤ ਹੋਇਆ। ਹਰ ਕੋਈ ਸੰਤੁਸ਼ਟ ਤੇ ਅਗਲੇ ਸਾਲ ਦੀ ਪਿਕਨਿਕ ਦੇ ਸੁਫ਼ਨੇ ਹਿੱਕ ਲਾਈ ਆਪਣੋ ਆਪਣੇ ਨਿਵਾਸ ਸਥਾਨ ਦੇ ਰਾਹ ਪੈ ਗਿਆ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …