ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੀ ਇੱਕ ਵੱਕਾਰੀ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਹ ਸਿੱਖ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਕਿਰਪਾਨ (ਸ੍ਰੀ ਸਾਹਿਬ) ਪਹਿਨਣ ਦੀ ਆਗਿਆ ਦੇਵੇਗੀ। ਸਿੱਖ ਧਰਮ ਵਿੱਚ ਸ੍ਰੀ ਸਾਹਿਬ ਇੱਕ ਧਾਰਮਿਕ ਚਿੰਨ੍ਹ ਹੈ। ਇਹ ਕਦਮ ਕਰੀਬ ਦੋ ਮਹੀਨੇ ਪਹਿਲਾਂ ਕਿਰਪਾਨ ਰੱਖਣ ਕਾਰਨ ਚਾਰਲਟ ਵਿੱਚ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਹੱਥਕੜੀ ਲਾਏ ਜਾਣ ਦੀ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਚੁੱਕਿਆ ਗਿਆ ਹੈ।
ਉੱਤਰੀ ਕੈਰੋਲੀਨਾ ਯੂਨੀਵਰਸਿਟੀ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਕਿਰਪਾਨ ਪਹਿਨਣ ਦੀ ਆਗਿਆ ਦਿੱਤੀ ਜਾਵੇਗੀ, ਬਸ਼ਰਤੇ ਇਸ ਦੀ ਲੰਬਾਈ ਤਿੰਨ ਇੰਚ ਤੋਂ ਵੱਧ ਨਾ ਹੋਵੇ ਅਤੇ ”ਇਸ ਨੂੰ ਹਰ ਸਮੇਂ ਕੱਪੜੇ ਅੰਦਰ ਸਰੀਰ ਨਾਲ ਲਗਾ ਕੇ ਰੱਖਿਆ ਜਾਵੇ।” ਚਾਂਸਲਰ ਸ਼ਰੌਨ ਐੱਲ. ਗਾਬੇਰ ਅਤੇ ਮੁੱਖ ਵਿਭਿੰਨਤਾ ਅਧਿਕਾਰੀ ਬਰੈਂਡਨ ਐੱਲ. ਵੁਲਫ ਦੇ ਦਸਤਖਤਾਂ ਹੇਠ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਹ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਬਿਆਨ ਵਿੱਚ ਕਿਹਾ ਗਿਆ ਹੈ, ”ਵਿਭਿੰਨਤਾ ਅਤੇ ਸਮਾਵੇਸ਼ ਦਫ਼ਤਰ ਵੱਲੋਂ ਸੰਸਥਾਗਤ ਅਖੰਡਤਾ ਦੇ ਸਹਿਯੋਗ ਨਾਲ ਸਾਡੇ ਪੁਲਿਸ ਵਿਭਾਗ ਵਿੱਚ ਇਸ ਹਫ਼ਤੇ ਜਾਗਰੂਕਤਾ ਟਰੇਨਿੰਗ ਵੀ ਦਿੱਤੀ ਗਈ ਅਤੇ ਕੈਂਪਸ ਵਿੱਚ ਸਾਰਿਆਂ ਨੂੰ ਸੱਭਿਆਚਾਰਕ ਸਿੱਖਿਆ ਅਤੇ ਸਿਖਲਾਈ ਦਾ ਮੌਕਾ ਦੇਣ ਲਈ ਕੰਮ ਕੀਤਾ ਜਾਂਦਾ ਰਹੇਗਾ।” ਯੂਨੀਵਰਸਿਟੀ ਨੇ ਇਸ ਕਦਮ ਵਿੱਚ ਮਦਦ ਦੇਣ ਲਈ ਗ਼ੈਰ-ਲਾਭਕਾਰੀ ਸੰਗਠਨ ‘ਦਿ ਸਿੱਖ ਕੁਲੀਸ਼ਨ’ ਅਤੇ ‘ਗਲੋਬਲ ਸਿੱਖ’ ਕਾਉਂਸਲ’ ਸਣੇ ਸਿੱਖ ਆਗੂਆਂ ਦਾ ਧੰਨਵਾਦ ਕੀਤਾ ਹੈ।