ਟੋਰਾਂਟੋ/ਬਿਊਰੋ ਨਿਊਜ਼ : ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਗੱਲ ਦਾ ਮੁਲਾਂਕਣ ਕਰ ਰਹੀ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਲਾਂਗ ਟਰਮ ਕੇਅਰ ਹੋਮਜ਼ ਵਿੱਚ ਹੋਈਆਂ ਮੌਤਾਂ ਲਈ ਮੁਜਰਮਾਨਾ ਚਾਰਜਿਜ਼ ਲਾਏ ਜਾਣੇ ਚਾਹੀਦੇ ਹਨ ਜਾਂ ਨਹੀਂ। ਅਜਿਹਾ ਕਰਨ ਲਈ ਉਨਟਾਰੀਓ ਦੀ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਵੱਲੋਂ ਬੇਨਤੀ ਕੀਤੀ ਗਈ ਹੈ। ਪਿਛਲੇ ਹਫਤੇ ਐਨਡੀਪੀ ਦੀ ਆਗੂ ਐਂਡਰੀਆ ਹੌਰਵਥ ਨੇ ਓਪੀਪੀ ਦੇ ਕਮਿਸ਼ਨਰ ਥਾਮਸ ਕਰੀਕ ਨੂੰ ਇੱਕ ਪੱਤਰ ਭੇਜ ਕੇ ਮੰਗ ਕੀਤੀ ਸੀ ਕਿ ਲਾਂਗ ਟਰਮ ਕੇਅਰ ਹੋਮਜ਼ ਵਿੱਚ ਹੋਈਆਂ ਮੌਤਾਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਕਈ ਰਿਪੋਰਟਾਂ ਅਨੁਸਾਰ ਉੱਥੇ ਹੋਈਆਂ ਮੌਤਾਂ ਅਣਗਹਿਲੀ ਕਾਰਨ ਹੋਈਆਂ ਸਨ।
ਅਸਲ ਵਿੱਚ ਲਾਂਗ ਟਰਮ ਕੇਅਰ ਸੈਟਿੰਗਜ਼ ਵਿੱਚ ਫੋਰਡ ਸਰਕਾਰ ਵੱਲੋਂ ਕੋਵਿਡ-19 ਸੰਕਟ ਨਾਲ ਜਿਸ ਤਰ੍ਹਾਂ ਨਜਿੱਠਿਆ ਗਿਆ ਐਨਡੀਪੀ ਉਸ ਦੀ ਜਾਂਚ ਕਰਵਾਉਣੀ ਚਾਹੁੰਦੀ ਹੈ। ਆਪਣੇ ਪੱਤਰ ਵਿੱਚ ਹੌਰਵਥ ਨੇ ਅਜਿਹੇ 26 ਸੀਨੀਅਰਜ਼ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੀ ਮੌਤ ਕੋਵਿਡ-19 ਕਾਰਨ ਨਹੀਂ ਸਗੋਂ ਡੀਹਾਈਡ੍ਰੇਸ਼ਨ ਅਤੇ ਨਿਜੀ ਸਾਂਭ ਸੰਭਾਲ ਦੀ ਘਾਟ ਕਾਰਨ ਹੋਈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਕਈ ਉਨਟਾਰੀਓ ਵਾਸੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਬਜ਼ੁਰਗਾਂ ਦੀ ਮੌਤ ਇਨ੍ਹਾਂ ਲਾਂਗ ਟਰਮ ਕੇਅਰ ਹੋਮਜ਼ ਵਿੱਚ ਇਸ ਲਈ ਹੋਈ ਕਿਉਂਕਿ ਉਨਟਾਰੀਓ ਸਰਕਾਰ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਕਮਜ਼ੋਰ ਬਜ਼ੁਰਗਾਂ ਦੀ ਹਿਫਾਜ਼ਤ ਕਰਨ ਵਿੱਚ ਅਸਫਲ ਰਹੀ।
ਇਸ ਪੱਤਰ ਦੇ ਜਵਾਬ ਵਿੱਚ ਕਰੀਕ ਨੇ ਆਖਿਆ ਕਿ ਓਪੀਪੀ ਵੱਲੋਂ ਐਨਡੀਪੀ ਦੀ ਬੇਨਤੀ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਲਾਏ ਗਏ ਦੋਸ਼ਾਂ ਦੀ ਜਾਂਚ ਤੋਂ ਬਾਅਦ ਹੀ ਇਸ ਸਬੰਧ ਵਿੱਚ ਕੁੱਝ ਆਖਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਜਦੋਂ ਕੋਵਿਡ-19 ਆਊਟਬ੍ਰੇਕਸ ਦੌਰਾਨ ਮਿਲਟਰੀ ਨੂੰ ਲਾਂਗ ਟਰਮ ਕੇਅਰਜ਼ ਵਿੱਚ ਮਦਦ ਵਾਸਤੇ ਸੱਦਿਆ ਗਿਆ ਸੀ ਤਾਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਸੀ ਕਿ 26 ਸੀਨੀਅਰਜ਼ ਦੀ ਮੌਤ ਡੀਹਾਈਡ੍ਰੇਸ਼ਨ ਤੇ ਕੁਪੋਸ਼ਣ ਕਾਰਨ ਹੋਈ ਸੀ ਤੇ ਉਹ ਵੀ ਸੀਏਐਫ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ। ਇਹ ਖੁਲਾਸਾ ਲਾਂਗ ਟਰਮ ਕੇਅਰ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕੀਤਾ ਸੀ। ਫੌਜ ਨੇ ਵੀ ਇਹੋ ਰਿਪੋਰਟ ਕੀਤੀ ਸੀ।
Home / ਕੈਨੇਡਾ / ਐਨਡੀਪੀ ਵੱਲੋਂ ਲਾਂਗ ਟਰਮ ਕੇਅਰ ਹੋਮਜ਼ ਵਿੱਚ ਹੋਈਆਂ ਮੌਤਾਂ ਦੀ ਜਾਂਚ ਕਰਨ ਦੀ ਮੰਗ ਦਾ ਮੁਲਾਂਕਣ ਕਰ ਰਹੀ ਹੈ ਪੁਲਿਸ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …