ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਬਹੁਤ ਹੀ ਸਰਗਰਮ ਰੈੱਡ ਵਿੱਲੋ ਸੀਨੀਅਰਜ਼ ਕਲੱਬ ਨੇ ਪਿਛਲੇ ਮਹੀਨੇ ਇਸ ਸੀਜ਼ਨ ਦਾ ਪਲੇਠਾ ਟੂਰ ਲਾਇਆ। ਅਤੀ ਠੰਢ ਦੇ ਮੌਸਮ ਬੀਤਣ ਅਤੇ ਇੰਡੀਆ ਗਏ ਕਈ ਮੈਂਬਰ ਇਸ ਟੂਰ ਵਿੱਚ ਲੰਬੇ ਸਮੇਂ ਬਾਅਦ ਮਿਲੇ ਤੇ ਉਹਨਾਂ ਦਾ ਆਪਣੇ ਹਾਣੀਆਂ ਨੂੰ ਮਿਲਣਾ ਅਤੇ ਟੂਰ ‘ਤੇ ਜਾਣ ਦਾ ਉਤਸ਼ਾਹ ਵੇਖਿਆ ਹੀ ਬਣਦਾ ਸੀ। ਠੀਕ 9 ਵਜੇ ਸਾਰੇ ਮੈਂਬਰ ਬੱਸਾਂ ‘ਤੇ ਜਾਣ ਲਈ ਪਾਰਕ ਵਿੱਚ ਪਹੁੰਚ ਗਏ। ਪ੍ਰਬੰਧਕਾਂ ਵਲੋਂ ਸੁਚੱਜਾ ਪ੍ਰਬੰਧ ਹੋਣ ਕਾਰਣ ਛੇਤੀ ਹੀ ਦੋ ਬੱਸਾਂ ਵਿੱਚ ਬੈਠ ਗਏ। ਅਮਰਜੀਤ ਸਿੰਘ, ਕੁਲਵੰਤ ਸਿੰਘ, ਜੋਗੰਦਰ ਸਿੰਘ ਪੱਡਾ, ਸ਼ਿਵਦੇਵ ਸਿੰਘ ਰਾਏ, ਮਹਿੰਦਰ ਕੌਰ ਪੱਡਾ ਅਤੇ ਨਿਰਮਲਾ ਪਰਾਸ਼ਰ ਦੀ ਅਗਵਾਈ ਵਿੱਚ ਇਸ ਕਾਫਲੇ ਨੇ ਮੰਜ਼ਿਲ ਵੱਲ ਚਾਲੇ ਪਾ ਦਿੱਤੇ।
ਸਕਾਰਬਰੋਅ ਦੇ ਬਹੁਤ ਹੀ ਰਮਣੀਕ ਐੱਸ-ਬਰਿੱਜ ਬੀਚ ਪਾਰਕ ਵਿੱਚ ਪਹੁੰਚ ਕੇ ਅੱਖਾਂ ਨੂੰ ਤਾਜਗੀ ਦੇਣ ਵਾਲੇ ਕੁਦਰਤੀ ਸੁਹੱਪਣ ਨੂੰ ਨੀਝ ਨਾਲ ਨਿਹਾਰਦਿਆਂ ਸਾਰਿਆਂ ਦੇ ਮਨ ਬਾਗੋ ਬਾਗ ਹੋ ਗਏ। ਕੁਦਰਤ ਰਾਣੀ ਦੀ ਖੂਬਸੂਰਤ ਗੋਦ ਵਿੱਚ ਬੈਠ ਕੇ ਸਾਰਿਆਂ ਨੇ ਆਪਣੇ ਨਾਲ ਲਿਆਂਦੇ ਸਨੈਕਸ ਵਗੈਰਾ ਲੈ ਕੇ ਤਾਜਗੀ ਮਹਿਸੂਸ ਕਰਦਿਆਂ ਆਲੇ ਦੁਆਲੇ ਦੇ ਦ੍ਰਿਸ਼ਾਂ ਦੀ ਖੂਬਸੂਰਤੀ ਨੂੰ ਜੀਅ ਭਰ ਕੇ ਮਾਣਿਆ ਅਤੇ ਮਿੱਤਰਤਾ ਪੂਰਬਕ ਗੱਲਾਂ ਬਾਤਾਂ ਦਾ ਆਨੰਦ ਲੈਂਦੇ ਹੋਏ ਸਮੇਂ ਨੂੰ ਸੁਹਾਵਣਾ ਕੀਤਾ। ਔਰਤ ਮੈਂਬਰਾਂ ਨੇ ਗੀਤਾਂ, ਬੋਲੀਆਂ ਅਤੇ ਗਿੱਧੇ ਨਾਲ ਆਪਣੇ ਮਨ ਦੇ ਵਲਵਲਿਆਂ ਦੀ ਪੂਰਤੀ ਕਰਦਿਆਂ ਵਾਤਾਵਰਣ ਨੂੰ ਹੋਰ ਸੰਗੀਤਮਈ ਬਣਾ ਦਿੱਤਾ। ਦੁਪਹਰਿ ਸਮੇਂ ਸਭ ਨੇ ਰਲ ਕੇ ਲੰਚ ਕੀਤਾ। ਆਪਣੇ ਆਪਣੇ ਢੰਗ ਨਾਲ ਮੈਂਬਰ ਟੋਲੀਆਂ ਵਿੱਚ ਕੁਦਰਤੀ ਨਜਾਰਿਆਂ ਨੂੰ ਦੇਖਦੇ ਹੋਏ ਆਨੰਦ ਮਾਣਦੇ ਰਹੇ। ਸਮਾਂ ਬੀਤਦਿਆਂ ਪਤਾ ਹੀ ਨਾ ਲੱਗਾ ਕਿ ਵਾਪਸੀ ਦਾ ਵਕਤ ਹੋ ਗਿਆ। ਸ਼ਾਮ 6 ਕੁ ਵਜੇ ਸਾਰੇ ਬੱਸਾਂ ਵੱਲ ਵਾਪਸੀ ਲਈ ਚੱਲ ਪਏਗਾ। ਰਾਹ ਵਿੱਚ ਬੱਸਾਂ ਵਿੱਚ ਬੈਠਿਆਂ ਦੇਖੇ ਹੋਏ ਨਜਾਰਿਆਂ ਅਤੇ ਮਾਣੇ ਹੋਏ ਆਨੰਦ ਦੀਆਂ ਗੱਲਾਂ ਕਰਦੇ ਹੋਏ ਵਾਪਸ ਰੈੱਡ ਵਿੱਲੋ ਪਾਰਕ ਵਿੱਚ ਪਹੁੰਚ ਗਏ। ਪ੍ਰਬੰਧਕਾਂ ਵਲੋਂ ਸਾਰੇ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦੇ ਮਨੋਰੰਜਨ ਲਈ ਹੋਰ ਟੂਰਾਂ ਦਾ ਪ੍ਰੋਗਰਾਮ ਉਲੀਕਣ ਦਾ ਵਾਅਦਾ ਕੀਤਾ ਗਿਆ। ਅੰਤ ਸਾਰੇ ਮੈਂਬਰ ਦਿਲ ਵਿੱਚ ਇਸ ਟੂਰ ਦੀਆਂ ਮਿੱਠੀਆਂ ਪਿਆਰੀਆਂ ਯਾਦਾਂ ਲੈ ਕੇ ਆਪਣੇ ਆਪਣੇ ਪਰਿਵਾਰਾਂ ਕੋਲ ਪਹੁੰਚ ਗਏ। ਕਲੱਬ ਦਾ ਇਹ ਪਹਿਲਾ ਟੂਰ ਬੇਹੱਦ ਸਫਲ ਰਿਹਾ।
ਕਲੱਬ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਪ੍ਰਧਾਨ ਗੁਰਨਾਮ ਸਿੰਘ ਗਿੱਲ 416-908-1300, ਜਨਰਲ ਸਕੱਤਰ ਕੁਲਵੰਤ ਸਿੰਘ 647-202-7696, ਉੱਪ-ਪਰਧਾਨ ਅਮਰਜੀਤ ਸਿੰਘ 416-268-6821, ਪਰਮਜੀਤ ਬੜਿੰਗ 647-963-0331, ਜੋਗਿੰਦਰ ਸਿੰਘ ਪੱਡਾ 416-219-2542 ਜਾਂ ਸ਼ਿਵਦੇਵ ਸਿੰਘ ਰਾਏ 647-643-6396 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …