Breaking News
Home / ਦੁਨੀਆ / ਟਰੰਪ ਰਾਸ਼ਟਰਪਤੀ ਚੋਣ ਲਈ ਨਹੀਂ ਕਰਨਗੇ ਸਿਆਸੀ ਰੈਲੀਆਂ

ਟਰੰਪ ਰਾਸ਼ਟਰਪਤੀ ਚੋਣ ਲਈ ਨਹੀਂ ਕਰਨਗੇ ਸਿਆਸੀ ਰੈਲੀਆਂ

ਕਰੋਨਾ ਮਹਾਂਮਾਰੀ ਕਰਕੇ ਹੁਣ ਹੋਣਗੀਆਂ ‘ਟੈਲੀ ਰੈਲੀਆਂ’
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੋਰੋਨਾ ਮਹਾਂਮਾਰੀ ਦੀ ਸਮੱਸਿਆ ਹੱਲ ਨਹੀਂ ਹੁੰਦੀ, ਉਹ ਨਵੰਬਰ ਵਿਚ ਹੋ ਰਹੀ ਰਾਸ਼ਟਰਪਤੀ ਚੋਣ ਲਈ ਕੋਈ ਵੀ ਰਾਜਨੀਤਕ ਰੈਲੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਹੁਣ ‘ਟੈਲੀ ਰੈਲੀਆਂ’ ਕਰਾਂਗੇ।
ਟਰੰਪ ਨੇ ਪਹਿਲੀ ‘ਟੈਲੀ ਰੈਲੀ’ ਵਿਸਕਾਨਸਿਨ ਵਿਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ‘ਟੈਲੀ ਰੈਲੀ’ ਮਜਬੂਰੀ ਕਾਰਨ ਹੈ ਕਿਉਂਕਿ ਕੋਰੋਨਾ ਮਹਾਂਮਾਰੀ ਦਾ ਜਦੋਂ ਤੱਕ ਹੱਲ ਨਹੀਂ ਹੁੰਦਾ, ਅਸੀਂ ਕੋਈ ਵੱਡੀ ਰੈਲੀ ਨਹੀਂ ਕਰਾਂਗੇ, ਸਗੋਂ ‘ਟੈਲੀ ਰੈਲੀ’ ਹੀ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਕਰੋਨਾ ਟੀਕਾ ਬਣਾਉਣ ਲਈ ਵਧੀਆ ਕੰਮ ਕੀਤਾ ਹੈ ਅਤੇ ਕਰ ਰਹੇ ਹਾਂ। ਇਸ ਵਿਚ ਚੰਗੀ ਤਰੱਕੀ ਹੋ ਰਹੀ ਹੈ, ਜਲਦ ਹੀ ਟੀਕਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਅਸੀਂ ਮਿਲਣਾ ਵੀ ਚਾਹੁੰਦੇ ਹਾਂ ਪਰ ਕਰੋਨਾ ਕਾਰਨ ਇਹ ਸੰਭਵ ਨਹੀਂ ਹੈ। ਇਸ ਲਈ ਮੈਂ ਇਕ ਟੈਲੀਫੋਨਿਕ ਰੈਲੀ ਕਰ ਰਿਹਾ ਹਾਂ। ਇਸ ਰੈਲੀ ਨੂੰ ‘ਟਰੰਪ ਰੈਲੀ’ ਕਿਹਾ ਜਾਵੇਗਾ। ਅਸੀਂ ਤੁਹਾਡੇ ਨਾਲ ਟੈਲੀਫ਼ੋਨ ‘ਤੇ ਸੰਪਰਕ ਕਰਾਂਗੇ। ਟਰੰਪ ਨੇ ਆਪਣੀ 22 ਮਿੰਟ ਦੀ ‘ਟੈਲੀ ਰੈਲੀ’ ਵਿਚ ਬੀਤੇ ਦਿਨੀਂ ਹੋਈ ਵਿਵਾਦਪੂਰਨ ਤੁਲਸਾ ਰੈਲੀ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਸਿਹਤ ਮਾਹਿਰਾਂ ਤੇ ਸਥਾਨਕ ਅਧਿਕਾਰੀਆਂ ਨੇ ਤੁਲਸਾ ਰੈਲੀ ਨੂੰ ਰੱਦ ਕਰਨ ਲਈ ਕਿਹਾ ਸੀ ਪਰ ਇਸ ਸਭ ਵਿਚ ਰੈਲੀ ਬੇਹੱਦ ਸਫਲ ਤੇ ਯਾਦਗਾਰੀ ਹੋਈ। ਰੈਲੀ ਵਿਚ ਰਿਕਾਰਡ ਤੋੜ ਭੀੜ ਇਕੱਠੀ ਹੋਈ ਸੀ। ਹਾਲਾਂਕਿ ਰਾਸ਼ਟਰਪਤੀ ਟਰੰਪ ਨੇ ਇਸ ਰੈਲੀ ਵਿਚ ਮਾਸਕ ਨਾ ਪਾਉਣ ਕਾਰਨ ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ। ਰਾਸ਼ਟਰਪਤੀ ਟਰੰਪ ਨੇ ਇਸ ‘ਟੈਲੀ ਰੈਲੀ’ ਵਿਚ ਚੀਨ ‘ਤੇ ਵੀ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਕਰੋਨਾ ਫੈਲਾਉਣ ਦਾ ਮੁੱਖ ਦੋਸ਼ੀ ਚੀਨ ਹੈ।
ਉਨ੍ਹਾਂ ਕਿਹਾ ਕਿ ਇਹ ਚੀਨੀ ਵਾਇਰਸ ਹੈ, ਚੀਨ ਨੇ ਜਾਣਬੁੱਝ ਕੇ ਇਹ ਵਾਇਰਸ ਸਾਰੀ ਦੁਨੀਆ ਵਿਚ ਫੈਲਾਇਆ ਤੇ ਦੁਨੀਆ ਨੂੰ ਝੂਠ ਬੋਲਿਆ। ਉਨ੍ਹਾਂ ਕਿਹਾ ਕਿ ਚੀਨ ਕਾਰਨ ਦੁਨੀਆ ਵਿਚ ਲੱਖਾਂ ਲੋਕ ਕਰੋਨਾ ਵਾਇਰਸ ਨਾਲ ਮਾਰੇ ਜਾ ਚੁੱਕੇ ਹਨ ਅਤੇ ਅੱਗੇ ਵੀ ਮਰ ਰਹੇ ਹਨ। ਕਰੋੜਾਂ ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਇਸ ਲਈ ਚੀਨ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਇਸ ਦੀ ਸਜ਼ਾ ਤਾਂ ਚੀਨ ਨੂੰ ਭੁਗਤਣੀ ਪਵੇਗੀ।
ਡੋਨਾਲਡ ਟਰੰਪ ਦੇ ਪੱਖ ‘ਚ ਹੋਈ ਵਰਚੂਅਲ ਰੈਲੀ
ਵਾਸ਼ਿੰਗਟਨ : ਅਮਰੀਕਾ ਵਿਚ ਨਵੰਬਰ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਸਬੰਧੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਪੱਖ ਵਿਚ ਹੋਈ ਇੱਕ ਵਰਚੁਅਲ ਰੈਲੀ ਨੂੰ ਇੱਕ ਲੱਖ ਤੋਂ ਵੱਧ ਭਾਰਤੀ ਅਮਰੀਕੀਆਂ ਨੇ ਵੇਖਿਆ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਦੇ ਸਭ ਤੋਂ ਵੱਡੇ ਸਮਰਥਕ ਨੇ ਕਿਹਾ ਕਿ ਮੌਜੂਦਾ ਪ੍ਰਸ਼ਾਸਨ ਵਿੱਚ ਕਈ ਮਹੱਤਵਪੂਰਨ ਮੁੱਦਿਆਂ ‘ਤੇ ਭਾਰਤ ਨੂੰ ਮਿਲੇ ਸਤਿਕਾਰ ਕਾਰਨ ਵੱਡੇ ਗਿਣਤੀ ਵਿਚ ਭਾਰਤੀ ਮੂਲ ਦੇ ਅਮਰੀਕੀ ਸੱਤਾਧਾਰੀ ਰਿਪਬਲਿਕਨ ਪਾਰਟੀ ਨਾਲ ਜੁੜ ਰਹੇ ਹਨ। ਰੈਲੀ ਦੌਰਾਨ ਅਲ ਮੈਸਨ ਨੇ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੁੜ ਰਾਸ਼ਟਰਪਤੀ ਚੁਣਨ ਲਈ ਅਪੀਲ ਕੀਤੀ। ਭਾਰਤੀ ਅਮਰੀਕੀਆਂ ਨੂੰ ਪਹਿਲੀ ਵਾਰ ਸੰਬੋਧਨ ਕਰਨ ਮੌਕੇ ਮੈਸਨ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਉਨ੍ਹਾਂ ਵੱਲੋਂ ਕੀਤੀ ਗਈ ਖੋਜ ਤੋਂ ਪਤਾ ਲੱਗਦਾ ਹੈ ਕਿ ਸਾਲ 1992 ਤੋਂ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਵਾਲੇ ਉਮੀਦਵਾਰ ਹੁਣ ਰਾਸ਼ਟਰਪਤੀ ਟਰੰਪ ਦੇ ਪੱਖ ਵਿਚ ਵੋਟ ਪਾਉਣ ਲਈ ਮਨ ਬਣਾ ਰਹੇ ਹਨ। ਕੋਵਿਡ- 19 ਮਹਾਮਾਰੀ ਕਾਰਨ ਮੇਸਨ ਨੇ ਗੈਰ-ਰਾਜਸੀ ਸੁਤੰਤਰ ਰਾਜਸੀ ਐਕਸ਼ਨ ਕਮੇਟੀ ‘ਅਮੈਰੀਕਨਜ਼ 4 ਹਿੰਦੂਜ਼’ ਵੱਲੋਂ ਕਰਵਾਈ ਗਈ ‘ਹਿੰਦੂਜ਼ 4 ਟਰੰਪ’ ਰੈਲੀ ਨੂੰ ਸੰਬੋਧਨ ਕੀਤਾ। ਸੰਸਥਾ ਨੇ ਦੱਸਿਆ ਕਿ 30,000 ਲੋਕਾਂ ਨੇ ਇਸ ਰੈਲੀ ਨੂੰ ਵੱਖੋ-ਵੱਖਰੇ ਸੋਸ਼ਲ ਮੀਡੀਆ ਮੰਚਾਂ ‘ਤੇ ਵੇਖਿਆ ਜਦਕਿ ਅਗਲੇ ਕੁਝ ਘੰਟਿਆਂ ਵਿੱਚ 70,000 ਲੋਕਾਂ ਨੇ ਇਸ ਰੈਲੀ ਨੂੰ ਆਨਲਾਈਨ ਮਾਧਿਅਮਾਂ ਰਾਹੀਂ ਵੇਖਿਆ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …