Breaking News
Home / ਦੁਨੀਆ / ਸਾਊਦੀ ਅਰਬ ‘ਚ ਭ੍ਰਿਸ਼ਟਾਚਾਰ ਦੇ ਦੋਸ਼ ਵਿਚ 11 ਰਾਜਕੁਮਾਰ ਗ੍ਰਿਫ਼ਤਾਰ

ਸਾਊਦੀ ਅਰਬ ‘ਚ ਭ੍ਰਿਸ਼ਟਾਚਾਰ ਦੇ ਦੋਸ਼ ਵਿਚ 11 ਰਾਜਕੁਮਾਰ ਗ੍ਰਿਫ਼ਤਾਰ

ਪ੍ਰਿੰਸ ਮਿਤੇਬ ਨੂੰ ਨੈਸ਼ਨਲ ਗਾਰਡ ਮੁਖੀ ਦੇ ਅਹੁਦੇ ਤੋਂ ਹਟਾਇਆ
ਰਿਆਧ/ਬਿਊਰੋ ਨਿਊਜ਼ : ਸਾਊਦੀ ਅਰਬ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਅਰਬਪਤੀ ਪ੍ਰਿੰਸ ਅਲ ਵਾਲੀਦ ਬਿਨ ਤਲਾਲ ਸਮੇਤ 11 ਪ੍ਰਿੰਸ (ਰਾਜਕੁਮਾਰ) ਅਤੇ ਦਰਜਨਾਂ ਮੌਜੂਦਾ ਤੇ ਸਾਬਕਾ ਮੰਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਇਲਾਵਾ ਸਾਊਦੀ ਸ਼ਾਹ ਸਲਮਾਨ ਨੇ ਵੱਡਾ ਫੇਰਬਦਲ ਕਰਦੇ ਹੋਏ ਨੈਸ਼ਨਲ ਗਾਰਡ ਦੇ ਮੁਖੀ ਸਮੇਤ ਦੋ ਮੰਤਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਸ਼ਾਹ ਨੇ ਯਾਊਨ ਪ੍ਰਿੰਸ (ਯੁਵਰਾਜ) ਮੁਹੰਮਦ ਬਿਨ ਸਲਮਾਨ ਦੀ ਪ੍ਰਧਾਨਗੀ ਵਿਚ ਨਵੀਂ ਭ੍ਰਿਸ਼ਟਾਚਾਰ ਵਿਰੋਧੀ ਕਮੇਟੀ ਬਣਾਉਣ ਦਾ ਐਲਾਨ ਵੀ ਕੀਤਾ। ਇਨ੍ਹਾਂ ਤਾਬੜਤੋੜ ਕਾਰਵਾਈਆਂ ਨਾਲ ਯਾਊਨ ਪ੍ਰਿੰਸ ਦੀ ਤਾਕਤ ਵਿਚ ਵਾਧਾ ਹੋਇਆ ਹੈ। ਸਰਕਾਰੀ ਟੀਵੀ ਚੈਨਲ ਅਲ ਅਰਬੀਆ ਮੁਤਾਬਿਕ 11 ਪ੍ਰਿੰਸ ਅਤੇ ਚਾਰ ਮੌਜੂਦਾ ਅਤੇ ਦਰਜਨਾਂ ਸਾਬਕਾ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਮੇਟੀ ਦੀ ਜਾਂਚ ਸ਼ੁਰੂ ਹੋਣ ‘ਤੇ ਗ੍ਰਿਫ਼ਤਾਰ ਕੀਤਾ ਗਿਆ। ਕਮੇਟੀ ਜੇਦਾਹ ਦੇ ਰੇਡ ਸੀ ਸ਼ਹਿਰ ਵਿਚ 2009 ਦੇ ਹੜ੍ਹ ਵਰਗੇ ਕਈ ਪੁਰਾਣੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਸੂਤਰਾਂ ਮੁਤਾਬਿਕ ਜੇਦਾਹ ਵਿਚ ਨਿੱਜੀ ਜਹਾਜ਼ਾਂ ਦੇ ਸੰਚਾਲਨ ‘ਤੇ ਰੋਕ ਲਗਾ ਦਿੱਤੀ ਗਈ ਹੈ ਤਾਂਕਿ ਕੋਈ ਮੁੱਖ ਵਿਅਕਤੀ ਦੇਸ਼ ਤੋਂ ਬਾਹਰ ਨਾ ਜਾ ਸਕੇ। ਇਨ੍ਹਾਂ ਕਾਰਵਾਈਆਂ ਨੂੰ 81 ਸਾਲਾ ਸ਼ਾਹ ਸਲਮਾਨ ਤੋਂ ਯਾਊਨ ਪ੍ਰਿੰਸ ਮੁਹੰਮਦ ਦੇ ਰਸਮੀ ਤੌਰ ‘ਤੇ ਸੱਤਾ ਸੰਭਾਲਣ ਤੋਂ ਪਹਿਲੇ ਅੰਦਰੂਨੀ ਗੜਬੜੀ ਨੂੰ ਖ਼ਤਮ ਕਰਨ ਦੀ ਕਵਾਇਦ ਵਜੋਂ ਵੇਖਿਆ ਜਾ ਰਿਹਾ ਹੈ। ਅਲ ਅਰਬੀਆ ਮੁਤਾਬਿਕ ਪ੍ਰਿੰਸ ਮਿਤੇਬ ਬਿਨ ਅਬਦੁੱਲਾ ਨੂੰ ਹਟਾ ਕੇ ਖਾਲਿਦ ਬਿਨ ਅੱਯਾਫ ਨੂੰ ਨੈਸ਼ਨਲ ਗਾਰਡ ਦਾ ਮੰਤਰੀ ਬਣਾਇਆ ਗਿਆ ਜਦਕਿ ਅਬਦੇਲ ਫਾਕਿਹ ਦੀ ਥਾਂ ਮੁਹੰਮਦ ਅਲ ਤੁਵੈਜਰੀ ਨੂੰ ਆਰਥਿਕ ਮੰਤਰੀ ਬਣਾਇਆ ਗਿਆ। ਪ੍ਰਿੰਸ ਮਿਤੇਬ ਮਰਹੂਮ ਸ਼ਾਹ ਅਬਦੁੱਲਾ ਦੇ ਪੁੱਤਰ ਹਨ ਅਤੇ ਇਕ ਸਮੇਂ ਉਨ੍ਹਾਂ ਨੂੰ ਤਖ਼ਤ ਦਾ ਮੁੱਖ ਦਾਅਵੇਦਾਰ ਮੰਨਿਆ ਜਾਂਦਾ ਸੀ। ਉਨ੍ਹਾਂ ਨੂੰ ਆਪਣੇ ਪਿਤਾ ਤੋਂ ਬਾਅਦ ਅੰਦਰੂਨੀ ਸੁਰੱਖਿਆ ਲਈ ਬਣੇ ਨੈਸ਼ਨਲ ਗਾਰਡ ਦਾ ਕੰਟਰੋਲ ਮਿਲਿਆ ਸੀ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …