Breaking News
Home / ਭਾਰਤ / ਦੁਬਈ ਦੇ ਯੁਵਰਾਜ ਦੀ ਫੇਰੀ ਨੇ ਦੁਵੱਲੇ ਸਹਿਯੋਗ ਦਾ ਰਾਹ ਪੱਧਰਾ ਕੀਤਾ : ਮੋਦੀ

ਦੁਬਈ ਦੇ ਯੁਵਰਾਜ ਦੀ ਫੇਰੀ ਨੇ ਦੁਵੱਲੇ ਸਹਿਯੋਗ ਦਾ ਰਾਹ ਪੱਧਰਾ ਕੀਤਾ : ਮੋਦੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਬਈ ਦੇ ਸ਼ਹਿਜ਼ਾਦੇ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਭਾਰਤ ਦੀ ਵਿਸ਼ੇਸ਼ ਫੇਰੀ ਨੇ ਮਜ਼ਬੂਤ ਦੁਵੱਲੇ ਸਹਿਯੋਗ ਦਾ ਰਾਹ ਪੱਧਰਾ ਕੀਤਾ ਹੈ। ਮੋਦੀ ਨੇ ਇਹ ਦਾਅਵਾ ਸੰਯੁਕਤ ਅਰਬ ਅਮੀਰਾਤ ਦੇ ਪ੍ਰਭਾਵਸ਼ਾਲੀ ਆਗੂ ਨਾਲ ਮੁਲਾਕਾਤ ਮਗਰੋਂ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ‘ਚ ਕਿਹਾ ਕਿ ਦੁਬਈ ਨੇ ਭਾਰਤ-ਯੂਏਈ ਵਿਆਪਕ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ‘ਚ ਅਹਿਮ ਭੂਮਿਕਾ ਨਿਭਾਈ ਹੈ। ਅਲ-ਮਕਤੂਮ ਦੋ ਦਿਨਾ ਭਾਰਤ ਦੌਰੇ ‘ਤੇ ਪਹੁੰਚੇ ਸਨ। ਮੋਦੀ ਨੇ ਕਿਹਾ, ”ਦੁਬਈ ਦੇ ਸ਼ਹਿਜ਼ਾਦੇ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੂੰ ਮਿਲ ਕੇ ਖੁਸ਼ੀ ਹੋਈ। ਦੁਬਈ ਨੇ ਭਾਰਤ-ਯੂਏਈ ਵਿਆਪਕ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ‘ਚ ਅਹਿਮ ਭੂਮਿਕਾ ਨਿਭਾਈ ਹੈ। ਇਹ ਵਿਸ਼ੇਸ਼ ਦੌਰਾ ਸਾਡੀ ਗੂੜ੍ਹੀ ਦੋਸਤੀ ਦੀ ਪੁਸ਼ਟੀ ਕਰਦਾ ਹੈ ਅਤੇ ਭਵਿੱਖ ‘ਚ ਹੋਰ ਮਜ਼ਬੂਤ ਸਹਿਯੋਗ ਦਾ ਰਾਹ ਪੱਧਰਾ ਕਰਦਾ ਹੈ।”
ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁਬਈ ਦੇ ਸ਼ਹਿਜ਼ਾਦੇ, ਯੂਏਈ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨਾਲ ਵੱਖਰੇ ਤੌਰ ‘ਤੇ ਮੀਟਿੰਗ ਮਗਰੋਂ ਆਖਿਆ ਕਿ ਭਾਰਤ ਸਹਿ-ਉਤਪਾਦਨ ਅਤੇ ਸਹਿ ਵਿਕਾਸ ਪ੍ਰਾਜੈਕਟਾਂ ਸਣੇ ਰੱਖਿਆ ਖੇਤਰ ਵਿੱਚ ਖਾੜੀ ਮੁਲਕ ਨਾਲ ਮਿਲ ਕੇ ਕੰਮ ਕਰਨ ਦਾ ਚਾਹਵਾਨ ਹੈ। ਰੱਖਿਆ ਮੰਤਰੀ ਨੇ ਅਲ ਮਕਤੂਮ ਨਾਲ ਮੀਟਿੰਗ ਨੂੰ ਸਾਰਥਕ ਕਰਾਰ ਦਿੱਤਾ।
ਦੋਵਾਂ ਆਗੂਆਂ ਨੇ ਭਾਰਤ ਤੇ ਯੂਏਈ ਵਿਚਾਲੇ ਫੌਜੀ ਸਾਜ਼ੋ ਸਾਮਾਨ ਦੇ ਸੰਭਾਵੀ ਸਹਿ-ਵਿਕਾਸ ਸਣੇ ਰੱਖਿਆ ਸਬੰਧਾਂ ਨੂੰ ਹੁਲਾਰਾ ਦੇਣ ‘ਤੇ ਸਹਿਮਤੀ ਜਤਾਈ। ਇਸੇ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੁਬਈ ਦੇ ਸ਼ਹਿਜ਼ਾਦੇ ਨਾਲ ਮੁਲਾਕਾਤ ਦੌਰਾਨ ਦੁਵੱਲੇ ਸਹਿਯੋਗ ਦੀ ਸ਼ਲਾਘਾ ਕੀਤੀ।

Check Also

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ

ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …