ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣੀ ਸਫਲਤਾ ਦੇ 10 ਸਾਲ ਪੂਰੇ ਕਰਨ ‘ਤੇ ਪਿਛਲੇ ਦਿਨੀਂ ਸ਼ਾਨਦਾਰ ਡਿਨਰ ਅਤੇ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ। ਇਹ ਸਲਾਨਾ ਸਮਾਗਮ 2250 ਬੋਵੇਰਡ ਡਰਾਵੀਵ ਸਥਿਤ ‘ਹੋਮ-ਲਾਈਫ਼ ਰੀਅਲ ਅਸਟੇਟ’ ਦੇ ਮੀਟਿੰਗ-ਹਾਲ ਵਿਚ ਕੀਤਾ ਗਿਆ ਜਿਸ ਵਿਚ 40 ਤੋਂ ਵਧੀਕ ਸਭਾ ਦੇ ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਪੰਜਾਬ ਤੋਂ ਆਏ ਉੱਘੇ-ਪੱਤਰਕਾਰ ਤੇ ‘ਪੰਜਾਬੀ ਟ੍ਰਿਬਿਊਨ’ ਸਾਬਕਾ-ਸੰਪਾਦਕ ਸਿੱਧੂ ਦਮਦਮੀ, ਪੱਛਮੀ ਪੰਜਾਬ (ਪਾਕਿਸਤਾਨ) ਤੋਂ ਮੁਬਾਰਕ ਅਹਿਮਦ ਬਾਜਵਾ, ਉੱਘੇ-ਵਿਦਵਾਨ ਪ੍ਰੋ. ਰਾਮ ਸਿੰਘ, ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਅਤੇ ਉੱਘੇ ਕਹਾਣੀਕਾਰ ਕੁਲਜੀਤ ਮਾਨ ਸੁਸ਼ੋਭਿਤ ਸਨ।
ਸਮਾਗਮ ਦਾ ਆਰੰਭ ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਨੂੰ ਨਿੱਘੀ ‘ਜੀ ਆਇਆਂ’ ਕਹਿਣ ਨਾਲ ਹੋਈ। ਨਵੰਬਰ 2019 ਨੂੰ ਹੋਂਦ ਵਿਚ ਆਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੀਕ ਦੀਆਂ ਸਾਹਿਤਕ ਸਰਗ਼ਮੀਆਂ ਬਾਰੇ ਸੰਖੇਪ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ 10 ਸਾਲਾਂ ਵਿਚ ਸਭਾ ਵਿਚ ਕਈ ਉਤਰਾਅ-ਚੜ੍ਹਾਅ ਆਏ ਪਰ ਇਹ ਅਡੋਲ ਰਹੀ ਅਤੇ ਇਸ ਨੇ ਆਪਣੀਆਂ ਸਰਗਰਮੀਆਂ ਨਿਰੰਤਰ ਜਾਰੀ ਰੱਖੀਆਂ। ਸਿੱਧੂ ਦਮਦਮੀ ਨੇ ਕੁਝ ਸਾਲ ਪਹਿਲਾਂ ਇਸ ਸਭਾ ਦੇ ਸਮਾਗ਼ਮ ਦੌਰਾਨ ਹੋਏ ਰੂ-ਬ-ਰੂ ਦਾ ਬਾਖ਼ੂਬੀ ਜ਼ਿਕਰ ਕੀਤਾ ਅਤੇ ਸਭਾ ਦੀ ਸਫ਼ਲਤਾ ਲਈ ਵਧਾਈ ਦਿੱਤੀ।
ਅਹਿਮਦੀਆ ਜਮਾਤ ਦੀ ਉੱਘੀ ਸ਼ਖ਼ਸੀਅਤਤ ਜਨਾਬ ਮੁਬਾਰਕ ਅਹਿਮਦ ਬਾਜਵਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬੇਸ਼ਕ ਇਸ ਸਭਾ ਦੇ ਸਮਾਗ਼ਮ ਵਿਚ ਪਹਿਲੀ ਵਾਰ ਆਏ ਹਨ ਪਰ ਉਨ੍ਹਾਂ ਨੂੰ ਇਹ ਸੱਭ ਆਪਣਾ-ਆਪਣਾ ਤੇ ਜਾਣਿਆਂ-ਪਹਿਚਾਣਿਆ ਲੱਗਦਾ ਹੈ ਅਤੇ ਉਹ ਅੱਗੋਂ ਵੀ ਇਸ ਦੀਆਂ ਮਹੀਨਾਵਾਰ-ਮਹਿਫ਼ਲਾਂ ਵਿਚ ਸ਼ਿਰਕਤ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਪ੍ਰੋ. ਰਾਮ ਸਿੰਘ ਨੇ ਪੰਜਾਬੀ ਬੋਲੀ ਤੇ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਬਾਰੇ ਗੱਲ ਕਰਦਿਆਂ ਹੋਇਆਂ ਭਵਿੱਖ ਵਿਚ ਇਸ ਨੂੰ ਦਰਪੇਸ਼ ਚੁਣੌਤੀਆਂ ਦਾ ਵਰਨਣ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਦੇ ਲਈ ਤਤਪਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਕੁਲਜੀਤ ਮਾਨ ਨੇ ਵੀ ਪੰਜਾਬੀ ਬੋਲੀ ਦੇ ਉੱਜਲੇ ਭਵਿੱਖ ਦੀ ਕਾਮਨਾ ਕਰਦਿਆਂ ਹੋਇਆਂ ਇਸ ਨੂੰ ਸੰਸਾਰ-ਭਰ ਵਿਚ ਬੋਲੀਆਂ ਜਾਣ ਵਾਲੀਆਂ ਅਹਿਮ ਬੋਲੀਆਂ ਵਿਚ ਆਪਣਾ ਮੁਕਾਮ ਬਰਕਰਾਰ ਰੱਖਣ ਦੀ ਕਾਮਨਾ ਕੀਤੀ। ਕਰਨ ਅਜਾਇਬ ਸਿੰਘ ਸੰਘਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਨ੍ਹਾਂ ਦਸਾਂ ਸਾਲਾਂ ਵਿਚ ਸਭਾ ਨੂੰ ਚੜ੍ਹਦੀ-ਕਲਾ ਦੇ ਨਾਲ ਨਾਲ਼ ਬੇਸ਼ਕ ਕਈ ਦੁਸ਼ਵਾਰੀਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ ਪਰ ਸਭਾ ਇਨ੍ਹਾਂ ਵਿੱਚੋਂ ਸਫ਼ਲਤਾ ਪੂਰਵਕ ਸੁਚੇਤ ਹੋ ਕੇ ਨਿਕਲੀ ਹੈ।
ਇਸ ਮੌਕੇ ਹੋਏ ਕਵੀ-ਦਰਬਾਰ ਦੀ ਸੰਚਾਲਨਾ ਤਲਵਿੰਦਰ ਮੰਡ ਅਤੇ ਪਰਮਜੀਤ ਢਿੱਲੋਂ ਵੱਲੋਂ ਮਿਲ ਕੇ ਕੀਤੀ ਗਈ। ਇਸ ਵਿਚ ਇਕਬਾਲ ਬਰਾੜ, ਨਵਜੋਤ ਬਰਾੜ, ਪਰਮਜੀਤ ਦਿਓਲ, ਹਰਪਾਲ ਸਿੰਘ ਭਾਟੀਆ, ਰਿੰਕੂ ਭਾਟੀਆ, ਸੁਰਜੀਤ ਕੌਰ, ਪਿਆਰਾ ਸਿੰਘ ਕੁੱਦੋਵਾਲ, ਵਿਨੋਦ ਹਰਪਾਲਪੁਰੀ, ਗੁਰਦੇਵ ਚੌਹਾਨ, ਮੁਬਾਰਕ ਅਹਿਮਦ ਬਾਜਵਾ, ਸ਼ਕੀ ਉਲ੍ਹਾ, ਮਕਸੂਦ ਚੌਧਰੀ, ਪਰਮਜੀਤ ਸਿੰਘ ਗਿੱਲ, ਹਰਜੀਤ ਬਾਜਵਾ, ਹਰਜਸਪ੍ਰੀਤ ਗਿੱਲ, ਨਵਦੀਪ ਗਿੱਲ, ਡਾ. ਜਗਮੋਹਨ ਸਿੰਘ ਸੰਘਾ, ਹਰਦਿਆਲ ਝੀਤਾ, ਹੁਨਰ ਕਾਹਲੋਂ ਤੇ ਕਈ ਹੋਰਨਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਗੀਤ-ਸੰਗੀਤ ਦਾ ਖ਼ੂਬਸੂਰਤ ਮਾਹੌਲ ਸਿਰਜਿਆ। ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਇਸ ਸਮਾਗ਼ਮ ਵਿਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਭਾ ਦੀ ਚੜ੍ਹਦੀ ਕਲਾ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਗਈਆਂ। ਉਪਰੰਤ, ਸਾਰਿਆਂ ਨੇ ਮਿਲ ਕੇ ਸੁਆਦਲੇ ਖਾਣੇ ਦਾ ਅਨੰਦ ਮਾਣਿਆਂ ਨਵੇਂ ਸਾਲ ਵਿਚ ਫਿਰ ਮਿਲਣ ਦੇ ਵਾਅਦੇ ਨਾਲ ਸਮਾਗ਼ਮ ਦੀ ਸਮਾਪਤੀ ਹੋਈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਧਿਆਨ ਹਿਤ
ਆਈਕੋਨਿਕ ਓਲੰਪੀਅਨ ਬਲਬੀਰ ਸਿੰਘ ਦੇ ਅਕਾਲ ਚਲਾਣੇ ‘ਤੇ ਸ਼੍ਰੋਮਣੀ ਕਮੇਟੀ ਨੇ ਮਤਾ ਕੀਤਾ ਸੀ ਕਿ ਹਾਕੀ ਖਿਡਾਰੀ ਬਲਬੀਰ ਸਿੰਘ ਦਾ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸ਼ਸ਼ੋਭਿਤ ਕੀਤਾ ਜਾਵੇਗਾ। ਅਖ਼ਬਾਰਾਂ ਵਿਚ ਖ਼ਬਰਾਂ ਛਪੀਆਂ ਸਨ। ਇਕ ਕਮੇਟੀ ਮੈਂਬਰ ਨੇ ਬਲਬੀਰ ਸਿੰਘ ਦੀ ਲੜਕੀ ਤੋਂ ਫਰੇਮ ਕੀਤੀ ਉਹੀ ਤਸਵੀਰ ਹਾਸਲ ਕੀਤੀ ਹੋਈ ਹੈ ਜੋ ਟੋਰਾਂਟੋ ਦੇ ਡਿਕਸੀ ਗੁਰੂਘਰ ਵਿਚ ਵੀ ਸਸ਼ੋਭਿਤ ਹੈ। ਪਰ ਵਿਸ਼ਵ ਦੇ ਅੱਵਲ ਨੰਬਰ ਹਾਕੀ ਖਿਡਾਰੀ ਦੀ ਤਸਵੀਰ ਡੇਢ ਸਾਲ ਬੀਤ ਜਾਣ ‘ਤੇ ਵੀ ਅਜਾਇਬ ਘਰ ਵਿਚ ਸ਼ਸ਼ੋਭਿਤ ਨਹੀਂ ਕੀਤੀ ਗਈ। ਬਲਬੀਰ ਸਿੰਘ ਸਿੱਖ ਕੌਮ ਦੇ ਮਾਣ ਸਨ ਜਿਨ੍ਹਾਂ ਨੇ ਪੂਰਨ ਗੁਰਸਿੱਖ ਰਹਿੰਦਿਆਂ ਵਿਸ਼ਵ ਭਰ ‘ਚ ਸਿੱਖ ਸਰੂਪ ਦੀ ਪ੍ਰਦਰਸ਼ਨੀ ਕੀਤੀ, ਓਲੰਪਿਕ ਖੇਡਾਂ ‘ਚੋਂ ਤਿੰਨ ਗੋਲਡ ਮੈਡਲ ਜਿੱਤੇ, ਭਾਰਤੀ ਟੀਮ ਦੀ ਕਪਤਾਨੀ ਕੀਤੀ ਤੇ ਭਾਰਤੀ ਹਾਕੀ ਟੀਮਾਂ ਦੇ ਕੋਚ/ਮੈਨੇਜਰ ਬਣ ਕੇ ਵਿਸ਼ਵ ਹਾਕੀ ਕੱਪ ਸਮੇਤ ਦੇਸ਼ ਨੂੰ ਸੱਤ ਮੈਡਲ ਦਿਵਾਏ। ਲੰਡਨ-2012 ਦੀਆਂ ਓਲੰਪਿਕ ਖੇਡਾਂ ਸਮੇਂ ਅੰਤਰਾਸ਼ਟਰੀ ਓਲੰਪਿਕ ਕਮੇਟੀ ਨੇ ਉਨ੍ਹਾਂ ਨੂੰ ਓਲੰਪਿਕ ਖੇਡਾਂ ਦਾ ਸਰਵੋਤਮ ਹਾਕੀ ਖਿਡਾਰੀ ਐਲਾਨਿਆ ਸੀ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਮੈਚ ਵਿੱਚ ਹਾਲੈਂਡ ਵਿਰੁੱਧ ਬਲਬੀਰ ਸਿੰਘ ਦੇ ਕੀਤੇ 5 ਗੋਲਾਂ ਦਾ ਰਿਕਾਰਡ 72 ਸਾਲਾਂ ਤੋਂ ਕਾਇਮ ਹੈ। ਉਹ 25 ਮਈ 2020 ਨੂੰ ਪਰਲੋਕ ਸਿਧਾਰੇ ਸਨ। ਉਨ੍ਹੀਂ ਦਿਨੀਂ ਹੀ ਸ਼ੋਮਣੀ ਕਮੇਟੀ ਨੇ ਉਨ੍ਹਾਂ ਦੀ ਤਸਵੀਰ ਅਜਾਇਬ ਘਰ ਵਿੱਚ ਸਜਾਉਣ ਦਾ ਮਤਾ ਪਾਸ ਕੀਤਾ ਸੀ। 31 ਦਸੰਬਰ ਨੂੰ ਬਲਬੀਰ ਸਿੰਘ ਦਾ 99ਵਾਂ ਜਨਮ ਦਿਵਸ ਆਵੇਗਾ ਜੋ ਤਸਵੀਰ ਸਜਾਉਣ ਲਈ ਸ਼ੁਭ ਮੌਕਾ ਹੋ ਸਕਦਾ ਹੈ।
[email protected]