12ਵੀਂ ਕਲਾਸ ਦੀ ਵਿਦਿਆਰਥਣ ਤਾਨਯਾ ਸਿੰਘ ਨੇ ਲਏ 500 ਵਿਚੋਂ 500 ਅੰਕ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਬੀਐਸਸੀ ਬੋਰਡ ਨੇ 10ਵੀਂ ਅਤੇ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਇਕ ਵਾਰ ਫਿਰ ਤੋਂ ਕੁੜੀਆਂ ਨੇ ਬਾਜ਼ੀ ਮਾਰੀ ਹੈ। 12ਵੀਂ ਕਲਾਸ ਦੀਆਂ ਲੜਕੀਆਂ ਨੇ ਲੜਕਿਆਂ ਨਾਲੋਂ 3.29 ਫੀਸਦੀ ਬਿਹਤਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਪ੍ਰੀਖਿਆਵਾਂ ਦੌਰਾਨ 94.54 ਫੀਸਦੀ ਵਿਦਿਆਰਥਣਾਂ ਪਾਸ ਹੋਈਆਂ ਹਨ ਜਦਕਿ 91.25 ਫੀਸਦੀ ਲੜਕੇ ਪਾਸ ਹੋਏ ਹਨ ਅਤੇ ਕੁੱਲ ਮਿਲਾ ਕੇ 12ਵੀਂ ਕਲਾਸ ਵਿਚੋਂ 92.71 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਸੇ ਤਰ੍ਹਾਂ 10ਵੀਂ ਕਲਾਸ ਦੇ 94 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਸੀਬੀਐਸਈ ਬੋਰਡ ਵੱਲੋਂ ਇਸ ਵਾਰ ਕੋਈ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਗਈ। ਬੋਰਡ ਨੇ ਕਿਹਾ ਕਿ ਇਸ ਵਾਰ ਟਾਪਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਜਾਵੇਗੀ ਜਦਕਿ ਬਿਹਤਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਜਾਵੇਗਾ। ਉਥੇ ਹੀ ਉਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੀ ਰਹਿਣ ਵਾਲੀ ਤਾਨਯਾ ਸਿੰਘ ਨੇ 12ਵੀਂ ਕਲਾਸ ਦੀ ਪ੍ਰੀਖਿਆ ਵਿਚ 500 ਵਿਚੋਂ ਪੂਰੇ 500 ਅੰਕ ਪ੍ਰਾਪਤ ਕੀਤੇ ਹਨ। ਤਾਨਯਾ ਸਿੰਘ ਬੁਲੰਦ ਸ਼ਹਿਰ ਦੇ ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਹੈ। ਰਿਜ਼ਲਟ ਆਉਣ ਤੋਂ ਬਾਅਦ ਤਾਨਯਾ ਦੇ ਘਰ ਅਤੇ ਸਕੂਲ ’ਚ ਜਸ਼ਨ ਦਾ ਮਾਹੌਲ ਹੈ।